‘ਇੰਡੀਆ ਮਾਇ ਵੈਲੇਨਟਾਈਨ’ ਮੁਹਿੰਮ ਜਸ਼ਨ ਹੈ, ਰੋਸ ਨਹੀਂ: ਸਵਰਾ

‘ਇੰਡੀਆ ਮਾਇ ਵੈਲੇਨਟਾਈਨ’ ਮੁਹਿੰਮ ਜਸ਼ਨ ਹੈ, ਰੋਸ ਨਹੀਂ: ਸਵਰਾ

ਅਦਾਕਾਰਾ ਸਵਰਾ ਭਾਸਕਰ ਨੇ ਦੱਸਿਆ ਕਿ ‘ਇੰਡੀਆ ਮਾਇ ਵੈਲੇਨਟਾਈਨ’ ਮੁਹਿੰਮ ਤਹਿਤ 30 ਤੋਂ ਵੱਧ ਕਲਾਕਾਰ ਮੁਲਕ ਭਰ ’ਚ ਸਨੇਹ ਅਤੇ ਏਕੇ ਦਾ ਜਸ਼ਨ ਮਨਾ ਰਹੇ ਹਨ। ਅਭਿਨੇਤਰੀ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੰਤਵ ਵਿਚਾਰ-ਚਰਚਾ ਨੂੰ ‘ਈਕੋ ਚੈਂਬਰ’ ਤੋਂ ਬਾਹਰ ਲਿਜਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ। ਸਵਰਾ ਨੇ ਕਿਹਾ ਕਿ ਅਸੀਂ ਉਨ੍ਹਾਂ ਨਾਲ ਹੀ ਗੱਲ ਕਰ ਰਹੇ ਹਾਂ ਜੋ ਪਹਿਲਾਂ ਹੀ ਸਹਿਮਤ ਹਨ। ਹੁਣ ਇਸ ਤੋਂ ਅੱਗੇ ਵਧਣ ਦੀ ਵਾਰੀ ਹੈ। ਸਵਰਾ ਤੋਂ ਇਲਾਵਾ ਨਿਰਮਾਤਾ ਆਦਿਤੀ ਆਨੰਦ, ਕਾਰਕੁਨ ਫਹਾਦ ਅਹਿਮਦ ਤੇ ਮਿਤਾਲੀ ਭਸੀਨ ਇਸ ਮੁਹਿੰਮ ਦਾ ਹਿੱਸਾ ਹਨ। ਇਸ ਨੂੰ 14 ਫਰਵਰੀ ਨੂੰ ਦਿੱਲੀ ਤੋਂ ਸ਼ੁਰੂ ਕੀਤਾ ਗਿਆ ਤੇ ਇਹ 16 ਨੂੰ ਮੁੰਬਈ ਵਿਚ ਮੁੱਕੇਗੀ।
ਸਵਰਾ ਨੇ ਕਿਹਾ ਕਿ ਇਹ ਉਨ੍ਹਾਂ ਨੂੰ ਨਾਲ ਲੈ ਕੇ ਚੱਲਣ ਦੀ ਮੁਹਿੰਮ ਹੈ ਜੋ ‘ਨਫ਼ਰਤ ਦੀ ਵਿਚਾਰਧਾਰਾ’ ਤੋਂ ਦੂਰ ਹਨ, ਪਰ ਰੋਸ ਮੁਜ਼ਾਹਰਿਆਂ ’ਚ ਖੁੱਲ੍ਹੇਆਮ ਹਿੱਸਾ ਲੈਣ ਤੋਂ ਵੀ ਕਤਰਾਉਂਦੇ ਹਨ। ਉਨ੍ਹਾਂ ਕਿਹਾ ਕਿ ਧਰੁਵੀਕਰਨ ਬਹੁਤ ਜ਼ਿਆਦਾ ਹੈ। ਕੁਝ ਲੋਕ ਰੋਸ ਮੁਜ਼ਾਹਰਿਆਂ ਦਾ ਹਿੱਸਾ ਬਣ ਰਹੇ ਹਨ, ਪਰ ਕੁਝ ਲੋਕ ਅਜਿਹੇ ਹਨ ਜੋ ਨਫ਼ਰਤੀ ਵਿਚਾਰਧਾਰਾ ਤੋਂ ਤਾਂ ਇਨਕਾਰੀ ਹਨ, ਪਰ ਪਰਿਪੱਕ ਢੰਗ ਨਾਲ ਸਿਆਸਤ ਤੇ ਰੋਸ ਦੇ ਪ੍ਰਗਟਾਵੇ ’ਚ ਦਿਲਚਸਪੀ ਨਹੀਂ ਲੈ ਰਹੇ। ਇਨ੍ਹਾਂ ਤੱਕ ਪਹੁੰਚ ਕਰਨ ਦੀ ਲੋੜ ਹੈ, ਅਸੀਂ ਇਕੋ ਦੇਸ਼ ਵਿਚ ਰਹਿੰਦੇ ਹਾਂ। ਆਖ਼ਰ ਕਦੋਂ ਤੱਕ ਧਰੁਵੀਕਰਨ ਦੀ ਇਹ ਪਹੁੰਚ ਰੱਖੀ ਜਾਵੇਗੀ?
ਇਸ ਮੁਹਿੰਮ ਤਹਿਤ ਕੋਲਕਾਤਾ, ਚੰਡੀਗੜ੍ਹ, ਹੈਦਰਾਬਾਦ ਨੂੰ ਵੀ ਲਿਆਂਦਾ ਜਾ ਰਿਹਾ ਹੈ। ਨਸੀਰੂਦੀਨ ਸ਼ਾਹ, ਰਤਨਾ ਪਾਠਕ ਸ਼ਾਹ, ਵਿਸ਼ਾਲ ਭਾਰਦਵਾਜ, ਰੇਖਾ ਭਾਰਦਵਾਜ, ਸਵਾਨੰਦ ਕਿਰਕਿਰੇ, ਆਮਿਰ ਅਜ਼ੀਜ਼, ਸੁਰਮੁਖੀ ਸੁਰੇਸ਼ ਇਸ ਦਾ ਹਿੱਸਾ ਬਣਨਗੇ। ਸਵਰਾ ਨੇ ਕਿਹਾ ਕਿ ਲੋਕ ਚਾਹੇ ਰੋਸ ਪ੍ਰਗਟਾਉਣ ਜਾਂ ਸਿਆਸੀ ਭਾਸ਼ਨ ਲਈ ਨਾ ਆਉਣ, ਪਰ ਜਸ਼ਨ ਮਨਾਉਣ ਆਉਣਗੇ। ਇਸ ਮੌਕੇ ਸੰਗੀਤਕ ਤੇ ਹਾਸਰਸ ਪੇਸ਼ਕਾਰੀਆਂ ਹੋਣਗੀਆਂ।

sant sagar