ਸੀਆਰਪੀਐੱਫ ਦੇ ਸ਼ਹੀਦ ਜਵਾਨਾਂ ਦੀ ਯਾਦਗਾਰ ਦਾ ਉਦਘਾਟਨ

ਸੀਆਰਪੀਐੱਫ ਦੇ ਸ਼ਹੀਦ ਜਵਾਨਾਂ ਦੀ ਯਾਦਗਾਰ ਦਾ ਉਦਘਾਟਨ

ਪੁਲਵਾਮਾ ’ਚ ਇਕ ਸਾਲ ਪਹਿਲਾਂ ਦਹਿਸ਼ਤੀ ਹਮਲੇ ’ਚ ਮਾਰੇ ਗਏ ਸੀਆਰਪੀਐੱਫ ਦੇ 40 ਜਵਾਨਾਂ ਦੇ ਸਨਮਾਨ ’ਚ ਅੱਜ ਲੇਠਪੋਰਾ ਕੈਂਪ ’ਚ ਯਾਦਗਾਰ ਦਾ ਉਦਘਾਟਨ ਕੀਤਾ ਗਿਆ। ਸ਼ਹੀਦ ਹੋਏ ਸਾਰੇ 40 ਜਵਾਨਾਂ ਦੀਆਂ ਤਸਵੀਰਾਂ ਦੇ ਨਾਲ ਉਨ੍ਹਾਂ ਦੇ ਨਾਮ ਯਾਦਗਾਰ ’ਤੇ ਉਕੇਰੇ ਗਏ ਹਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਪਿਛਲੇ ਸਾਲ ਪੁਲਵਾਮਾ ਹਮਲੇ ’ਚ ਮਾਰੇ ਗਏ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਸ਼ਹੀਦੀ ਨੂੰ ਕਦੇ ਵੀ ਨਹੀਂ ਭੁਲਾਏਗਾ। ਟਵੀਟ ਰਾਹੀਂ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਸੀਆਰਪੀਐੱਫ ਦੇ ਸ਼ਹੀਦ ਜਵਾਨਾਂ ਨੂੰ ‘ਵਿਸ਼ੇਸ਼ ਵਿਅਕਤੀ’ ਕਰਾਰ ਦਿੱਤਾ ਜਿਨ੍ਹਾਂ ਮੁਲਕ ਦੀ ਰਾਖੀ ਅਤੇ ਸੇਵਾ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ। ਪ੍ਰਧਾਨ ਮੰਤਰੀ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਸਮ੍ਰਿਤੀ ਇਰਾਨੀ, ਹਰਦੀਪ ਪੁਰੀ ਅਤੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਵੀ ਪਿਛਲੇ ਸਾਲ ਅੱਜ ਦੇ ਦਿਨ ਦਹਿਸ਼ਤੀ ਹਮਲੇ ’ਚ ਮਾਰੇ ਗਏ ਸੀਆਰਪੀਐੱਫ ਦੇ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਕਦੇ ਵੀ ਪੁਲਵਾਮਾ ’ਚ ਸ਼ਹੀਦ ਹੋਏ ਜਵਾਨਾਂ ਦੀ ਕੁਰਬਾਨੀ ਨੂੰ ਨਹੀਂ ਭੁਲਾਏਗਾ। ਉਨ੍ਹਾਂ ਕਿਹਾ ਕਿ ਪੂਰਾ ਮੁਲਕ ਅਤਿਵਾਦ ਖ਼ਿਲਾਫ਼ ਇਕਜੁੱਟ ਹੈ ਅਤੇ ਅਸੀਂ ਇਸ ਨੂੰ ਜੜ੍ਹੋਂ ਮੁਕਾਉਣ ਲਈ ਆਪਣੀ ਜੰਗ ਜਾਰੀ ਰੱਖਣ ਲਈ ਵਚਨਬੱਧ ਹਾਂ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਉਹ ਭਾਰਤ ਮਾਤਾ ਦੇ ਬਹਾਦਰ ਸਪੂਤਾਂ ਨੂੰ ਸਲਾਮ ਕਰਦੇ ਹਨ। ਉਨ੍ਹਾਂ ਦੇ ਕੈਬਨਿਟ ਸਾਥੀ ਹਰਦੀਪ ਪੁਰੀ ਨੇ ਕਿਹਾ ਕਿ ਪੁਲਵਾਮਾ ਦਹਿਸ਼ਤੀ ਹਮਲੇ ਦੀ ਪਹਿਲੀ ਬਰਸੀ ’ਤੇ ਉਹ ਪੂਰੇ ਰਾਸ਼ਟਰ ਨਾਲ ਮਿਲ ਕੇ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹਨ। ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਸੀਆਰਪੀਐੱਫ ਜਵਾਨਾਂ ਦੀ ਕੁਰਬਾਨੀ ਨੂੰ ਸਲਾਮ ਕਰਦਿਆਂ ਕਿਹਾ ਕਿ ਮੁਲਕ ਉਨ੍ਹਾਂ ਦੀ ਸ਼ਹਾਦਤ ਹਮੇਸ਼ਾ ਯਾਦ ਰੱਖੇਗਾ। ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਜਵਾਨਾਂ ਨੂੰ ਸ਼ਹੀਦ ਕਰਾਰ ਦਿੰਦਿਆਂ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ।
ਇਸ ਦੇ ਨਾਲ ਸੀਆਰਪੀਐੱਫ ਦੇ ਨਾਅਰੇ ‘ਸੇਵਾ ਅਤੇ ਨਿਸ਼ਠਾ’ ਨੂੰ ਵੀ ਉਭਾਰਿਆ ਗਿਆ ਹੈ। ਮਹਾਰਾਸ਼ਟਰ ਦੇ ਉਮੇਸ਼ ਗੋਪੀਨਾਥ ਨੇ 61 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਘਰਾਂ ਦੀ ਮਿੱਟੀ ਕਲਸ਼ ’ਚ ਇਕੱਤਰ ਕਰਕੇ ਅੱਜ ਸਮਾਗਮ ਦੌਰਾਨ ਸੀਆਰਪੀਐੱਫ ਨੂੰ ਸੌਂਪੀ। ਲੇਠਪੋਰਾ ਕੈਂਪ ਦਹਿਸ਼ਤੀ ਘਟਨਾ ਵਾਲੀ ਥਾਂ ਦੇ ਐਨ ਨੇੜੇ ਹੈ ਜਿਥੇ ਜੰਮੂ-ਸ੍ਰੀਨਗਰ ਹਾਈਵੇਅ ’ਤੇ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦ ਆਦਿਲ ਅਹਿਮਦ ਡਾਰ ਨੇ ਆਰਡੀਐਕਸ ਨਾਲ ਭਰੀ ਕਾਰ ਨਾਲ ਸੀਆਰਪੀਐੱਫ ਦੇ ਕਾਫ਼ਲੇ ’ਚ ਟੱਕਰ ਮਾਰ ਦਿੱਤੀ ਸੀ। ਸੀਆਰਪੀਐੱਫ ਦੇ ਵਧੀਕ ਡਾਇਰੈਕਟਰ ਜਨਰਲ ਜ਼ੁਲਫਿਕਾਰ ਹਸਨ ਨੇ ਕਿਹਾ,‘‘ਅਸੀਂ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਵਧੇਰੇ ਤਾਕਤ ਨਾਲ ਲੜਦੇ ਹਾਂ। ਇਸੇ ਕਾਰਨ ਸਾਡੇ ਜਵਾਨਾਂ ’ਤੇ ਹਮਲੇ ਦੇ ਤੁਰੰਤ ਮਗਰੋਂ ਅਸੀਂ ਜੈਸ਼-ਏ-ਮੁਹੰਮਦ ਦੇ ਕਮਾਂਡਰਾਂ ਨੂੰ ਮਾਰ ਮੁਕਾਉਣ ’ਚ ਕਾਮਯਾਬ ਰਹੇ।’’ ਉਨ੍ਹਾਂ ਸ਼ਹੀਦ ਹੋਏ ਜਵਾਨਾਂ ਦੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਚੜ੍ਹਾਏ। ਉਨ੍ਹਾਂ ਕੌਮੀ ਜਾਂਚ ਏਜੰਸੀ ਵੱਲੋਂ ਕੀਤੀ ਜਾ ਰਹੀ ਜਾਂਚ ’ਤੇ ਤਸੱਲੀ ਜ਼ਾਹਰ ਕੀਤੀ ਅਤੇ ਕਿਹਾ ਕਿ ਸ਼ਹੀਦਾਂ ਦੇ ਵਾਰਸਾਂ ਦੀ ਖ਼ਬਰਸਾਰ ਲੈਣ ਲਈ ਹਰਸੰਭਵ ਸਹਾਇਤਾ ਕੀਤੀ ਗਈ ਹੈ। ਪਿਛਲੇ ਸਾਲ ਹੋਏ ਹਮਲੇ ਮਗਰੋਂ ਸੁਰੱਖਿਆ ਬਲਾਂ ਦੀ ਆਵਾਜਾਈ ਦੌਰਾਨ ਉਠਾਏ ਗਏ ਇਹਤਿਆਤੀ ਕਦਮਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਅਧਿਕਾਰੀਆਂ ਨੇ ਕਿਹਾ ਕਿ ਹੁਣ ਸੁਰੱਖਿਆ ਬਲਾਂ ਅਤੇ ਫ਼ੌਜ ਨਾਲ ਤਾਲਮੇਲ ਬਣਾ ਕੇ ਜਵਾਨਾਂ ਦੀ ਆਵਾਜਾਈ ਨੂੰ ਯਕੀਨੀ ਬਣਾਇਆ ਜਾਂਦਾ ਹੈ। ਅੱਜ ਹਾਈਵੇਅ ’ਤੇ ਸੁਰੱਖਿਆ ਬਲਾਂ ਦੇ ਕਿਸੇ ਵੀ ਕਾਫ਼ਲੇ ਨੂੰ ਨਹੀਂ ਭੇਜਿਆ ਗਿਆ ਕਿਉਂਕਿ ਖ਼ੁਫ਼ੀਆ ਰਿਪੋਰਟਾਂ ਸਨ ਕਿ ਅਤਿਵਾਦੀ ਪਿਛਲੇ ਸਾਲ ਹੋਏ ਹਮਲੇ ਦੀ ਬਰਸੀ ਦੇ ਸਬੰਧ ’ਚ ਉਥੇ ਹਮਲੇ ਕਰ ਸਕਦੇ ਹਨ। ਦਹਿਸ਼ਤੀ ਹਮਲੇ ਵਾਲੀ ਥਾਂ ’ਤੇ ਤਾਇਨਾਤ ਸੀਆਰਪੀਐੱਫ ਦੇ ਜਵਾਨ ਨੇ ਕਿਹਾ ਕਿ ਹੁਣ ਲੋਕਾਂ ਦੇ ਸਹਿਯੋਗ ਨਾਲ ਇਹਤਿਆਤ ਰੱਖੀ ਜਾ ਰਹੀ ਹੈ ਤਾਂ ਜੋ ਪਿਛਲੇ ਸਾਲ ਦੀ ਘਟਨਾ ਮੁੜ ਨਾ ਵਾਪਰੇ। 

ad