Warning: mysqli_affected_rows() expects exactly 1 parameter, 0 given in /home12/punjabiy/public_html/sites/indocanadian/includes/func.php on line 837

ਸਰਕਾਰ ਨੇ ਕੁਦਰਤੀ ਗੈਸ ਤੋਂ ਵੈਟ ਘਟਾਇਆ

ਸਰਕਾਰ ਨੇ ਕੁਦਰਤੀ ਗੈਸ ਤੋਂ ਵੈਟ ਘਟਾਇਆ

ਚੰਡੀਗੜ੍ਹ-ਉਦਯੋਗ ਨੂੰ ਵਾਤਾਵਰਨ ਪੱਖੀ ਕੁਦਰਤੀ ਗੈਸ ਦੀ ਵਰਤੋਂ ਵੱਲ ਮੋੜਨ ਅਤੇ ਮਾਲੀਆ ਵਧਾਉਣ ਦੇ ਉਦੇਸ਼ ਨਾਲ ਕੈਪਟਨ ਸਰਕਾਰ ਨੇ ਅੱਜ ਨੋਟੀਫਿਕੇਸ਼ਨ ਜਾਰੀ ਕਰਦਿਆਂ ਕੁਦਰਤੀ ਗੈਸ ’ਤੇ ਵੈਟ ਦੀ ਦਰ 14.3 ਤੋਂ ਘਟਾ ਕੇ 3 ਫ਼ੀਸਦੀ ਕਰ ਦਿੱਤੀ ਹੈ। ਸੋਧੀਆਂ ਦਰਾਂ ਨਾਲ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ ਅਤੇ ਚੰਡੀਗੜ੍ਹ ਸਣੇ ਪੂਰੇ ਉੱਤਰੀ ਸੂਬਿਆਂ ਵਿੱਚੋਂ ਪੰਜਾਬ ਵਿੱਚ ਵੈਟ ਦੀ ਦਰ ਸਭ ਤੋਂ ਘਟ ਗਈ ਹੈ। ਇਸ ਫ਼ੈਸਲੇ ਨਾਲ ਉਦਯੋਗ ਨੂੰ ਪ੍ਰਦੂਸ਼ਣ ਪੈਦਾ ਕਰਦੇ ਤੇਲ ਤੋਂ ਵਾਤਾਵਰਨ ਪੱਖੀ ਕੁਦਰਤੀ ਗੈਸ ਦੀ ਵਰਤੋਂ ਵੱਲ ਮੋੜਿਆ ਜਾ ਸਕੇਗਾ ਤੇ ਇਸ ਨਾਲ ਸੂਬੇ ਵਿੱਚ ਉਦਯੋਗਿਕ ਪ੍ਰਦੂਸ਼ਣ ਘਟਾਉਣ ਵਿੱਚ ਮਦਦ ਮਿਲੇਗੀ। ਵੈਟ ਘਟਣ ਨਾਲ ਪੰਜਾਬ ਵਿੱਚ ਕੁਦਰਤੀ ਗੈਸ ਦੀ ਵਿਕਰੀ ਵਧਣ ਦੀ ਵੀ ਸੰਭਾਵਨਾ ਹੈ, ਇਸ ਨਾਲ ਮਾਲੀਆ ਵੀ ਵਧੇਗਾ। ਪੰਜਾਬ ਵਿੱਚ ਇਸ ਵੇਲੇ ਕੁਦਰਤੀ ਗੈਸ ’ਤੇ ਵੈਟ ਦੀ ਦਰ 13 ਫ਼ੀਸਦੀ ਤੇ 1.30 ਫ਼ੀਸਦੀ ਸਰਚਾਰਜ ਵੀ ਹੈ, ਜੋ 14.30 ਫ਼ੀਸਦੀ ਬਣਦਾ ਹੈ। ਨੈਸ਼ਨਲ ਫਰਟੀਲਾਈਜ਼ਰ ਲਿਮਿਟਡ (ਐਨ.ਐਫ.ਐਲ.) ਗੈਸ ਦੀ ਵੱਡੀ ਖ਼ਪਤ ਕਰਦਾ ਹੈ ਜਿਸ ਦੇ ਬਠਿੰਡਾ ਅਤੇ ਨੰਗਲ ਵਿਚ ਸਥਿਤ ਪਲਾਂਟਾਂ ਵਿੱਚ ਇਸ ਦੀ ਵਰਤੋਂ ਹੁੰਦੀ ਹੈ।
ਇਸ ਫ਼ੈਸਲੇ ਨਾਲ ਗੋਬਿੰਦਗੜ੍ਹ ਅਤੇ ਲੁਧਿਆਣਾ ਵਿੱਚ ਬਹੁਤ ਸਾਰੇ ਸਨਅਤੀ ਯੂਨਿਟ, ਜੋ ਵੱਡੀ ਮਾਤਰਾ ਵਿੱਚ ਰਵਾਇਤੀ ਤੇਲ ਦੀ ਵਰਤੋਂ ਕਰਦੇ ਹਨ, ਨੂੰ ਕੁਦਰਤੀ ਗੈਸ ਦੀ ਵਰਤੋਂ ਪ੍ਰਤੀ ਉਤਸ਼ਾਹ ਮਿਲੇਗਾ। ਐਨ.ਐਫ.ਐਲ. ਵੱਲੋਂ ਗੁਜਰਾਤ ਤੋਂ ਹਰ ਮਹੀਨੇ 300 ਕਰੋੜ ਰੁਪਏ ਦੀ ਕੁਦਰਤੀ ਗੈਸ ਖ਼ਰੀਦੀ ਜਾ ਰਹੀ ਹੈ ਅਤੇ 15 ਫ਼ੀਸਦੀ ਦੀ ਦਰ ਦੇ ਹਿਸਾਬ ਨਾਲ ਕੇਂਦਰੀ ਸੂਬਾਈ ਟੈਕਸ ਦਾ 45 ਕਰੋੜ ਰੁਪਏ ਉਸ ਸੂਬੇ ਨੂੰ ਅਦਾ ਕੀਤਾ ਜਾ ਰਿਹਾ ਹੈ। ਕੁਦਰਤੀ ਗੈਸ ’ਤੇ ਵੈਟ ਦੀ ਦਰ ਘਟਣ ਨਾਲ ਕੁਦਰਤੀ ਗੈਸ ਸਪਲਾਇਰ ਐਨ.ਐਫ.ਐਲ. ਨੂੰ ਕੁਦਰਤੀ ਗੈਸ ਦੀ ਬਿਲਿੰਗ ਪੰਜਾਬ ਤੋਂ ਸ਼ੁਰੂ ਕਰੇਗਾ ਜਿਸ ਨਾਲ ਕੁਦਰਤੀ ਗੈਸ ’ਤੇ ਪੰਜਾਬ ਦੀ ਵੈਟ ਵਸੂਲੀ ਵਧ ਸਕਦੀ ਹੈ। ਮਾਰਚ, 2015 ਤੋਂ ਪਹਿਲਾਂ ਕੁਦਰਤੀ ਗੈਸ ’ਤੇ ਵੈਟ ਦੀ ਦਰ 5.5 ਫ਼ੀਸਦੀ ਜੋ ਸਰਚਾਰਜ ਸਣੇ 6.05 ਫ਼ੀਸਦੀ ਬਣਦਾ ਹੈ। ਮਾਰਚ, 2015 ਤੋਂ ਬਾਅਦ ਕੁਦਰਤੀ ਗੈਸ ’ਤੇ ਵੈਟ ਦੀ ਦਰ 6.05 ਫ਼ੀਸਦੀ ਤੋਂ ਵਧ ਕੇ 14.3 ਫ਼ੀਸਦੀ ਹੋ ਗਈ। ਵੈਟ ਦੀ ਦਰ ਵਿੱਚ ਵਾਧਾ ਹੋਣ ਨਾਲ ਐਨ.ਐਫ.ਐਲ. ਨੇ ਕੁਦਰਤੀ ਗੈਸ ਦੀ ਅੰਤਰਰਾਜੀ ਬਿਲਿੰਗ ਸ਼ੁਰੂ ਕਰ ਦਿੱਤੀ ਸੀ ਜਿਸ ਨਾਲ ਕੁਦਰਤੀ ਗੈਸ ’ਤੇ ਵੈਟ ਤੋਂ ਮਾਲੀਆ ਘਟ ਗਿਆ ਸੀ। ਸਾਲ 2014-15 ਤੋਂ ਲੈ ਕੇ 2018-19 ਦੇ ਸਾਲਾਂ ਦੌਰਾਨ ਕੁਦਰਤੀ ਗੈਸ ’ਤੇ ਵੈਟ ਦੀ ਵਸੂਲੀ ਕਾਫ਼ੀ ਘਟ ਗਈ ਸੀ।

super visa