ਸੂਬਾ ਸਰਕਾਰ ਨੇ ਭੁਲਾਏ ਸ਼ਹੀਦ ਦੇ ਪਰਿਵਾਰ ਨਾਲ ਕੀਤੇ ਵਾਅਦੇ

ਸੂਬਾ ਸਰਕਾਰ ਨੇ ਭੁਲਾਏ ਸ਼ਹੀਦ ਦੇ ਪਰਿਵਾਰ ਨਾਲ ਕੀਤੇ ਵਾਅਦੇ

ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਪਿਛਲੇ ਵਰ੍ਹੇ 14 ਫ਼ਰਵਰੀ ਨੂੰ ਸੀਆਰਪੀਐੱਫ ਜਵਾਨਾਂ ਦੇ ਕਾਫ਼ਲੇ ’ਤੇ ਹੋਏ ਅਤਿਵਾਦੀ ਹਮਲੇ ਵਿਚ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਕਰੀਬ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਵਿਚ ਪਿੰਡ ਗਲੋਟੀ (ਕੋਟ ਈਸੇ ਖਾਂ) ਦਾ ਜਵਾਨ ਜੈਮਲ ਸਿੰਘ ਵੀ ਸ਼ਹੀਦ ਹੋ ਗਿਆ ਸੀ।
ਪਿੰਡ ਗਲੋਟੀ ਵਿਚ ਸ਼ਹੀਦ ਜੈਮਲ ਸਿੰਘ ਦੀ ਪਤਨੀ ਸੁਖਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 12 ਲੱਖ ਰੁਪਏ ਐਲਾਨੀ ਰਾਸ਼ੀ ਵਿਚੋਂ 7 ਲੱਖ ਦਿੱਤੇ ਹਨ ਅਤੇ ਬਾਕੀ 5 ਲੱਖ ਲਈ ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ। ਸ਼ਹੀਦ ਦੀ ਮਾਂ ਸੁਖਵਿੰਦਰ ਕੌਰ, ਪਿਤਾ ਜਸਵੰਤ ਸਿੰਘ ਤੇ ਪਤਨੀ ਸੁਖਦੀਪ ਨੇ ਭਰੇ ਮਨ ਨਾਲ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਹੀਦ ਦੀ ਯਾਦ ਵਿਚ ਸਟੇਡੀਅਮ ਬਣਾਉਣ, ਸਕੂਲ ਦਾ ਨਾਂ ਰੱਖਣ ਆਦਿ ਕਈ ਵਾਅਦੇ ਕੀਤੇ ਸਨ ਪਰ ਸਰਕਾਰ ਨੇ ਇਨ੍ਹਾਂ ਦਾ ਚੇਤਾ ਭੁਲਾ ਦਿੱਤਾ ਹੈ ਜਦੋਂਕਿ ਸੀਆਰਪੀਐੱਫ਼ ਵੱਲੋਂ ਆਪਣਾ ਨੈਤਿਕ ਫਰਜ਼ ਨਿਭਾ ਦਿੱਤਾ ਗਿਆ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਖਾਲਸਾ ਏਡ ਸੰਸਥਾ ਵੱਲੋਂ 5 ਹਜ਼ਾਰ ਰੁਪਏ ਮਹੀਨਾ ਮਦਦ ਦਿੱਤੀ ਜਾ ਰਹੀ ਹੈ।
ਸ਼ਹੀਦ ਜਵਾਨ ਦਾ 6 ਵਰ੍ਹਿਆਂ ਦਾ ਪੁੱਤਰ ਗੁਰਪ੍ਰਕਾਸ਼ ਸਿੰਘ ਪੰਚਕੂਲਾ ਵਿਚ ਗੁਰੂਕੁਲ ਸਕੂਲ ’ਚ ਪੜ੍ਹ ਰਿਹਾ ਹੈ। ਇਸ ਸਕੂਲ ਵੱਲੋਂ ਉਸ ਨੂੰ 12ਵੀਂ ਜਮਾਤ ਤੱਕ ਤੀ ਪੜ੍ਹਾਈ ਮੁਫ਼ਤ ਕਰਵਾਈ ਜਾਵੇਗੀ। ਉਹ ਅਜੇ ਵੀ ਆਪਣੇ ਪਿਤਾ ਦੀ ਉਡੀਕ ਕਰ ਰਿਹਾ ਹੈ। ਉਸ ਨੇ ਕਿਹਾ, ‘‘ਮੈਂ ਪਾਪਾ ਵਰਗਾ ਬਣੂੰਗਾਂ, ਮੇਰੇ ਸਟਾਰ ਲੱਗਣਗੇ, ਮੈਨੂੰ ਮੇਰੇ ਪਾਪਾ ਪਛਾਣ ਨਹੀਂ ਸਕਣਗੇ।’ ਬੱਚੇ ਦੇ ਮੂੰਹੋਂ ਇਹ ਬੋਲ ਸੁਣਦਿਆਂ ਹੀ ਪੀੜਤ ਪਰਿਵਾਰ ਦੀਆਂ ਅੱਖਾਂ ਵਿਚ ਅੱਥਰੂ ਵਹਿ ਤੁਰੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹੀ ਨਹੀਂ, ਸਗੋਂ ਪੂਰੇ ਦੇਸ਼ ਨੂੰ ਜੈਮਲ ਸਿੰਘ ਦੀ ਸ਼ਹਾਦਤ ’ਤੇ ਮਾਣ ਹੈ।
ਇੱਥੇ ਦੱਸਣਯੋਗ ਹੈ ਕਿ ਬੀਤੇ ਵਰ੍ਹੇ 14 ਫ਼ਰਵਰੀ ਨੂੰ ਜੰਮੂ ਕਸ਼ਮੀਰ ਵਿਚ ਸੀਆਰਪੀਐੱਫ ਯੂਨਿਟ ਕਿਸੇ ਦੂਸਰੀ ਜਗ੍ਹਾ ਤਬਦੀਲ ਹੋ ਰਹੀ ਸੀ। ਸੀਆਰਪੀਐੱਫ ਜਵਾਨਾਂ ਦੀਆਂ ਗੱਡੀਆਂ ਦਾ ਕਾਫ਼ਲਾ ਜਦੋਂ ਪੁਲਵਾਮਾ ਨੇੜੇ ਪੁੱਜਾ ਤਾਂ ਬੱਸ, ਜਿਸ ਨੂੰ ਜੈਮਲ ਸਿੰਘ ਚਲਾ ਰਿਹਾ ਸੀ, ਨਾਲ ਐੱਸਯੂਵੀ ਗੱਡੀ ਟਕਰਾਈ ਤੇ ਧਮਾਕਾ ਹੋ ਗਿਆ। ਇਸ ਦੌਰਾਨ ਬੱਸ ਵਿਚ ਸਵਾਰ ਕਰੀਬ 40 ਜਵਾਨ ਸ਼ਹੀਦ ਹੋ ਗਏ ਸਨ।

ad