ਜਸਟਿਸ ਮੁਰਲੀਧਰ ਦਾ ਸ਼ਾਨਦਾਰ ਸਵਾਗਤ

ਜਸਟਿਸ ਮੁਰਲੀਧਰ ਦਾ ਸ਼ਾਨਦਾਰ ਸਵਾਗਤ

ਦਿੱਲੀ ਹਾਈ ਕੋਰਟ ਤੋਂ ‘ਅੱਧੀ ਰਾਤ’ ਨੂੰ ਕੀਤੇ ਤਬਾਦਲੇ ਮਗਰੋਂ ਅੱਜ ਇੱਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹਲਫ਼ ਲੈਣ ਲਈ ਪੁੱਜੇ ਜਸਟਿਸ ਐੱਸ. ਮੁਰਲੀਧਰ ਦਾ ਸਵਾਗਤ ਕਰਨ ਲਈ ਭਰਵੇਂ ਮੀਂਹ ਦੇ ਬਾਵਜੂਦ ਅਦਾਲਤੀ ਕੰਪਲੈਕਸ ਵਿੱਚ ਵਕੀਲਾਂ ਦਾ ਹੜ੍ਹ ਆ ਗਿਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਝਾਅ ਵੱਲੋਂ ਜਸਟਿਸ ਐੱਸ. ਮੁਰਲੀਧਰ ਨੂੰ ਜੱਜ ਵਜੋਂ ਸਹੁੰ ਚੁਕਵਾਈ ਗਈ।
ਦਿੱਲੀ ਹਿੰਸਾ ਸਬੰਧੀ ਕੇਸ ਦੀ ਸੁਣਵਾਈ ਦੌਰਾਨ ਦਿੱਲੀ ਹਾਈ ਕੋਰਟ ਤੋਂ ‘ਅੱਧੀ ਰਾਤ’ ਨੂੰ ਕੀਤੇ ਤਬਾਦਲੇ ਮਗਰੋਂ ਜਸਟਿਸ ਮੁਰਲੀਧਰ ਨੇ ਇੱਥੇ ਚੀਫ ਜਸਟਿਸ ਤੋਂ ਬਾਅਦ ਦੇ ਸਭ ਤੋਂ ਸੀਨੀਅਰ ਜੱਜ ਵਜੋਂ ਜੁਆਇਨ ਕੀਤਾ ਹੈ। ਉਨ੍ਹਾਂ ਵਲੋਂ ਟੈਕਸ, ਰਿੱਟ ਅਤੇ ਸਿਵਲ ਮਾਮਲਿਆਂ ਦੀ ਸੁਣਵਾਈ ਕੀਤੀ ਜਾਇਆ ਕਰੇਗਾ। ਜਸਟਿਸ ਮੁਰਲੀਧਰ ਨੂੰ ਦਿੱਤੇ ਟੈਕਸ ਰੋਸਟਰ ’ਤੇ ਬਹਿਸ ਛਿੜ ਗਈ ਹੈ ਕਿਉਂਕਿ ਕੁਝ ਕਾਨੂੰਨੀ ਮਾਹਿਰਾਂ ਨੇ ਇਸ ’ਤੇ ‘ਨਿਰਾਸ਼ਾ’ ਪ੍ਰਗਟਾਈ ਹੈ। ਕੁਝ ਵਕੀਲਾਂ ਦਾ ਕਹਿਣਾ ਹੈ ਕਿ ਹਾਈ ਕੋਰਟਾਂ, ਵਿਸ਼ੇਸ਼ ਕਰਕੇ ਬੰਬਈ ਹਾਈਕੋਰਟ, ਵਿੱਚ ਟੈਕਸ ਬੈਂਚ ਦੀ ਅਗਵਾਈ ਚੀਫ ਜਸਟਿਸ ਜਾਂ ਸਭ ਤੋਂ ਸੀਨੀਅਰ ਜੱਜ ਵੱਲੋਂ ਹੀ ਕੀਤੀ ਜਾਂਦੀ ਹੈ ਜਦਕਿ ਕੁਝ ਹੋਰਾਂ ਦਾ ਕਹਿਣਾ ਹੈ ਕਿ ਜਸਟਿਸ ਮੁਰਲੀਧਰ ਨੂੰ ਉਨ੍ਹਾਂ ਦੇ ਵੱਡੇ ਤਜਰਬੇ ਦੇ ਆਧਾਰ ’ਤੇ ਕੋੋਈ ਬਹੁਤ ਅਹਿਮ ਕੇਸਾਂ ਵਾਲਾ ਰੋਸਟਰ ਵੀ ਦਿੱਤਾ ਜਾ ਸਕਦਾ ਸੀ।
ਇਸੇ ਦੌਰਾਨ ਹਾਈ ਕੋਰਟ ਦੀਆਂ ਸੜਕਾਂ ’ਤੇ ਅੱਜ ਵਕੀਲਾਂ ਦੀ ਵੱਡੀ ਭੀੜ ਰਹੀ। ਵੱਡੀ ਗਿਣਤੀ ਵਿੱਚ ਐਡਵੋਕੇਟ ਅਤੇ ਵਕੀਲ ਜਸਟਿਸ ਮੁਰਲੀਧਰ ਦਾ ਸਵਾਗਤ ਕਰਨ ਲਈ ਪੁੱਜੇ। ਸੜਕਾਂ ’ਤੇ ਉਨ੍ਹਾਂ ਦੇ ਸਵਾਗਤ ਲਈ ਹੋਰਡਿੰਗ ਲੱਗੇ ਹੋਏ ਸਨ, ਜਿਨ੍ਹਾਂ ’ਚੋਂ ਇੱਕ ’ਤੇ ਲਿਖਿਆ ਸੀ, ‘‘ਦਿੱਲੀ ਦੇ ਨੁਕਸਾਨ ਨਾਲ ਪੰਜਾਬ ਦਾ ਫ਼ਾਇਦਾ’’। ਹਾਈ ਕੋਰਟ ਦੇ ਆਡੀਟੋਰੀਅਮ ਵਿੱਚ ਵਕੀਲਾਂ ਨੇ ਉਨ੍ਹਾਂ ਨੂੰ ਗੁਲਾਬ ਦੇ ਫੁੱਲ ਭੇਟ ਕਰਕੇ ਸਵਾਗਤ ਕੀਤਾ। ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹਾਈ ਕੋਰਟ ਦੇ ਮੌਜੂਦਾ ਅਤੇ ਸੇਵਾਮੁਕਤ ਜੱਜਾਂ, ਨੌਕਰਸ਼ਾਹਾਂ, ਰਿਸ਼ਤੇਦਾਰਾਂ ਅਤੇ ਐਡਵੋਕੇਟਾਂ ਦੀ ਹਾਜ਼ਰੀ ਵਿੱਚ ਜਸਟਿਸ ਮੁਰਲੀਧਰ ਨੇ ‘ਭਾਰਤ ਦੇ ਸੰਵਿਧਾਨ ਪ੍ਰਤੀ ਭਰੋਸੇ ਅਤੇ ਵਫ਼ਾਦਾਰੀ’ ਦੀ ਸਹੁੰ ਚੁੱਕੀ। ਜਸਟਿਸ ਮੁਰਲੀਧਰ ਨੂੰ ਹਾਈ ਕੋਰਟ ਦੇ ਕੌਲਿਜੀਅਮ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਚੀਫ ਜਸਟਿਸ ਝਾਅ ਅਤੇ ਜਸਟਿਸ ਰਾਜੀਵ ਸ਼ਰਮਾ ਹਨ। ਜਸਟਿਸ ਮੁਰਲੀਧਰ ਦੇ ਤਬਾਦਲੇ ਨਾਲ ਜੱਜਾਂ ਦੀ ਗਿਣਤੀ ਵਧ ਕੇ 56 ਹੋ ਗਈ ਹੈ ਜਦਕਿ ਕੁੱਲ 85 ਅਸਾਮੀਆਂ ਹਨ।
ਦੱਸਣਯੋਗ ਹੈ ਕਿ ਜਸਟਿਸ ਮੁਰਲੀਧਰ ਨੇ ਆਪਣੀ ਲਾਅ ਪ੍ਰੈਕਟਿਸ ਚੇਨੱਈ ਤੋਂ ਸਤੰਬਰ 1984 ਵਿੱਚ ਸ਼ੁਰੂ ਕੀਤੀ। ਉਨ੍ਹਾਂ ਦਾ 1987 ਵਿੱਚ ਸੁਪਰੀਮ ਕੋਰਟ ਅਤੇ ਦਿੱਲੀ ਹਾਈ ਕੋਰਟ ਵਿੱਚ ਤਬਾਦਲਾ ਹੋ ਗਿਆ। ਉਨ੍ਹਾਂ ਦੇ ਜ਼ਿਕਰਯੋਗ ਕੰਮਾਂ ਵਿੱਚ ਭੋਪਾਲ ਗੈਸ ਦੁਖਾਂਤ ਦੇ ਪੀੜਤਾਂ ਲਈ ਕੇਸ, ਨਰਮਦਾ ’ਤੇ ਡੈਮ ਬਣਾਏ ਜਾਣ ਕਾਰਨ ਉਜਾੜੇ ਦਾ ਸ਼ਿਕਾਰ ਹੋਏ ਲੋਕਾਂ ਦੇ ਕੇਸ ਸ਼ਾਮਲ ਹਨ।

ad