ਦਿੱਲੀ ਚੱਲੋ: ਅੱਥਰੂ ਗੈਸ ਦੇ ਗੋਲਿਆਂ ਕਾਰਨ ਸੌ ਕਿਸਾਨ ਜ਼ਖ਼ਮੀ

ਦਿੱਲੀ ਚੱਲੋ: ਅੱਥਰੂ ਗੈਸ ਦੇ ਗੋਲਿਆਂ ਕਾਰਨ ਸੌ ਕਿਸਾਨ ਜ਼ਖ਼ਮੀ

ਦਿੱਲੀ ਚੱਲੋ: ਅੱਥਰੂ ਗੈਸ ਦੇ ਗੋਲਿਆਂ ਕਾਰਨ ਸੌ ਕਿਸਾਨ ਜ਼ਖ਼ਮੀ
ਕੰਡਿਆਲੀ ਤਾਰ ਅਤੇ ਪੱਥਰਾਂ ਦੀ ਕੰਧ ਤੋੜੀ: 26 ਜ਼ਖ਼ਮੀ ਕਿਸਾਨ ਰਾਜਪੁਰਾ ਹਸਪਤਾਲ ਦਾਖ਼ਲ
ਪਟਿਆਲਾ/ਰਾਜਪੁਰਾ-ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਵੱੱਲੋਂ ‘ਦਿੱਲੀ ਚੱੱਲੋ’ ਦੇ ਦਿੱਤੇ ਗਏ ਸੱਦੇ ਤਹਿਤ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਦਾ ਕਾਫਲਾ ਅੱਜ ਸ਼ੰਭੂ ਬਾਰਡਰ ਪੁੱਜ ਗਿਆ ਹੈ ਪਰ ਹਰਿਆਣਾ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਨਾ ਵਧਣ ਦਿੱਤਾ। ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ’ਤੇ ਡਰੋਨ ਰਾਹੀਂ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਰਬੜ ਦੀਆਂ ਗੋਲੀਆਂ ਦੀ ਬੁਛਾੜ ਕੀਤੀ ਗਈ ਜਿਸ ਕਾਰਨ 100 ਦੇ ਕਰੀਬ ਕਿਸਾਨ ਤੇ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਅੱਧੀ ਦਰਜਨ ਪੱਤਰਕਾਰ ਵੀ ਸ਼ਾਮਲ ਹਨ ਪਰ ਇਸ ਜੱਦੋਜਹਿਦ ਦੌਰਾਨ ਕਿਸਾਨ ਕੌਮੀ ਮਾਰਗ ’ਤੇ ਲਾਈ ਕੰਡਿਆਲੀ ਤਾਰ ਅਤੇ ਪੱਥਰ ਦੇ ਬੈਰੀਕੇਡ ਪੁੱਟਣ ਵਿੱਚ ਸਫ਼ਲ ਰਹੇ। ਹੁਣ ਭਲਕੇ ਦਾ ਕਿਸਾਨਾਂ ਦਾ ਪੇਚਾ ਲੋਹੇ ਦੀਆਂ ਕਿੱਲਾਂ ਅਤੇ ਕੰਕਰੀਟ ਦੀਆਂ ਕੰਧਾਂ ਨਾਲ ਪਵੇਗਾ। ਫੱਟੜ ਪੱਤਰਕਾਰਾਂ ’ਚ ਨੀਲ ਭਲਿੰਦਰ ਸਿੰਘ, ਸਤਿੰਦਰ ਚੌਹਾਨ, ਕ੍ਰਿਸ਼ਨ ਸਿੰਘ ਤੇ ਰਾਣਾ ਨਿਰਮਾਣਾ ਸਮੇਤ ਹੋਰ ਸ਼ਾਮਲ ਹਨ। 26 ਜ਼ਖ਼ਮੀਆਂ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਡਾਕਟਰਾਂ ਨੇ ਪਟਿਆਲਾ ਰੈਫਰ ਕਰ ਦਿੱਤਾ ਹੈ। ਹਸਪਤਾਲ ਵਿੱਚ ਜ਼ੇਰੇ ਇਲਾਜ ਕਰਨਵੀਰ ਸਿੰਘ ਦੀ ਅੱਖ ਪਾਣੀ ਦੀ ਬੁਛਾੜ ਕਾਰਨ ਨੁਕਸਾਨੀ ਗਈ ਹੈ। ਉਸ ਨੇ ਦੱਸਿਆ ਕਿ ਪੁਲੀਸ ਨੇ ਪਹਿਲਾਂ ਉਸ ’ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਤੇ ਜਦੋਂ ਉਹ ਡਿੱਗ ਗਿਆ ਤਾਂ ਉਸ ਉਪਰ ਲਾਠੀਚਾਰਜ ਕੀਤਾ ਗਿਆ। ‘ਦਿੱਲੀ ਚੱਲੋ’ ਦਾ ਹੋਕਾ ਦੇਣ ਵਾਲੇ ਮੋਰਚੇ ਦੇ ਆਗੂਆਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਹਕੂਮਤਾਂ ਦੀਆਂ ਅਜਿਹੀਆਂ ਕਾਰਵਾਈਆਂ ਨੂੰ ਲੋਕ ਕਦੇ ਮੁਆਫ਼ ਨਹੀਂ ਕਰਨਗੇ।

ad