ਇੰਗਲੈਂਡ ਨੇ ਟੀ-20 ਲੜੀ ਬਰਾਬਰ ਕੀਤੀ

ਇੰਗਲੈਂਡ ਨੇ ਟੀ-20 ਲੜੀ ਬਰਾਬਰ ਕੀਤੀ

ਟੌਮ ਕਰਨ ਦੀਆਂ ਆਖ਼ਰੀ ਦੋ ਗੇਂਦਾਂ ਵਿੱਚ ਦੋ ਵਿਕਟਾਂ ਝਟਕਣ ਨਾਲ ਇੰਗਲੈਂਡ ਨੇ ਦੂਜੇ ਟੀ-20 ਕੌਮਾਂਤਰੀ ਮੁਕਾਬਲੇ ਵਿੱਚ ਦੱਖਣੀ ਅਫਰੀਕਾ ’ਤੇ ਦੋ ਦੌੜਾਂ ਨਾਲ ਰੋਮਾਂਚਕ ਜਿੱਤ ਹਾਸਲ ਕੀਤੀ, ਜਿਸ ਨਾਲ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਹੋ ਗਈ। ਇਸ ਮੁਕਾਬਲੇ ਦੌਰਾਨ ਦੋਵਾਂ ਪਾਰੀਆਂ ਵਿੱਚ 30 ਛੱਕੇ ਲੱਗੇ। ਹੁਣ ਲੜੀ ਦਾ ਫ਼ੈਸਲਾ ਐਤਵਾਰ ਨੂੰ ਸੈਂਚੁਰੀਅਨ ਵਿੱਚ ਹੋਣ ਵਾਲੇ ਤੀਜੇ ਅਤੇ ਆਖ਼ਰੀ ਮੈਚ ਦੇ ਨਤੀਜੇ ’ਤੇ ਨਿਰਭਰ ਹੋਵੇਗਾ।
ਇੰਗਲੈਂਡ ਨੇ ਪਹਿਲਾਂ ਖੇਡਦਿਆਂ ਸੱਤ ਵਿਕਟਾਂ ’ਤੇ 204 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ ‘ਮੈਨ ਆਫ ਦਿ ਮੈਚ’ ਮੋਈਨ ਅਲੀ ਨੇ 11 ਗੇਂਦਾਂ ਵਿੱਚ ਤੇਜ਼ੀ ਨਾਲ 39 ਦੌੜਾਂ ਬਣਾਈਆਂ। ਅਲੀ ਨੇ ਛੇਵੀਂ ਵਿਕਟ ਲਈ ਬੈਨ ਸਟੋਕਸ (ਨਾਬਾਦ 47 ਦੌੜਾਂ) ਨਾਲ ਮਿਲ ਕੇ 18 ਗੇਂਦਾਂ ਵਿੱਚ 51 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤਰ੍ਹਾਂ ਮਹਿਮਾਨ ਟੀਮ ਨੇ ਆਖ਼ਰੀ ਪੰਜ ਓਵਰਾਂ ਵਿੱਚ 79 ਦੌੜਾਂ ਲਈਆਂ। ਇਸ ਦੇ ਜਵਾਬ ਵਿੱਚ ਦੱਖਣੀ ਅਫਰੀਕਾ ਦੀ ਟੀਮ ਸੱਤ ਵਿਕਟਾਂ ’ਤੇ 202 ਦੌੜਾਂ ਹੀ ਬਣਾ ਸਕੀ। ਦੱਖਣੀ ਅਫਰੀਕਾ ਦੇ ਕਪਤਾਨ ਕੁਇੰਟਨ ਡੀਕੌਕ ਨੇ 22 ਗੇਂਦਾਂ ਵਿੱਚ ਅੱਠ ਛੱਕਿਆਂ ਦੀ ਮਦਦ ਨਾਲ 65 ਦੌੜਾਂ ਦੀ ਪਾਰੀ ਖੇਡੀ। ਉਸ ਨੇ ਤੇਂਬਾ ਬਾਵੁਮਾ ਨਾਲ 92 ਦੌੜਾਂ ਦੀ ਭਾਈਵਾਲੀ ਕੀਤੀ।
ਮਾਰਕ ਵੁੱਡ ਨੇ ਇੰਨਾ ਦੋਵਾਂ ਸਲਾਮੀ ਬੱਲੇਬਾਜ਼ਾਂ ਦੀਆਂ ਵਿਕਟਾਂ ਝਟਕਾਈਆਂ, ਪਰ ਰੌਸੀ ਵਨ ਡਰ ਡੁਸੇਨ (ਨਾਬਾਦ 43 ਦੌੜਾਂ) ਅਤੇ ਡਵੈਨ ਪ੍ਰੀਟੋਰੀਅਸ (25 ਦੌੜਾਂ) ਨੇ ਦੱਖਣੀ ਅਫਰੀਕਾ ਦੇ ਕਰੀਬ ਤੱਕ ਪਹੁੰਚਾ ਦਿੱਤਾ ਸੀ। ਇਸ ਤਰ੍ਹਾਂ ਟੀਮ ਨੂੰ ਆਖ਼ਰੀ ਓਵਰ ਵਿੱਚ ਜਿੱਤ ਲਈ 15 ਦੌੜਾਂ ਦੀ ਲੋੜ ਸੀ, ਜਿਸ ਵਿੱਚ ਪ੍ਰੀਟੋਰੀਅਸ ਨੇ 12 ਦੌੜਾਂ ਬਣਾਈਆਂ, ਪਰ ਉਹ ਯਾਰਕਰ ਗੇਂਦ ’ਤੇ ਐੱਲਬੀਡਬਲਯੂ ਆਊਟ ਹੋ ਗਿਆ। ਇੰਗਲੈਂਡ ਨੂੰ ਆਖ਼ਰੀ ਦੋ ਗੇਂਦਾਂ ਵਿੱਚ ਤਿੰਨ ਦੌੜਾਂ ਦੀ ਲੋੜ ਸੀ, ਪਰ ਟੀਮ ਨੇ ਪ੍ਰੀਟੋਰੀਅਸ ਦੀ ਵਿਕਟ ਗੁਆ ਲਈ। ਬੋਰਨ ਫੋਰਟੁਈਨ ਨੇ ਆਖ਼ਰੀ ਗੇਂਦ ਨੂੰ ਫਲਿੱਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਆਦਿਲ ਰਾਸ਼ਿਦ ਨੂੰ ਕੈਚ ਦੇ ਕੇ ਆਊਟ ਹੋ ਗਿਆ। ਦੋਵਾਂ ਟੀਮਾਂ ਵਿਚਾਲੇ ਪਹਿਲਾ ਮੈਚ ਵੀ ਰੋਮਾਂਚਕ ਰਿਹਾ ਸੀ, ਜੋ ਦੱਖਣੀ ਅਫਰੀਕਾ ਨੇ ਆਖ਼ਰੀ ਪਲਾਂ ਵਿੱਚ ਇੱਕ ਦੌੜ ਨਾਲ ਜਿੱਤਿਆ। ਡੀਕੌਕ ਨੇ ਮੈਚ ਮਗਰੋਂ ਕਿਹਾ, ‘‘ਦੋਵੇਂ ਟੀਮਾਂ ਬਹੁਤ ਵਧੀਆ ਕ੍ਰਿਕਟ ਖੇਡੀਆਂ। ਇੰਗਲੈਂਡ ਨੇ ਡੈੱਥ ਓਵਰਾਂ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ।’’
 

sant sagar