ਤਰਨ ਤਾਰਨ 'ਚ ਜ਼ਹਿਰੀਲੀ ਸ਼ਰਾਬ ਨਾਲ 42 ਹੋਰ ਮੌਤਾਂ-ਗਿਣਤੀ 63 ਹੋਈ

ਤਰਨ ਤਾਰਨ 'ਚ ਜ਼ਹਿਰੀਲੀ ਸ਼ਰਾਬ ਨਾਲ 42 ਹੋਰ ਮੌਤਾਂ-ਗਿਣਤੀ 63 ਹੋਈ

ਤਰਨ ਤਾਰਨ, ਜ਼ਿਲ੍ਹਾ ਤਰਨ ਤਾਰਨ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਅੱਜ 42 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ ਕਈ ਵਿਅਕਤੀ ਹਸਪਤਾਲ 'ਚ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੇ ਹਨ | ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 63 ਹੋ ਗਈ ਹੈ | ਮਰਨ ਵਾਲਿਆਂ 'ਚ ਲਗਪਗ ਸਾਰੇ ਹੀ ਵਿਅਕਤੀ ਗਰੀਬ ਵਰਗ ਨਾਲ ਸਬੰਧਿਤ ਹਨ, ਜੋ ਕਿ ਰੋਜ਼ਾਨਾ ਹੀ ਦਿਹਾੜੀ ਦੱਪੇ ਤੋਂ ਬਾਅਦ ਰਾਤ ਨੂੰ ਇਹ ਸਸਤੀ ਸ਼ਰਾਬ ਲੈ ਕੇ ਪੀਂਦੇ ਸਨ | ਤਰਨ ਤਾਰਨ 'ਚ ਮਿ੍ਤਕਾਂ ਦੇ ਸਰੀਰਾਂ ਦਾ ਅੰਤਿਮ ਸੰਸਕਾਰ ਕਰਨ ਲਈ ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਥਾਨਕ ਸ਼ਮਸ਼ਾਨਘਾਟ ਪਹੁੰਚੇ ਤਾਂ ਉਥੇ ਜਗ੍ਹਾ ਨਾ ਮਿਲਣ ਕਾਰਨ ਉਨ੍ਹਾਂ ਨੂੰ ਦੂਸਰੇ ਸ਼ਮਸ਼ਾਨਘਾਟਾ 'ਚ ਜਾ ਕੇ ਅੰਤਿਮ ਸੰਸਕਾਰ ਕਰਨਾ ਪਿਆ | ਭਾਵੇਂ ਪੁਲਿਸ ਨੇ ਇਸ ਮਾਮਲੇ 'ਚ ਕੁਝ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਪਰ ਮਿ੍ਤਕਾਂ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਇਨ੍ਹਾਂ ਮੌਤਾਂ ਲਈ ਹਲਕੇ ਦੇ ਸਿਆਸੀ ਆਗੂਆਂ ਨੂੰ ਜ਼ਿੰਮੇਵਾਰ ਦੱਸ ਰਹੇ ਹਨ, ਜਦਕਿ ਕਈ ਵਿਅਕਤੀਆਂ ਨੇ ਤਾਂ ਇਸ ਮਾਮਲੇ 'ਚ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਦੇ ਇਕ ਪੀ.ਏ. ਦਾ ਨਾਂਅ ਵੀ ਲੈ ਕੇ ਉਸ ਿਖ਼ਲਾਫ਼ ਕਾਰਵਾਈ ਦੀ ਮੰਗ ਕੀਤੀ ਹੈ | ਵਰਣਨਯੋਗ ਹੈ ਕਿ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਸ਼ੁੱਕਰਵਾਰ ਨੂੰ 42 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਬਹੁਤ ਸਾਰੇ ਵਿਅਕਤੀ ਗੰਭੀਰ ਹਾਲਤ 'ਚ ਹਸਪਤਾਲਾਂ 'ਚ ਦਾਖ਼ਲ ਹਨ | ਸ਼ੁੱਕਰਵਾਰ ਦੇਰ ਸ਼ਾਮ ਨੂੰ ਤੇ ਸਨਿੱਚਰਵਾਰ ਸਵੇਰੇ 42 ਹੋਰ ਵਿਅਕਤੀ ਸ਼ਰਾਬ ਦੇ ਸੇਵਨ ਨਾਲ ਮਰ ਗਏ ਹਨ | ਮਰਨ ਵਾਲਿਆਂ 'ਚ ਗੁਰਵੇਲ ਸਿੰਘ ਵਾਸੀ ਬੱਚੜੇ, ਪ੍ਰਕਾਸ਼ ਸਿੰਘ ਵਾਸੀ ਭੁੱਲਰ, ਸੁਦੇਸ਼ ਕੁਮਾਰ ਵਾਸੀ ਕੱਲ੍ਹਾ, ਰਸ਼ਪਾਲ ਸਿੰਘ ਵਾਸੀ ਕੱਲ੍ਹਾ, ਮੁਖਤਾਰ ਸਿੰਘ ਵਾਸੀ ਕੰਗ, ਪ੍ਰਮੋਦ ਕੁਮਾਰ ਵਾਸੀ ਕੰਗ, ਲਖਵਿੰਦਰ ਸਿੰਘ ਸੋਨੀ ਵਾਸੀ ਕੰਗ, ਪ੍ਰੀਤਮ ਸਿੰਘ ਵਾਸੀ ਕੰਗ, ਜਸਪਾਲ ਸਿੰਘ ਵਾਸੀ ਕੰਗ, ਬਚਿੱਤਰ ਸਿੰਘ ਵਾਸੀ ਮੁਹੱਲਾ ਨਾਨਕਸਰ, ਨਿਰਮਲ ਸਿੰਘ ਵਾਸੀ ਮੁਹੱਲਾ ਨਾਨਕਸਰ, ਦਰਸ਼ਨ ਸਿੰਘ ਵਾਸੀ ਮੁਹੱਲਾ ਨਾਨਕਸਰ, ਧਰਮਿੰਦਰ ਸਿੰਘ, ਪ੍ਰਮਜੀਤ ਸਿੰਘ, ਦਾਰਾ ਸਿੰਘ, ਸੋਨੀ, ਰੋਸ਼ੀ, ਰਾਣਾ, ਲਾਲ ਸਿੰਘ ਸਾਰੇ ਵਾਸੀ ਮੁਹੱਲਾ ਗੋਕਲਪੁਰਾ ਨਾਲ ਸਬੰਧਿਤ ਹਨ | ਤਰਨ ਤਾਰਨ ਦੇ ਐੱਸ.ਐੱਸ.ਪੀ. ਧਰੁਮਨ ਐੱਚ ਨਿੰਬਾਲੇ ਨੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲੇ 63 ਵਿਅਕਤੀਆਂ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ ਇਸ ਮਾਮਲੇ 'ਚ ਜੇਕਰ ਹੋਰ ਵਿਅਕਤੀ ਵੀ ਸਾਹਮਣੇ ਆਉਂਦੇ ਹਨ ਤਾਂ ਉਨ੍ਹਾਂ ਬਾਰੇ ਵੀ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ | ਸਨਿੱਚਰਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਵੀ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾ. ਰੋਹਿਤ ਮਹਿਤਾ ਦੀ ਅਗਵਾਈ ਹੇਠ ਡਾਕਟਰਾਂ ਵਲੋਂ ਮਿ੍ਤਕਾਂ ਦਾ ਪੋਸਟਮਾਰਟਮ ਕੀਤਾ ਗਿਆ | ਸਿਵਲ ਹਸਪਤਾਲ 'ਚ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਵੱਡੀ ਭੀੜ ਦਿਖਾਈ ਦੇ ਰਹੀ ਸੀ | ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਗਿਆ ਹਲਕਾ ਖਡੂਰ ਸਾਹਿਬ 'ਚ ਸਿਆਸੀ ਸਰਪ੍ਰਸਤੀ ਹੇਠ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਵੱਡੇ ਪੱਧਰ 'ਤੇ ਚੱਲ ਰਿਹਾ ਹੈ, ਜਿਸ ਕਾਰਨ ਸ਼ਰਾਬ ਪੀਣ ਨਾਲ ਏਨੇ ਵੱਡੇ ਪੱਧਰ 'ਤੇ ਲੋਕਾਂ ਦੀ ਮੌਤ ਹੋਈ ਹੈ | ਉਨ੍ਹਾਂ ਮੰਗ ਕੀਤੀ ਕਿ ਹਲਕਾ ਖਡੂਰ ਸਾਹਿਬ 'ਚ ਵੱਡੇ ਪੱਧਰ 'ਤੇ ਵੇਚੀ ਜਾ ਰਹੀ ਨਾਜਾਇਜ਼ ਸ਼ਰਾਬ ਦੀ ਉੱਚ-ਪੱਧਰੀ ਜਾਂਚ ਕਰਵਾਈ ਜਾਵੇ ਤੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਦੇ ਨਾਲ-ਨਾਲ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਸਿਆਸੀ ਆਗੂਆਂ ਤੇ ਪੁਲਿਸ ਕਰਮਚਾਰੀਆਂ ਿਖ਼ਲਾਫ਼ ਵੀ ਕਾਰਵਾਈ ਕੀਤੀ ਜਾਵੇ |