ਭਾਜਪਾ ਨੂੰ ਰੋਕਣ ਲਈ ਦੇਵਗੌੜਾ ਵਲੋਂ ਖੇਤਰੀ ਪਾਰਟੀਆਂ ਨੂੰ ਕਾਂਗਰਸ ਦਾ ਸਾਥ ਦੇਣ ਦਾ ਸੱਦਾ

ਭਾਜਪਾ ਨੂੰ ਰੋਕਣ ਲਈ ਦੇਵਗੌੜਾ ਵਲੋਂ ਖੇਤਰੀ ਪਾਰਟੀਆਂ ਨੂੰ ਕਾਂਗਰਸ ਦਾ ਸਾਥ ਦੇਣ ਦਾ ਸੱਦਾ

ਜੇਡੀ (ਐੱਸ) ਦੇ ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਨੇ ਸਾਰੀਆਂ ਖੇਤਰੀ ਅਤੇ ਧਰਮ-ਨਿਰਪੱਖ ਪਾਰਟੀਆਂ ਨੂੰ ਕਾਂਗਰਸ ਨਾਲ ਹੱਥ ਮਿਲਾਉਣ ਦਾ ਸੱਦਾ ਦਿੱਤਾ ਹੈ ਤਾਂ ਜੋ ਭਾਜਪਾ ਨੂੰ ਰੋਕਣ ਲਈ ਇਕਜੁਟ ਹੋ ਕੇ ਕੰਮ ਕੀਤਾ ਜਾ ਸਕੇ। ਕੇਵਲ ਭਾਸ਼ਣਾਂ ਨਾਲ ਕੁਝ ਨਾ ਹੋਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਖੇਤਰੀ ਅਤੇ ਧਰਮ ਨਿਰਪੱਖ ਪਾਰਟੀਆਂ ਨੂੰ ਦੇਸ਼ ਵਿੱਚ ਆਪਣੀ ਸਿਆਸੀ ਸ਼ਕਤੀ ਵਧਾਉਣ ਵੱਲ ਕੰਮ ਕਰਨਾ ਚਾਹੀਦਾ ਹੈ।
ਜੇਡੀ(ਐੱਸ) ਸੁਪਰੀਮੋ ਨੇ ਇੱਥੇ ਪਾਰਟੀ ਵਲੋਂ ਹਸਨ ਜ਼ਿਲ੍ਹੇ ਵਿੱਚ ਰੱਖੀ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਸਾਨੂੰ ਸਾਰਿਆਂ ਨੂੰ ਕਾਂਗਰਸ ਨਾਲ ਜੁੜ ਜਾਣਾ ਚਾਹੀਦਾ ਹੈ ਅਤੇ ਆਪਣੀ ਮੌਜੂਦਾ ਸ਼ਕਤੀ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਉਨ੍ਹਾਂ (ਭਾਜਪਾ) ਨੂੰ ਰੋਕ ਸਕਾਂਗੇ।’’ ਗੌੜਾ ਨੇ ਖੇਤਰੀ ਅਤੇ ਧਰਮ-ਨਿਰਪੱਖ ਪਾਰਟੀਆਂ ਨੂੰ ਵਿਹਲੇ ਬੈਠ ਕੇ ਦੇਸ਼ ਵਿੱਚ ਵਾਪਰ ਰਹੇ ਘਟਨਾਕ੍ਰਮ ਨੂੰ ਚੁੱਪਚਾਪ ਦੇਖਣ ਖ਼ਿਲਾਫ਼ ਚੌਕਸ ਕੀਤਾ। ਉਨ੍ਹਾਂ ਕਿਹਾ, ‘‘ਜੇਕਰ ਛੋਟੀਆਂ ਅਤੇ ਖੇਤਰੀ ਪਾਰਟੀਆਂ ਦੇਸ਼ ਨੂੰ ਡਾ. ਬੀ.ਆਰ ਅੰਬੇਡਕਰ ਵਲੋਂ ਦਿੱਤੀਆਂ ਤਾਕਤਾਂ ਦੀ ਵਰਤੋਂ ਨਹੀਂ ਕਰਨਗੀਆਂ, ਤਾਂ ਉਹ (ਭਾਜਪਾ) ਉਨ੍ਹਾਂ ਤਾਕਤਾਂ ਨੂੰ ਖ਼ਤਮ ਕਰਨ ਦੀ ਹੱਦ ਤੱਕ ਚਲੇ ਜਾਣਗੇ।’’ ਦਿਲਚਸਪ ਗੱਲ ਇਹ ਹੈ ਕਿ ਜੇਡੀ (ਐੱਸ) ਦੇ ਸਰਪ੍ਰਸਤ ਨੇ ਦਸੰਬਰ ਵਿੱਚ ਹੋਈਆਂ ਕਰਨਾਟਕ ਵਿਧਾਨ ਸਭਾ ਚੋਣਾਂ ਮੌਕੇ ਕਿਹਾ ਸੀ ਕਿ ਉਹ ਕਾਂਗਰਸ ਨਾਲ ਗਠਜੋੜ ਨਹੀਂ ਕਰਨਗੇ ਅਤੇ ਇਸ ਪਾਰਟੀ ਨੂੰ ‘ਗੈਰ-ਭਰੋਸੇਯੋਗ’ ਦੱਸਿਆ ਸੀ। 

ad