ਪੀਜੀ ਹਾਊਸ ’ਚ ਅੱਗ; ਤਿੰਨ ਲੜਕੀਆਂ ਦੀ ਮੌਤ

ਪੀਜੀ ਹਾਊਸ ’ਚ ਅੱਗ; ਤਿੰਨ ਲੜਕੀਆਂ ਦੀ ਮੌਤ

ਇੱਥੋਂ ਦੇ ਸੈਕਟਰ-32 ਡੀ ਵਿੱਚ ਬਾਅਦ ਦੁਪਹਿਰ ਪੀ.ਜੀ. ਹਾਊਸ ’ਚ ਅਚਾਨਕ ਅੱਗ ਲੱਗਣ ਕਾਰਨ ਤਿੰਨ ਲੜਕੀਆਂ ਦੀ ਮੌਤ ਹੋ ਗਈ ਜਦਕਿ ਦੋ ਲੜਕੀਆਂ ਗੰਭੀਰ ਜ਼ਖ਼ਮੀ ਹੋ ਗਈਆਂ ਹਨ। ਇਨ੍ਹਾਂ ਵਿੱਚੋਂ ਇਕ ਨੇ ਮਕਾਨ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਅੱਗ ਬੁਝਾਊ ਦਸਤੇ ਦੀਆਂ 4 ਗੱਡੀਆਂ ਨੇ ਇੱਕ ਘੰਟੇ ਦੀ ਭਾਰੀ ਮੁਸ਼ਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਥਾਣਾ ਸੈਕਟਰ-34 ਦੇ ਮੁਖੀ ਬਲਦੇਵ ਕੁਮਾਰ ਨੇ ਦੱਸਿਆ ਕਿ ਸੈਕਟਰ-32 ’ਚ ਚੱਲ ਰਿਹਾ ਪੀ.ਜੀ. ਰਜਿਸਟਰਡ ਨਹੀਂ ਸੀ। ਉਨ੍ਹਾਂ ਦੱਸਿਆ ਕਿ ਘਰ ਦੇ ਮਾਲਕ ਅਤੇ ਪੀ.ਜੀ. ਚਲਾ ਰਹੇ ਨਿਤੇਸ਼ ਬਾਂਸਲ ਤੇ ਨਿਤੀਸ਼ ਪੋਪਲ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 336, 304, 188 ਅਤੇ 34 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਵੱਲੋਂ ਘਰ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਰੀਯਾ ਵਾਸੀ ਕਪੂਰਥਲਾ (ਪੰਜਾਬ), ਪਾਕਸ਼ੀ ਵਾਸੀ ਕੋਟਕਪੂਰਾ (ਪੰਜਾਬ) ਅਤੇ ਮੁਸਕਾਨ ਵਾਸੀ ਹਿਸਾਰ (ਹਰਿਆਣਾ) ਵਜੋਂ ਹੋਈ ਹੈ। ਇਸੇ ਦੌਰਾਨ ਫੇਮੀਨਾ ਅਤੇ ਜੈਸਮੀਨ ਜ਼ਖ਼ਮੀ ਹੋ ਗਈਆਂ ਹਨ। ਇਨ੍ਹਾਂ ਨੂੰ ਇਲਾਜ ਲਈ ਸੈਕਟਰ-32 ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਪੁਲੀਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ’ਚ ਲੈ ਹਸਪਤਾਲ ਦੇ ਮ੍ਰਿਤਕ ਘਰ ’ਚ ਰੱਖ ਕੇ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-32 ਡੀ ਦੇ ਮਕਾਨ ਨੰਬਰ 3325 ’ਚ ਸ਼ਾਮ ਸਮੇਂ ਅਚਾਨਕ ਅੱਗ ਲੱਗ ਗਈ। ਘਰ ’ਚ ਪੀ.ਵੀ.ਸੀ. ਲੱਗੀ ਹੋਣ ਕਰਕੇ ਅੱਗ ਕੁਝ ਮਿੰਟਾਂ ’ਚ ਇੰਨੀ ਭੜਕ ਗਈ ਕਿ ਤਿੰਨ ਲੜਕੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਗਿਆ ਹੈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਘਰ ’ਚ ਹਾਜ਼ਰ ਦਰਜਨ ਭਰ ਲੜਕੀਆਂ ਵਿੱਚੋਂ ਕੁਝ ਲੜਕੀਆਂ ਬਾਹਰ ਭੱਜ ਗਈਆਂ ਪਰ ਪੰਜ ਲੜਕੀਆਂ ਅੰਦਰ ਫਸ ਗਈਆਂ। ਇਨ੍ਹਾਂ ਵਿੱਚੋਂ ਤਿੰਨ ਦੀ ਅੱਗ ’ਚ ਝੁਲਸਣ ਕਰਕੇ ਮੌਤ ਹੋ ਗਈ ਜਦਕਿ ਜ਼ਖ਼ਮੀ ਫੇਮੀਨਾ ਨੇ ਘਰ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਹੈ। ਮ੍ਰਿਤਕ ਲੜਕੀਆਂ ਚੰਡੀਗੜ੍ਹ ਦੇ ਵੱਖ ਵੱਖ ਕਾਲਜਾਂ ਦੀਆਂ ਵਿਦਿਆਰਥਣਾਂ ਸਨ। ਇਸੇ ਘਰ ’ਚ ਰਹਿਣ ਵਾਲੀ ਸ਼ਰੁਤੀ ਨੇ ਦੱਸਿਆ ਕਿ ਉਹ ਪਹਿਲੀ ਮੰਜ਼ਿਲ ’ਤੇ ਰਹਿੰਦੀ ਹੈ। ਘਰ ’ਚ ਅੱਗ ਲੱਗੀ ਵੇਖ ਕੇ ਉਸ ਨੇ ਤੁਰੰਤ ਬਾਹਰ ਭੱਜ ਕੇ ਆਪਣੀ ਜਾਨ ਬਚਾਈ ਹੈ। ਇਹ ਘਰ ਗੌਰਵ ਅਨੇਜਾ ਨਾਂਅ ਦੇ ਵਿਅਕਤੀ ਦਾ ਸੀ, ਜੋ ਖੁਦ ਸੈਕਟਰ-32 ’ਚ ਕਰਿਆਨੇ ਦੀ ਦੁਕਾਨ ਕਰਦਾ ਹੈ ਅਤੇ ਉਸ ਨੇ ਇਹ ਮਕਾਨ ਨਿਤੇਸ਼ ਬਾਂਸਲ ਨਾਂਅ ਦੇ ਵਿਅਕਤੀ ਨੂੰ ਕਿਰਾਏ ’ਤੇ ਦਿੱਤਾ ਹੋਇਆ ਸੀ। ਨਿਤੇਸ਼ ਬਾਂਸਲ ਇੱਥੇ ਪੀ.ਜੀ. ਹਾਊਸ ਚਲਾ ਰਿਹਾ ਸੀ। ਇਸ ਘਰ ’ਚ ਢਾਈ ਦਰਜਨ ਤੋਂ ਵੱਧ ਲੜਕੀਆਂ ਰਹਿ ਰਹੀ ਸੀ। ਘਟਨਾ ਤੋਂ ਤੁਰੰਤ ਬਾਅਦ ਥਾਣਾ ਸੈਕਟਰ-34 ਦੇ ਮੁਖੀ ਬਲਦੇਵ ਕੁਮਾਰ ਅਤੇ ਅੱਗ ਬੁਝਾਊ ਦਸਤੇ ਦੀ ਟੀਮ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲੀਸ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਵੀ ਪੀ.ਜੀ. ਹਾਊਸ ਦੀ ਪ੍ਰਵਾਨਗੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ad