ਹਜ਼ੂਰ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਨੂੰ ਪੰਜਾਬ ਲਿਆਉਣ ਦੀ ਮੰਗ

ਹਜ਼ੂਰ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਨੂੰ ਪੰਜਾਬ ਲਿਆਉਣ ਦੀ ਮੰਗ

ਕਰੋਨਾ ਮਹਾਮਾਰੀ ਕਾਰਨ ਕੀਤੀ ਗਈ ਤਾਲਾਬੰਦੀ ਦੌਰਾਨ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੇ ਸ਼ਰਧਾਲੂਆਂ ’ਚੋਂ ਲਗਪਗ 90 ਸ਼ਰਧਾਲੂ ਆਪਣੇ ਪੱਧਰ ’ਤੇ ਘਰਾਂ ਨੂੰ ਤੁਰ ਪਏ ਸਨ ਜਿਨ੍ਹਾਂ ਨੂੰ ਹੁਣ ਇੰਦੌਰ ਨੇੜੇ ਰੋਕਿਆ ਗਿਆ ਹੈ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਨੂੰ ਆਖਿਆ ਹੈ ਕਿ ਸਰਕਾਰ ਨੈਤਿਕ ਆਧਾਰ ’ਤੇ ਇਨ੍ਹਾਂ ਸ਼ਰਧਾਲੂਆਂ ਨੂੰ ਘਰ ਪਹੁੰਚਾਉਣ ਲਈ ਯਤਨ ਕਰੇ।
ਇਸ ਸਬੰਧ ਵਿਚ ਜਥੇਦਾਰ ਕੋਲ ਸੰਗਤ ਦੀ ਸ਼ਿਕਾਇਤ ਪੁੱਜੀ ਹੈ। ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਦੇ ਬਾਹਰ ਹੀ ਇਨ੍ਹਾਂ ਸ਼ਰਧਾਲੂਆਂ ਨੂੰ ਰੋਕ ਲਿਆ ਗਿਆ ਹੈ। ਇਹ ਸਾਰੇ ਸ਼ਰਧਾਲੂ ਕਿਰਾਏ ’ਤੇ ਕੀਤੀਆਂ ਗੱਡੀਆਂ ਵਿਚ ਸਵਾਰ ਸਨ ਅਤੇ ਬੀਤੇ ਦਿਨ ਨਾਂਦੇੜ ਤੋਂ ਆਪਣੇ ਪੱਧਰ ’ਤੇ ਘਰ ਵਾਪਸੀ ਲਈ ਚੱਲ ਪਏ ਸਨ। ਇਹ ਸਾਰੇ ਹੀ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਨਾਲ ਸਬੰਧਤ ਹਨ। ਪ੍ਰਸ਼ਾਸਨ ਵਲੋਂ ਕੋਈ ਪ੍ਰਬੰਧ ਨਾ ਹੋਣ ਕਾਰਨ ਇਹ ਸਾਰੇ ਸ਼ਰਧਾਲੂ ਭੁੱਖੇ ਤੇ ਖੁੱਲ੍ਹੇ ਅਸਮਾਨ ਹੇਠ ਰਹਿਣ ਨੂੰ ਮਜਬੂਰ ਹਨ।
ਦੱਸਣਯੋਗ ਹੈ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਵੱਡੀ ਗਿਣਤੀ ਪੰਜਾਬ ਤੋਂ ਗਈ ਸੰਗਤ ਤਾਲਾਬੰਦੀ ਕਾਰਨ ਰੁਕੀ ਹੋਈ ਹੈ। ਇਨ੍ਹਾਂ ਸ਼ਰਧਾਲੂਆਂ ਦੀ ਗਿਣਤੀ ਲਗਪਗ 4 ਹਜ਼ਾਰ ਦੱਸੀ ਗਈ ਹੈ। ਇਨ੍ਹਾਂ ਵਿਚੋਂ ਕੁਝ ਸ਼ਰਧਾਲੂਆਂ ਨੇ ਪਹਿਲਾਂ ਵੀ ਆਪਣੇ ਪੱਧਰ ’ਤੇ ਪੰਜਾਬ ਆਉਣ ਦਾ ਯਤਨ ਕੀਤਾ ਸੀ ਪਰ ਇਨ੍ਹਾਂ ਨੂੰ ਰਸਤੇ ਵਿਚੋਂ ਹੀ ਮੋੜ ਦਿੱਤਾ ਗਿਆ। ਤਖਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਅਹੁਦੇਦਾਰਾਂ ਵਲੋਂ ਕੇਂਦਰੀ ਰੇਲ ਮੰਤਰੀ ਕੋਲ ਵੀ ਇਸ ਸਬੰਧੀ ਪਹੁੰਚ ਕੀਤੀ ਜਾ ਚੁੱਕੀ ਹੈ ਪਰ ਕੋਈ ਹੁੰਗਾਰਾ ਨਹੀਂ ਮਿਲਿਆ। ਇਨ੍ਹਾਂ ਸ਼ਰਧਾਲੂਆਂ ਨੂੰ ਪੰਜਾਬ ਆਉਣ ਲਈ ਲੋੜੀਂਦਾ ਪ੍ਰਵਾਨਗੀ ਪੱਤਰ ਦਿੱਤਾ ਜਾਵੇ। ਇਸ ਤੋਂ ਇਲਾਵਾ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਰਹਿ ਗਈ ਬਾਕੀ ਸੰਗਤ ਨੂੰ ਵੀ ਪੰਜਾਬ ਲਿਆਉਣ ਲਈ ਤੁਰੰਤ ਠੋਸ ਕਦਮ ਚੁੱਕਿਆ ਜਾਵੇ।
ਸ਼੍ੋਮਣੀ ਕਮੇਟੀ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਭੇਜ ਕੇ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਵਿਖੇ ਰੁਕੇ ਸ਼ਰਧਾਲੂਆਂ ਨੂੰ ਪੰਜਾਬ ਵਾਪਿਸ ਲਿਆਉਣ ਦੀ ਅਪੀਲ ਕੀਤੀ ਹੈ। ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਬਾਰੇ ਪੱਤਰ ਲਿਖਿਆ ਸੀ ਪਰ ਹਾਲੇ ਤਕ ਕੋਈ ਪ੍ਰਬੰਧ ਨਹੀਂ ਕੀਤਾ ਗਿਆ।

sant sagar