ਚੰਡੀਗੜ੍ਹ-‘ਵਜ਼ਾਰਤ ਦੀਆਂ ਮੀਟਿੰਗਾਂ ਵਿੱਚ ਮੁੱਖ ਮੰਤਰੀ ਦੀ ਕੁਰਸੀ ਮੇਰੇ ਤੋਂ ਤਿੰਨ ਇੰਚ ਦੀ ਦੂਰੀ ‘ਤੇ ਹੁੰਦੀ ਹੈ ਪਰ ਮੁੱਖ ਮੰਤਰੀ ਨੂੰ ਮੇਰੇ ਉੱਤੇ ਭਰੋਸਾ ਨਹੀਂ ਹੈ। ਮੈਂ ਹਮੇਸ਼ਾਂ ਉਨ੍ਹਾਂ ਨੂੰ ਵੱਡਾ ਮੰਨਦਾ ਹਾਂ ਪਰ ਮੇਰੇ ਇਕੱਲੇ ਦੇ ਵਿਭਾਗ ਨੂੰ ਨਿਸ਼ਾਨਾ ਬਣਾਇਆ ਗਿਆ। ਉਹ ਇਹ ਗੱਲ ਮੈਨੂੰ ਇਕੱਲੇ ਨੂੰ ਬੁਲਾ ਕੇ ਕਹਿ ਦਿੰਦੇ। ਜੋ ਨਹੀਂ ਕਹੀ ਗਈ’, ਅੱਜ ਇਹ ਵਿਚਾਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੁਝ ਪੱਤਰਕਾਰਾਂ ਨਾਲ ਆਪਣੇ ਨਿਵਾਸ ਸਥਾਨ ’ਤੇ ਦੁਪਹਿਰ ਨੂੰ ਸਾਂਝੇ ਕੀਤੇ ਜਦੋਂ ਉਸ ਸਮੇਂ ਪੰਜਾਬ ਸਕੱਤਰੇਤ ਵਿੱਚ ਪੰਜਾਬ ਵਜ਼ਾਰਤ ਦੀ ਮੀਟਿੰਗ ਚੱਲ ਰਹੀ ਸੀ। ਇਹ ਪੁੱਛੇ ਜਾਣ ਉੱਤੇ ਕਿ ਤੁਸੀ ਵਜ਼ਾਰਤ ਦੀ ਮੀਟਿੰਗ ਵਿੱਚ ਨਹੀਂ ਗਏ ਤਾਂ ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਉਨ੍ਹਾਂ ਦੇ ਵਿਭਾਗ ਦਾ ਕੋਈ ਏਜੰਡਾ ਨਹੀਂ ਸੀ ਤੇ ਇਸ ਕਰਕੇ ਉਹ ਮੀਟਿੰਗ ਵਿਚ ਨਹੀਂ ਗਏ।
ਉਨ੍ਹਾਂ ਕਿਹਾ, ‘ਮੈਂ ਡੰਕੇ ਦੀ ਚੋਟ ’ਤੇ ਕਹਿੰਦਾ ਹਾਂ ਸ਼ਹਿਰਾਂ ਨੇ ਕਾਂਗਰਸ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਹੈ।’ ਪੰਜਾਬ ਪ੍ਰਦੇਸ ਕਾਂਗਰਸ ਅਨੁਸਾਰ ਵਿਧਾਨ ਸਭਾ ਦੀਆਂ 54 ਸ਼ਹਿਰੀ ਸੀਟਾਂ ਹਨ ਤੇ ਕਾਂਗਰਸ ਨੇ ਇਨ੍ਹਾਂ ਵਿਚੋ 34 ਜਿੱਤੀਆਂ ਹਨ। ਨਿਰੋਲ 25 ਸ਼ਹਿਰੀ ਸੀਟਾਂ ਹਨ ਜਿਨ੍ਹਾਂ ਵਿਚੋ 16 ਜਿੱਤੀਆਂ ਹਨ। ਕਾਂਗਰਸ ਨੇ ਚਾਰੇ ਨਗਰ ਨਿਗਮਾਂ ਦੀਆਂ ਚੋਣਾਂ ਜਿੱਤੀਆਂ ਹਨ। ਪਿਛਲੀ ਵਾਰ 2014 ਦੀਆਂ ਚੋਣਾਂ ਵਿਚ ਕਾਂਗਰਸ ਨੇ ਸ਼ਹਿਰੀ ਸੀਟਾਂ ਵਿੱਚੋਂ ਕੇਵਲ 37 ਜਿੱਤੀਆ ਸਨ ਤੇ ਇਸ ਵਾਰ 34 ਜਿੱਤੀਆਂ ਹਨ। ਪਿੰਡਾਂ ਦੀਆਂ 63 ਸੀਟਾਂ ਵਿੱਚੋਂ ਕਾਂਗਰਸ ਨੇ 35 ਜਿੱਤੀਆਂ ਹਨ ਜੋ 55 ਫੀਸਦੀ ਬਣਦੀਆਂ ਹਨ। ਪਿਛਲੇ ਤਿੰਨ ਦਹਾਕਿਆਂ ਤੋਂ ਬਠਿੰਡਾ ਤੇ ਫਿਰੋਜ਼ਪੁਰ ਦੀਆਂ ਸੀਟਾਂ ਕਾਂਗਰਸ ਨੇ ਨਹੀਂ ਜਿੱਤੀਆਂ। ਉਨ੍ਹਾਂ ਕਿਹਾ ਕਿ ਜਦੋਂ ਸਵਾ ਦੋ ਸਾਲ ਪਹਿਲਾਂ ਸਥਾਨਕ ਸਰਕਾਰਾਂ ਦਾ ਵਿਭਾਗ ਦਿੱਤਾ ਗਿਆ ਸੀ ਤਾਂ ਵਿਭਾਗ ਕੋਲ ਕੋਈ ਪੈਸਾ ਨਹੀਂ ਸੀ ਤੇ ਇਸ ਵੇਲੇ ਦਸ ਹਜ਼ਾਰ ਕਰੋੜ ਰੁਪਏ ਹਨ ਤੇ ਸਮਾਰਟ ਸਿਟੀ ਕੋਲ ਇਸ ਤੋਂ ਵੱਖ ਪੈਸਾ ਹੈ ਤੇ ਫਿਰ ਵੀ ਉਨ੍ਹਾਂ ਦੇ ਇਕੱਲੇ ਵਿਭਾਗ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜੋ ਵਾਜਬ ਨਹੀਂ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਸਦਾ ਅਸੂਲਾਂ ‘ਤੇ ਪਹਿਰਾ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨੇ ਆਪਣੇ ਮਰਹੂਮ ਪਿਤਾ ਭਗਵੰਤ ਸਿੰਘ ਸਿੱਧੂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਕਵਿਤਾ ਦੀਆਂ ਦੋ ਸਤਰਾਂ ਸੁਣਾਈਆਂ, ‘ਅਸੂਲੋਂ ਪੇ ਆਂਚ ਆਏ ਤੋਂ ਟਕਰਾਨਾ ਜ਼ਰੂਰੀ ਹੈ, ਜ਼ਿੰਦਾ ਹੈ, ਜ਼ਿੰਦਾ ਨਜ਼ਰ ਆਨਾ ਜ਼ਰੂਰੀ ਹੈ।’ ਇਸ ਤੋਂ ਸਪੱਸ਼ਟ ਹੈ ਕਿ ਸਿੱਧੁੂ ਆਪਣੇ ਹੱਕ ਸੱਚ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ।

 

 

fbbg-image

Latest News
Magazine Archive