ਸੀਏਏ ਵਿਰੋਧੀਆਂ ਤੇ ਹਮਾਇਤੀਆਂ ’ਚ ਝੜਪ

ਸੀਏਏ ਵਿਰੋਧੀਆਂ ਤੇ ਹਮਾਇਤੀਆਂ ’ਚ ਝੜਪ

ਉੱਤਰਪੂਰਬੀ ਦਿੱਲੀ ਦੇ ਜਾਫ਼ਰਾਬਾਦ ਨੇੜੇ ਸੋਧੇ ਹੋਏ ਨਾਗਰਿਕਤਾ ਐਕਟ (ਸੀਏਏ) ਦਾ ਵਿਰੋਧ ਤੇ ਇਸ ਦੇ ਹੱਕ ਵਿੱਚ ਖੜ੍ਹਨ ਵਾਲੀਆਂ ਦੋ ਧਿਰਾਂ ’ਚ ਅੱਜ ਦੁਪਹਿਰੇ ਝੜਪ ਹੋ ਗਈ। ਮੌਜਪੁਰ ਵਿੱਚ ਹੋਏ ਟਕਰਾਅ ਦੌਰਾਨ ਦੋਵਾਂ ਧਿਰਾਂ ਨੇ ਇਕ ਦੂਜੇ ’ਤੇ ਜੰਮ ਕੇ ਪੱਥਰਬਾਜ਼ੀ ਕੀਤੀ। ਪੁਲੀਸ ਨੇ ਦੋਵਾਂ ਧਿਰਾਂ ਨੂੰ ਖਿੰਡਾਉਣ ਲਈ ਅਥਰੂ ਗੈਸ ਦੇ ਗੋਲੇ ਵੀ ਦਾਗ਼ੇ। ਇਹਤਿਆਤ ਵਜੋਂ ਮੌਜਪੁਰ ਤੇ ਬਾਬਰਪੁਰ ਮੈਟਰੋ ਸਟੇਸ਼ਨਾਂ ਦੇ ਦਾਖ਼ਲਾ ਤੇ ਬਾਹਰ ਜਾਣ ਵਾਲੇ ਗੇਟਾਂ ਨੂੰ ਬੰਦ ਕਰਨਾ ਪਿਆ।
ਇਸ ਤੋਂ ਪਹਿਲਾਂ ਜਾਫ਼ਰਾਬਾਦ ਸਟੇਸ਼ਨ ਦੇ ਬਾਹਰ ਸੈਂਕੜੇ ਧਰਨਾਕਾਰੀਆਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ਔਰਤਾਂ ਦੀ ਸੀ, ਵੱਲੋਂ ਸ਼ਾਹੀਨ ਬਾਗ਼ ਦੀ ਤਰਜ਼ ’ਤੇ ਸੀਏਏ ਤੇ ਐੱਨਆਰਸੀ ਦੇ ਵਿਰੋਧ ਵਿੱਚ ਲਾਏ ਧਰਨੇ ਮਗਰੋਂ ਸਟੇਸ਼ਨ ਦੇ ਗੇਟ ਨੂੰ ਵੀ ਬੰਦ ਕਰ ਦਿੱਤਾ ਗਿਆ। ਧਰਨਕਾਰੀ ਸ਼ਨਿੱਚਰਵਾਰ ਰਾਤ ਨੂੰ ਹੀ ਸਟੇਸ਼ਨ ਦੇ ਬਾਹਰ ਡਟ ਗਏ ਸਨ। ਸੀਏਏ ਦੀ ਹਮਾਇਤ ਕਰਨ ਵਾਲੀ ਧਿਰ ਨੂੰ ਭਾਜਪਾ ਆਗੂ ਕਪਿਲ ਮਿਸ਼ਰਾ ਨੇ ਮੌਜਪੂਰ ਟਰੈਫ਼ਿਕ ਸਿਗਨਲ ਨਜ਼ਦੀਕ ਇਕੱਤਰ ਹੋਣ ਦਾ ਸੱਦਾ ਦਿੱਤਾ ਸੀ। ਦੁਪਹਿਰ ਬਾਅਦ ਦੋਵਾਂ ਧਿਰਾਂ ’ਚ ਝੜਪ ਹੋ ਗਈ। ਮਿਸ਼ਰਾ ਨੇ ਮਗਰੋਂ ਇਕ ਟਵੀਟ ’ਚ ਕਿਹਾ, ‘ਅਸੀਂ ਦਿੱਲੀ ਪੁਲੀਸ ਨੂੰ ਸੜਕ ਖਾਲੀ ਕਰਵਾਉਣ ਲਈ ਤਿੰਨ ਦਿਨ ਦਾ ਅਲਟੀਮੇਟਮ ਦਿੱਤਾ ਸੀ। ਜਾਫ਼ਰਾਬਾਦ ਤੇ ਚਾਂਦਬਾਗ਼ ਸੜਕਾਂ ਨੂੰ ਖਾਲੀ ਕਰਵਾਇਆ ਜਾਵੇ।’ ਮਿਸ਼ਰਾ ਨੇ ਇਕ ਵੀਡੀਓ ਟਵੀਟ ਵੀ ਕੀਤਾ, ਜਿਸ ਵਿੱਚ ਉਹ ਇਕੱਠ ਨੂੰ ਸੰਬੋਧਨ ਕਰਦੇ ਨਜ਼ਰ ਆ ਰਹੇ ਹਨ। ਮਿਸ਼ਰਾ ਨੇ ਕਿਹਾ, ‘ਉਹ (ਪ੍ਰਦਰਸ਼ਨਕਾਰੀ) ਦਿੱਲੀ ਵਿੱਚ ਮੁਸੀਬਤਾਂ ਪੈਦਾ ਕਰਨਾ ਚਾਹੁੰਦੇ ਹਨ। ਸੜਕਾਂ ਘੇਰਨ ਦੀ ਇਹੀ ਵਜ੍ਹਾ ਹੈ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੂੰ ਦੰਗਿਆਂ ਵਾਲੇ ਹਾਲਾਤ ਬਣਾ ਛੱਡੇ ਹਨ। ਅਸੀਂ ਕਿਸੇ ਨੂੰ ਪੱਥਰ ਨਹੀਂ ਮਾਰੇ।’ ਮਿਸ਼ਰਾ ਨੇ ਕਿਹਾ, ‘ਜਿੰਨੀ ਦੇਰ ਅਮਰੀਕੀ ਰਾਸ਼ਟਰਪਤੀ ਭਾਰਤ ਵਿੱਚ ਹੈ, ਅਸੀਂ ਖੇਤਰ ਵਿੱਚ ਸ਼ਾਂਤੀ ਬਹਾਲ ਰੱਖਾਂਗੇ। ਇਸ ਮਗਰੋਂ ਜੇਕਰ ਸੜਕਾਂ ਖਾਲੀ ਨਾ ਹੋਈਆਂ ਤਾਂ ਅਸੀਂ ਉਨ੍ਹਾਂ (ਪੁਲੀਸ) ਦੀ ਇਕ ਨਹੀਂ ਸੁਣਾਂਗੇ।’ ਮਿਸ਼ਰਾ ਦੀ ਅਗਵਾਈ ਵਾਲੇ ਧੜੇ ’ਚ ਸ਼ਾਮਲ ਮੌਜਪੁਰ ਵਾਸੀ ਅਮਨ ਸ਼ਰਮਾ (22) ਨੇ ਕਿਹਾ, ‘ਲਗਪਗ ਦੁਪਹਿਰੇ ਢਾਈ ਵਜੇ ਦੇ ਕਰੀਬ ਉਨ੍ਹਾਂ (ਸੀਏਏ ਵਿਰੋਧੀ ਪ੍ਰਦਰਸ਼ਨਕਾਰੀਆਂ) ਨੇ ਪੱਥਰ ਮਾਰੇ ਤੇ ਕੱਚ ਦੀਆਂ ਬੋਤਲਾਂ ਮਾਰੀਆਂ।’
ਕਾਬਿਲੇਗੌਰ ਹੈ ਕਿ ਸੀਏਏ ਤੇ ਐੱਨਆਰਸੀ ਦਾ ਵਿਰੋਧ ਕਰ ਰਹੀਆਂ ਪੰਜ ਸੌ ਤੋਂ ਵੱਧ ਔਰਤਾਂ ਸ਼ਨਿੱਚਰਵਾਰ ਰਾਤ ਨੂੰ ਸ਼ਾਹੀਨ ਬਾਗ਼ ਦੀ ਤਰਜ਼ ’ਤੇ ਉੱਤਰ-ਪੂਰਬੀ ਦਿੱਲੀ ਦੇ ਜਾਫ਼ਰਾਬਾਦ ਮੈਟਰੋ ਸਟੇਸ਼ਨ ਦੇ ਬਾਹਰ ਧਰਨੇ ’ਤੇ ਬੈਠ ਗਈਆਂ ਸਨ। ਜਿਸ ਮਗਰੋਂ ਪੁਲੀਸ ਤੇ ਨੀਮ ਫੌਜੀ ਬਲਾਂ ਨੂੰ ਉਥੇ ਤਾਇਨਾਤ ਕਰਨਾ ਪਿਆ। ਪ੍ਰਦਰਸ਼ਨਕਾਰੀ ਔਰਤਾਂ ਨੇ ਰੋਡ ਨੰਬਰ 66 ਨੂੰ ਬਲਾਕ ਕੀਤੀ, ਜੋ ਸੀਲਮਪੁਰ ਨੂੰ ਮੌਜਪੁਰ ਤੇ ਯਮੁਨਾ ਵਿਹਾਰ ਨਾਲ ਜੋੜਦੀ ਹੈ ਜਦੋਂਕਿ ਪੁਲੀਸ ਨੇ ਇਹਤਿਆਤ ਵਜੋਂ ਮੈਟਰੋ ਸਟੇਸ਼ਨ ਦੇ ਦਾਖ਼ਲੇ ਤੇ ਬਾਹਰ ਜਾਣ ਦੇ ਰਸਤੇ ਨੂੰ ਬੰਦ ਕਰ ਦਿੱਤਾ। ਧਰਨੇ ’ਤੇ ਬੈਠੇ ਪ੍ਰਦਰਸ਼ਨਕਾਰੀਆਂ ਨੇ ਕੌਮੀ ਝੰਡਾ ਚੁੱਕਿਆ ਹੋਇਆ ਸੀ ਤੇ ਉਨ੍ਹਾਂ ‘ਆਜ਼ਾਦੀ’ ਦੇ ਨਾਅਰੇ ਲਾਏ। ਕੁਝ ਨੇ ਸਿਰਾਂ ’ਤੇ ਨੀਲੇ ਰੰਗ ਦੇ ਬੈਂਡ ਬੰਨ੍ਹੇ ਸੀ ਤੇ ਉਹ ‘ਜੈ ਭੀਮ’ ਦੇ ਨਾਅਰੇ ਲਾ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਇਹ ਧਰਨਾ ਸੀਏਏ ਤੇ ਐੱਨਆਰਸੀ ਖ਼ਿਲਾਫ਼ ਹੀ ਨਹੀਂ ਬਲਕਿ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਵੱਲੋਂ ਤਰੱਕੀਆਂ ’ਚ ਰਾਖਵੇਂਕਰਨ ਦੀ ਮੰਗ ਲਈ ਦਿੱਤੇ ‘ਭਾਰਤ ਬੰਦ’ ਦੇ ਸੱਦੇ ਦੀ ਵੀ ਹਮਾਇਤ ਕਰਦਾ ਹੈ। ਧਰਨਾਕਾਰੀ ਔਰਤਾਂ ’ਚ ਸ਼ਾਮਲ ਬੁਸ਼ਰਾ ਨੇ ਕਿਹਾ ਕਿ ਉਹ ਸੀਏਏ ਨੂੰ ਵਾਪਸ ਲਏ ਜਾਣ ਤਕ ਇਥੇ ਡਟੇ ਰਹਿਣਗੇ। ਉਧਰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਇਕ ਟਵੀਟ ਵਿੱਚ ਕਿਹਾ ਕਿ ਜਾਫ਼ਰਾਬਾਦ ਮੈਟਰੋ ਸਟੇਸ਼ਨ ਦੇ ਦਾਖ਼ਲਾ ਤੇ ਬਾਹਰ ਜਾਣ ਵਾਲੇ ਰਸਤੇ ਬੰਦ ਕਰ ਦਿੱਤੇ ਹਨ ਤੇ ਇਸ ਸਟੇਸ਼ਨ ’ਤੇ ਹੁਣ ਕੋਈ ਟਰੇਨ ਨਹੀਂ ਰੁਕੇਗੀ। 

ad