ਮੈਨੂੰ ਜੇਲ੍ਹ ਜਾਣ ਤੋਂ ਬਚਾਉਣ ਲਈ‘ਆਪ’ਨੂੰ ਵੋਟ ਪਾਓ: ਕੇਜਰੀਵਾਲ

ਮੈਨੂੰ ਜੇਲ੍ਹ ਜਾਣ ਤੋਂ ਬਚਾਉਣ ਲਈ‘ਆਪ’ਨੂੰ ਵੋਟ ਪਾਓ: ਕੇਜਰੀਵਾਲ

ਅੰਮ੍ਰਿਤਸਰ, (ਇੰਡੋ ਕਨੇਡੀਅਨ ਟਾਇਮਜ਼)- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਮੁੜ ਜੇਲ੍ਹ ਜਾਣ ਤੋਂ ਬਚਾਉਣ ਵਾਸਤੇ ਉਹ ਇਸ ਵਾਰ ਲੋਕ ਸਭਾ ਚੋਣਾਂ ਵਿੱਚ‘ਆਪ’ਨੂੰ ਜਿਤਾਉਣ। ਇਹ ਅਪੀਲ ਉਨ੍ਹਾਂ ਅੱਜ ਇੱਥੇ ਸ਼ਹਿਰ ਦੇ ਕੇਂਦਰੀ ਵਿਧਾਨ ਸਭਾ ਹਲਕੇ ਹੇਠ ਆਉਂਦੇ ਲਾਹੌਰੀ ਗੇਟ ਦੇ ਅੰਦਰੂਨੀ ਹਿੱਸੇ ਵਿੱਚ ਕੀਤੇ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤੀ। ਸ੍ਰੀ ਕੇਜਰੀਵਾਲ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਉਨ੍ਹਾਂ ਨੂੰ ਬਿਨਾਂ ਕਿਸੇ ਕਸੂਰ ਦੇ ਜੇਲ੍ਹ ਵਿੱਚ ਬੰਦ ਕਰਨਾ ਚਾਹੁੰਦੀ ਹੈ। ਉਨ੍ਹਾਂ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ ਉਹ ਬਾਹਰ ਆਏ ਹਨ ਪਰ ਜ਼ਮਾਨਤ ਦੀ ਮਿਆਦ ਖਤਮ ਹੋਣ ਮਗਰੋਂ ਮੋਦੀ ਸਰਕਾਰ ਉਨ੍ਹਾਂ ਨੂੰ ਮੁੜ ਜੇਲ੍ਹ ਭੇਜਣਾ ਚਾਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਉਨ੍ਹਾਂ ਨੂੰ ਜੇਲ੍ਹ ਭੇਜਣ ਤੋਂ ਬਚਾਉਣਾ ਚਾਹੁੰਦੇ ਹਨ ਤਾਂ‘ਆਪ’ਦੇ ਹੱਕ ਵਿੱਚ ਫਤਵਾ ਦੇਣ । ਆਪਣੇ ਆਪ ਨੂੰ ਨਿਰਦੋਸ਼ ਦੱਸਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਸੂਰ ਸਿਰਫ਼ ਇਹ ਹੈ ਕਿ ਉਨ੍ਹਾਂ ਦਿੱਲੀ ਅਤੇ ਪੰਜਾਬ ਵਿੱਚ ਲੋਕ ਭਲਾਈ ਦੇ ਕੰਮ ਕੀਤੇ ਹਨ ਜਿਸ ਨਾਲ ਲੋਕਾਂ ਵਿੱਚ‘ਆਪ’ਦਾ ਆਧਾਰ ਵਧ ਰਿਹਾ ਹੈ ਤੇ ਕੇਂਦਰ ਦੀ ਸਰਕਾਰ ਨੂੰ ਇਹ ਬਰਦਾਸ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦੀ ਚੋਣ ਦੇਸ਼ ਅਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਇੱਕ ਜੰਗ ਹੈ। ਉਨ੍ਹਾਂ ਦੋਸ਼ ਲਾਇਆ ਕਿ ਜੇਕਰ ਮੋਦੀ ਸਰਕਾਰ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਐੱਸਸੀ/ਐੱਸਟੀ ਅਤੇ ਪੱਛੜੀਆਂ ਸ਼੍ਰੇਣੀਆਂ ਵਾਸਤੇ ਲਾਗੂ ਕੀਤਾ ਗਿਆ ਰਾਖਵਾਂਕਰਨ ਖਤਮ ਕਰ ਦੇਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਭਵਿੱਖ ਵਿੱਚ ਦੇਸ਼ ਵਿਚੋਂ ਚੋਣ ਪ੍ਰਣਾਲੀ ਖਤਮ ਕਰ ਦੇਣਾ ਚਾਹੁੰਦੀ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਜੇਲ੍ਹ ਵਿੱਚ ਵੀ ਉਨ੍ਹਾਂ ਨਾਲ ਅਣਮਨੁੱਖੀ ਵਿਹਾਰ ਕੀਤਾ ਗਿਆ ਹੈ। ਉਹ ਸ਼ੂਗਰ ਦੇ ਮਰੀਜ਼ ਹਨ ਪਰ 15 ਦਿਨ ਉਨ੍ਹਾਂ ਨੂੰ ਸ਼ੂਗਰ ਦੀਆਂ ਦਵਾਈਆਂ ਨਹੀਂ ਦਿੱਤੀਆਂ ਗਈਆਂ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸ੍ਰੀ ਕੇਜਰੀਵਾਲ ਨੂੰ ਝੂਠੇ ਕੇਸ ਤਹਿਤ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਮੁੜ‘ਆਪ’ਦੇ ਹੱਕ ਵਿੱਚ ਫਤਵਾ ਦੇਣ ਜੋ ਕਿ ਮੋਦੀ ਸਰਕਾਰ ਲਈ ਇੱਕ ਕਰਾਰੀ ਸੱਟ ਵੀ ਹੋਵੇਗੀ। ਉਨ੍ਹਾਂ ਲੋਕਾਂ ਨੂੰ ਆਖਿਆ ਕਿ ਉਹ ਦਿੱਲੀ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਵੀ 25 ਮਈ ਨੂੰ‘ਆਪ’ਦੇ ਹੱਕ ਵਿੱਚ ਭੁਗਤਣ ਲਈ ਆਖਣ। ਇਸ ਮੌਕੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ‘ਆਪ’ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਸੰਬੋਧਨ ਦੌਰਾਨ ਅੰਮ੍ਰਿਤਸਰ ਵਾਸੀਆਂ ਵੱਲੋਂ ਭਰੋਸਾ ਦਿੱਤਾ ਕਿ ਉਹ ਇਹ ਲੋਕ ਸਭਾ ਸੀਟ ਜਿੱਤ ਕੇ‘ਆਪ’ਦੀ ਝੋਲੀ ਪਾਉਣਗੇ। ਜ਼ਿਕਰਯੋਗ ਹੈ ਕਿ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਅਰਵਿੰਦ ਕੇਜਰੀਵਾਲ ਪਹਿਲੀ ਵਾਰ ਪੰਜਾਬ ਆਏ ਹਨ। ਉਨ੍ਹਾਂ ਦਾ ਇੱਥੋਂ ਦੇ ਹਵਾਈ ਅੱਡੇ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ‘ਆਪ’ਦੇ ਵਿਧਾਇਕ ਤੇ ਹੋਰ ਪ੍ਰਮੁੱਖ ਆਗੂ ਤੇ ਵੱਡੀ ਗਿਣਤੀ ਵਿਚ‘ਆਪ’ਵਾਲੰਟੀਅਰ ਹਾਜ਼ਰ ਸਨ।

ਸ੍ਰੀ ਹਰਿਮੰਦਰ ਸਾਹਿਬ ਤੇ ਦੁਰਗਿਆਣਾ ਮੰਦਰ ਮੱਥਾ ਟੇਕਿਆ
 

sant sagar