ਜਲੰਧਰ ਤੋਂ ਕਾਂਗਰਸੀ ਉਮੀਦਵਾਰਾਂ ਵਿੱਚ ਚੰਨੀ ਮੋਹਰੀ

ਜਲੰਧਰ ਤੋਂ ਕਾਂਗਰਸੀ ਉਮੀਦਵਾਰਾਂ ਵਿੱਚ ਚੰਨੀ ਮੋਹਰੀ

ਜਲੰਧਰ ਤੋਂ ਕਾਂਗਰਸੀ ਉਮੀਦਵਾਰਾਂ ਵਿੱਚ ਚੰਨੀ ਮੋਹਰੀ
ਜਲੰਧਰ-ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਦੇ ਦਾਅਵੇਦਾਰਾਂ ਦੀ ਕਤਾਰ ਲੰਬੀ ਹੁੰਦੀ ਜਾ ਰਹੀ ਹੈ। ਹਾਲਾਂਕਿ ਅੱਧੀ ਦਰਜਨ ਟਿਕਟ ਦੇ ਦਾਅਵੇਦਾਰ ਹਨ ਪਰ ਇਨ੍ਹਾਂ ਵਿੱਚੋਂ ਚਾਰ ਕਾਂਗਰਸੀ ਆਗੂ ਆਪਣਾ ਹੱਕ ਜ਼ਿਆਦਾ ਜਤਾ ਰਹੇ ਹਨ। ਲੋਕਾਂ ਵਿੱਚ ਜਿਹੜੀ ਧਾਰਨਾ ਬਣੀ ਹੈ ਉਸ ਅਨੁਸਾਰ ਸਾਬਕਾ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਪਹਿਲੇ ਨੰਬਰ ’ਤੇ ਹਨ। ਦੂਜੇ ਨੰਬਰ ’ਤੇ ਸਾਬਕਾ ਲੋਕ ਸਭਾ ਮੈਂਬਰ ਮਹਿੰਦਰ ਸਿੰਘ ਕੇਪੀ ਹਨ, ਜਿਹੜੇ 2009 ਵਿੱਚ ਜਲੰਧਰ ਹਲਕਾ ਰਾਖਵਾਂ ਹੋਣ ’ਤੇ ਪਹਿਲੀ ਵਾਰ ਜਿੱਤੇ ਸਨ। ਮਰਹੂਮ ਚੌਧਰੀ ਸੰਤੋਖ ਸਿੰਘ ਦਾ ਪਰਿਵਾਰ ਵੀ ਟਿਕਟ ਦੇ ਮੁੱਖ ਦਾਅਵੇਦਾਰਾਂ ਵਿੱਚੋਂ ਹੈ। ਉਪ ਚੋਣ ਸਮੇਂ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਵੱਡੇ ਫਰਕ ਨਾਲ ਚੋਣ ਹਾਰ ਗਏ ਸਨ। ਮਰਹੂਮ ਚੌਧਰੀ ਸੰਤੌਖ ਸਿੰਘ ਦਾ ਪੁੱਤਰ ਤੇ ਫਿਲ਼ੌਰ ਤੋਂ ਵਿਧਾਇਕ ਚੌਧਰੀ ਵਿਕਰਮਜੀਤ ਸਿੰਘ ਵੀ ਟਿਕਟ ਦਾ ਦਾਅਵੇਦਾਰ ਦੱਸਿਆ ਜਾ ਰਿਹਾ ਹੈ। ਸਾਲ 2022 ਦੀਆਂ ਚੋਣਾਂ ਵਿੱਚ ਚੰਨੀ ਦੇ ਪ੍ਰਭਾਵ ਕਾਰਨ ਪਹਿਲੀ ਵਾਰ ਜਿੱਤਿਆ ਚੌਧਰੀ ਪਰਿਵਾਰ ਫਿਲੌਰ ਤੋਂ ਲਗਾਤਾਰ ਤਿੰਨ ਵਾਰ ਚੋਣ ਹਾਰ ਚੁੱਕਿਆ ਸੀ ਪਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚਰਨਜੀਤ ਸਿੰਘ ਚੰਨੀ ਦਾ ਅਸਰ ਪੂਰੇ ਦੋਆਬੇ ਵਿੱਚ ਦੇਖਣ ਨੂੰ ਮਿਲਿਆ ਸੀ ਤੇ ਕਾਂਗਰਸ ਦੇ ਸਭ ਤੋਂ ਵੱਧ ਵਿਧਾਇਕ ਦੋਆਬੇ ਵਿੱਚੋਂ ਹੀ ਬਣੇ ਸਨ।
ਚੌਧਰੀ ਵਿਕਰਮਜੀਤ ਸਿੰਘ ਇਹ ਕਹਿ ਰਹੇ ਹਨ ਚਰਨਜੀਤ ਸਿੰਘ ਚੰਨੀ ਦੋ ਹਲਕਿਆਂ ਤੋਂ ਚੋਣ ਹਾਰ ਗਏ ਸਨ ਇਸ ਲਈ ਉਨ੍ਹਾਂ ਨੂੰ ਸਿਆਸਤ ਵਿੱਚੋਂ ਹੀ ਸੰਨਿਆਸ ਲੈ ਲੈਣਾ ਚਾਹੀਦਾ ਹੈ।
ਮਹਿੰਦਰ ਸਿੰਘ ਕੇਪੀ ਜੋ ਕਿ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਲੱਗਦੇ ਹਨ ਉਹ ਮੁੜ ਜਲੰਧਰ ਤੋਂ ਚੋਣ ਲੜਨ ਦੇ ਇੱਛੁਕ ਹਨ। ਕੇਪੀ ਅਜਿਹੇ ਕਾਂਗਰਸੀ ਆਗੂ ਸਨ ਜਿਹੜੇ ਜਲੰਧਰ ਤੋਂ ਐੱਮਪੀ ਹੁੰਦੇ ਹੋਏ ਉਨ੍ਹਾਂ ਦਾ ਪਾਰਟੀ ਨੇ ਹਲਕਾ ਬਦਲ ਕੇ ਹੁਸ਼ਿਆਰਪੁਰ ਕਰ ਦਿੱਤਾ ਸੀ ਜਿੱਥੋਂ ਉਹ ਚੋਣ ਹਾਰ ਗਏ ਸਨ। ਕਾਂਗਰਸ ਪਾਰਟੀ ਵੱਲੋਂ ਕਰਵਾਏ ਸਰਵੇ ਅਨੁਸਾਰ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਜੇਤੂ ਉਮੀਦਵਾਰ ਵਜੋਂ ਦੇਖੇ ਜਾ ਰਹੇ ਹਨ। ਉਨ੍ਹਾਂ ਨੇ ਲਗਾਤਾਰ ਜਲੰਧਰ ਦੇ ਧਾਰਮਿਕ ਡੇਰਿਆਂ ਨਾਲ ਰਾਬਤਾ ਬਣਾਇਆ ਹੋਇਆ ਹੈ ਤੇ ਡੇਰਾ ਬੱਲਾਂ ਨੂੰ ਉਨ੍ਹਾਂ ਨੇ ਮੁੱਖ ਮੰਤਰੀ ਹੁੰਦਿਆਂ 25 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ ਪਰ ਕਿਸੇ ਕਾਰਨ ਇਹ ਰਕਮ ਡੇਰੇ ਨੂੰ ਨਹੀਂ ਸੀ ਮਿਲ ਸਕੀ। ਇਸ ਕਾਰਨ ਸ਼ਰਧਾਂਲੂਆਂ ਵਿੱਚ ਨਿਰਾਸ਼ਾ ਦੱਸੀ ਜਾ ਰਹੀ ਹੈ। ਚੰਨੀ ਹੁਸ਼ਿਆਰਪੁਰ ਤੋਂ ਆਪਣੇ ਰਿਸ਼ਤੇਦਾਰ ਮਹਿੰਦਰ ਸਿੰਘ ਕੇਪੀ ਨੂੰ ਟਿਕਟ ਦੁਆਉਣ ਲਈ ਵੀ ਕਾਂਗਰਸ ਹਾਈਕਮਾਂਡ ’ਤੇ ਜ਼ੋਰ ਪਾ ਰਹੇ ਹਨ। ਚੰਨੀ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਗੁਡਬੁੱਕ ਵਿੱਚ ਦੱਸੇ ਜਾਂਦੇ। ਉਨ੍ਹਾਂ ਨੇ ਹੀ ਚੰਨੀ ਨੂੰ ਪੰਜਾਬ ਦਾ ਪਹਿਲਾਂ ਦਲਿਤ ਮੁੱਖ ਮੰਤਰੀ ਬਣਾਇਆ ਸੀ ਤੇ ਦੂਜੀ ਵਾਰ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨਿਆ ਸੀ। ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ’ਤੇ ਪੀਐਚ ਡੀ ਵੀ ਕੀਤੀ ਹੋਈ ਹੈ।

sant sagar