ਦੇਸ਼ ਭਰ ’ਚ ਕਿਸਾਨਾਂ ਵਲੋਂ ਚੱਕਾ ਜਾਮ ਅੱਜ

ਦੇਸ਼ ਭਰ ’ਚ ਕਿਸਾਨਾਂ ਵਲੋਂ ਚੱਕਾ ਜਾਮ ਅੱਜ

ਦਿੱਲੀ ਦੇ ਬਾਰਡਰਾਂ ’ਤੇ ਇੰਟਰਨੈੱਟ ਸੇਵਾਵਾਂ ਬੰਦ ਕਰਨ, ਬਿਜਲੀ-ਪਾਣੀ ਕੱਟਣ ਦੇ ਵਿਰੋਧ ਅਤੇ ਗ੍ਰਿਫ਼ਤਾਰ ਅੰਦੋਲਨਕਾਰੀਆਂ ਦੀ ਰਿਹਾਈ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਭਲਕੇ ਦੇਸ਼ ਭਰ ਵਿੱਚ ਦੁਪਹਿਰ 12 ਤੋਂ 3 ਵਜੇ ਤੱਕ ਤਿੰਨ ਘੰਟਿਆਂ ਲਈ ‘ਚੱਕਾ ਜਾਮ’ ਕੀਤਾ ਜਾਵੇਗਾ। ਇਹ ਚੱਕਾ ਜਾਮ ਕੌਮੀ ਤੇ ਰਾਜ ਮਾਰਗਾਂ ਉਪਰ ਕੀਤਾ ਜਾਵੇਗਾ ਪਰ ਐਮਰਜੈਂਸੀ ਅਤੇ ਐਂਬੂਲੈਂਸ, ਸਕੂਲ ਬੱਸਾਂ ਅਤੇ ਹੋਰ ਲਾਜ਼ਮੀ ਸੇਵਾਵਾਂ ਨਾਲ ਜੁੜੇ ਵਾਹਨਾਂ ਨੂੰ ਨਹੀਂ ਰੋਕਿਆ ਜਾਵੇਗਾ। ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਚੱਕਾ ਜਾਮ ਨਹੀਂ ਕੀਤਾ ਜਾਵੇਗਾ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਇਸ ਚੱਕਾ ਜਾਮ ਦਾ ਸ਼ਾਂਤਮਈ ਢੰਗ ਨਾਲ ਸਮਰਥਨ ਕਰਕੇ ਕਿਸਾਨੀ ਘੋਲ ਵਿੱਚ ਸਹਿਯੋਗ ਦੇਣ। ਮੋਰਚੇ ਵੱਲੋਂ ਡਾ. ਦਰਸ਼ਨਪਾਲ ਨੇ ਦੱਸਿਆ ਕਿ ਚੱਕਾ ਜਾਮ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਅਹਿੰਸਕ ਹੋਵੇਗਾ। ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਅਧਿਕਾਰੀਆਂ, ਮੁਲਾਜ਼ਮਾਂ ਜਾਂ ਆਮ ਨਾਗਰਿਕਾਂ ਨਾਲ ਨਾ ਉਲਝਣ ਅਤੇ ਖ਼ੁਦ ਵੀ ਚੌਕਸੀ ਰੱਖਣ ਕਿ ਕੋਈ ਸ਼ਰਾਰਤੀ ਅਨਸਰ ਮਾਹੌਲ ਵਿਗਾੜਨ ਦੀ ਕੋਸ਼ਿਸ਼ ਨਾ ਕਰੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਦੇ ਅੰਦਰ ਕੋਈ ਚੱਕਾ ਜਾਮ ਨਹੀਂ ਕੀਤਾ ਜਾਵੇਗਾ ਕਿਉਂਕਿ ਪਹਿਲਾਂ ਹੀ ਧਰਨਿਆਂ ਨੂੰ ਜਾਂਦੀਆਂ ਸੜਕਾਂ ਬੰਦ ਹਨ ਅਤੇ ਪੁਲੀਸ ਨੇ ਵੀ ਆਮ ਲੋਕਾਂ ਦੇ ਜਾਣ ਉੱਤੇ ਰੋਕਾਂ ਲਾਈਆਂ ਹੋਈਆਂ ਹਨ। ਕਿਸਾਨ ਆਗੂ ਨੇ ਦੱਸਿਆ ਕਿ ਚੱਕਾ ਜਾਮ ਦੌਰਾਨ ਦੁਪਹਿਰ 12 ਤੋਂ 3 ਵਜੇ ਦੌਰਾਨ ਵਾਹਨਾਂ ਦੇ ਹਾਰਨ ਵਜਾ ਕੇ ‘ਕਿਸਾਨ ਏਕਤਾ’ ਦਾ ਸੰਦੇਸ਼ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਨੇ ਪੈਣਗੇ ਕਿਉਂਕਿ ਕਿਸਾਨ ਅੰਦੋਲਨ ਹੁਣ ਕੌਮਾਂਤਰੀ ਪਛਾਣ ਬਣਾ ਚੁੱਕਾ ਹੈ ਪਰ ਕੇਂਦਰ ਸਰਕਾਰ ਦੇ ਕੰਨਾਂ ਉਪਰ ਜੂੰ ਨਹੀਂ ਸਰਕ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਪੂੰਜੀਪਤੀਆਂ ਦੇ ਹੱਕ ਵਿੱਚ ਖੜ੍ਹ ਕੇ ਦੇਸ਼ ਦੇ ਅੰਨਦਾਤੇ ਦਾ ਜੀਵਨ ਤਬਾਹ ਕਰਨ ’ਚ ਲੱਗੀ ਹੋਈ ਹੈ।
ਕਾਂਗਰਸ ਵੱਲੋਂ ਚੱਕਾ ਜਾਮ ਦਾ ਸਮਰਥਨ
ਨਵੀਂ ਦਿੱਲੀ: ਕਾਂਗਰਸ ਨੇ ਕਿਸਾਨ ਯੂਨੀਅਨਾਂ ਵੱਲੋਂ ਦਿੱਤੇ 6 ਫਰਵਰੀ ਦੇ ਦੇਸ਼ਵਿਆਪੀ ਚੱਕਾ ਜਾਮ ਦੇ ਸੱਦੇ ਦਾ ਸਮਰਥਨ ਕਰਦਿਆਂ ਕਿਹਾ ਕਿ ਪ੍ਰਦਰਸ਼ਨ ਦੌਰਾਨ ਪਾਰਟੀ ਵਰਕਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਗੇ। ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਨੂਗੋਪਾਲ ਨੇ ਕਿਹਾ ਕਿ ਇਸ ਅੰਦੋਲਨ ’ਚ ਪਾਰਟੀ ਦਾ ਕਿਸਾਨਾਂ ਨੂੰ ਪੂਰਾ ਸਮਰਥਨ ਹੈ। ਕਾਂਗਰਸ ਨੇ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਰਾਜ ਸਭਾ ’ਚ ਖੇਤੀ ਕਾਨੂੰਨਾਂ ਨੂੰ ਜਾਇਜ਼ ਠਹਿਰਾਉਣ ’ਤੇ ਉਨ੍ਹਾਂ ਦੀ ਨਿਖੇਧੀ ਵੀ ਕੀਤੀ।