ਦਿੱਲੀ ਪੁਲੀਸ ਵੱਲੋਂ ਭਾਈ ਇਕਬਾਲ ਸਿੰਘ ਗ੍ਰਿਫ਼ਤਾਰ

ਦਿੱਲੀ ਪੁਲੀਸ ਵੱਲੋਂ ਭਾਈ ਇਕਬਾਲ ਸਿੰਘ ਗ੍ਰਿਫ਼ਤਾਰ

ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ’ਤੇ ਹੋਈ ਘਟਨਾ ਵਿੱਚ ਨਾਮਜ਼ਦ ਦੀਪ ਸਿੱਧੂ ਤੋਂ ਬਾਅਦ ਦਿੱਲੀ ਪੁਲੀਸ ਨੇ ਲੁਧਿਆਣਾ ਦੇ ਭਾਈ ਇਕਬਾਲ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਭਾਈ ਇਕਬਾਲ ਸਿੰਘ ’ਤੇ ਦਿੱਲੀ ਪੁਲੀਸ ਨੇ ਦੋਸ਼ ਲਾਏ ਸਨ ਕਿ ਉਨ੍ਹਾਂ ਲਾਲ ਕਿਲ੍ਹੇ ’ਤੇ ਹੋਈ ਘਟਨਾ ਦੌਰਾਨ ਲੋਕਾਂ ਨੂੰ ਲਾਲ ਕਿਲ੍ਹੇ ਅੰਦਰ ਜਾਣ ਲਈ ਭੜਕਾਇਆ ਸੀ। ਭਾਈ ਇਕਬਾਲ ਸਿੰਘ ਨੂੰ ਮੈਟਰੋਪੋਲਿਟਨ ਜੱਜ ਪੂਰਵਾ ਮਹਿਰਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ 7 ਦਿਨ ਲਈ ਪੁਲੀਸ ਦੀ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਭਾਈ ਇਕਬਾਲ ਸਿੰਘ ’ਤੇ ਪੁਲੀਸ ਨੇ 50 ਹਜ਼ਾਰ ਰੁਪਏ ਇਨਾਮ ਵੀ ਰੱਖਿਆ ਗਿਆ ਸੀ। ਕਥਾਵਾਚਕ ਭਾਈ ਇਕਬਾਲ ਸਿੰਘ ਲੁਧਿਆਣਾ ਦੇ ਨਿਊ ਅਸ਼ੋਕ ਨਗਰ ਦੇ ਰਹਿਣ ਵਾਲੇ ਹਨ। ਇਸ ਵੇਲੇ ਘਰ ’ਚ ਸਿਰਫ਼ ਬਜ਼ੁਰਗ ਮਾਤਾ-ਪਿਤਾ ਹੀ ਹਨ। ਪੁਲੀਸ ਨੇ ਉਸ ਨੂੰ ਹੁਸ਼ਿਆਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਕਬਾਲ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਉਸ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸਾਨ ਅੰਦੋਲਨ ’ਚ ਕੀ ਹੋ ਰਿਹਾ ਹੈ, ਗਣਤੰਤਰ ਦਿਵਸ ਵਾਲੇ ਦਿਨ ਕੀ ਹੋਇਆ, ਬਾਰੇ ਕੁਝ ਵੀ ਪਤਾ ਨਹੀਂ ਹੈ। ਉਨ੍ਹਾਂ ਦੇ ਲੜਕੇ ਨੂੰ ਛੱਡ ਦਿੱਤਾ ਜਾਵੇ, ਕਿਉਂਕਿ ਉਸ ਤੋਂ ਇਲਾਵਾ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਹੋਰ ਕੋਈ ਨਹੀਂ ਹੈ। ਇਕਬਾਲ ਸਿੰਘ ਦੇ ਪਿਤਾ ਸਰਦਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਕਥਾਵਾਚਕ ਹੈ। ਉਸ ਦੇ ਸਹਾਰੇ ਹੀ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ। ਗਣਤੰਤਰ ਦਿਵਸ ਤੋਂ ਪਹਿਲਾਂ ਉਹ ਘਰ ਇਹ ਆਖ ਕੇ ਗਿਆ ਸੀ ਕਿ ਉਹ ਕਿਸਾਨ ਅੰਦੋਲਨ ’ਚ ਜਾ ਰਿਹਾ ਹੈ। ਭਾਈ ਇਕਬਾਲ ਸਿੰਘ ਦੀਆਂ 2 ਲੜਕੀਆਂ ਹਨ। ਥਾਣਾ ਸਲੇਮ ਟਾਬਰੀ ਦੇ ਇੰਚਾਰਜ ਕ੍ਰਿਸ਼ਨ ਗੋਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਇਲਾਕੇ ਵਿੱਚ ਦਿੱਲੀ ਪੁਲੀਸ ਨੇ ਛਾਪਾ ਮਾਰਿਆ ਹੈ। ਇਸ ਕਾਰਨ ਉਹ ਭਾਈ ਇਕਬਾਲ ਸਿੰਘ ਦੇ ਘਰ ਗਏ ਸਨ, ਉਥੇ ਸਿਰਫ਼ ਉਸ ਦੇ ਮਾਤਾ ਪਿਤਾ ਹੀ ਸਨ।