59 ਮਿੰਟਾਂ ’ਚ ਇਕ ਕਰੋੜ ਚੁੱਕੋ: ਮੋਦੀ


ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪੋਰਟਲ ਰਾਹੀਂ 59 ਮਿੰਟਾਂ ਵਿੱਚ ਇਕ ਕਰੋੜ ਰੁਪਏ ਤੱਕ ਦਾ ਕਰਜ਼ਾ ਦੇਣ ਸਮੇਤ ਕਈ ਕਦਮ ਚੁੱਕੇ ਜਾਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਜੀਐੱਸਟੀ ਰਜਿਸਟਰਡ ਛੋਟੇ ਤੇ ਦਰਮਿਆਨੇ ਉਦਯੋਗ ਹੁਣ ਸਿਰਫ਼ 59 ਮਿੰਟਾਂ ਵਿੱਚ ਇਕ ਕਰੋੜ ਰੁਪਏ ਤੱਕ ਦਾ ਕਰਜ਼ਾ ਲੈ ਸਕਣਗੇ। ਇਸ ਦੇ ਨਾਲ ਹੀ ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਇਕ ਕਰੋੜ ਰੁਪਏ ਤੱਕ ਦੇ ਇੰਕਰੀਮੈਂਟਲ ਕਰਜ਼ੇ ’ਤੇ ਵਿਆਜ ’ਚ ਦੋ ਫੀਸਦ ਤੱਕ ਦੀ ਛੋਟ ਵੀ ਮਿਲੇਗੀ।
ਸ੍ਰੀ ਮੋਦੀ ਨੇ ਕਿਹਾ ਕਿ ਇਸ ਖੇਤਰ ਦੇ ਬਰਾਮਦਕਾਰਾਂ ਲਈ ਬਰਾਮਦ ਤੋਂ ਪਹਿਲਾਂ ਤੇ ਬਾਅਦ ਦੀ ਜ਼ਰੂਰਤ ਲਈ ਮਿਲਣ ਵਾਲੇ ਕਰਜ਼ੇ ’ਤੇ ਵਿਆਜ ਸਹਾਇਤਾ ਨੂੰ ਤਿੰਨ ਫੀਸਦ ਤੋਂ ਵਧਾ ਕੇ ਪੰਜ ਫੀਸਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਲਏ ਗਏ 12 ਫੈਸਲੇ ਇਤਿਹਾਸਕ ਹਨ।
ਵਿਸ਼ਵ ਬੈਂਕ ਦੀ ‘ਕਾਰੋਬਾਰ ਕਰਨ ਲਈ ਸਾਜ਼ਗਾਰ ਮਾਹੌਲ’ ਦੀ ਰੈਂਕਿੰਗ ਵਿੱਚ 23 ਸਥਾਨਾਂ ਦੀ ਮਾਰੀ ਗਈ ਛਾਲ ਬਾਰੇ ਸ੍ਰੀ ਮੋਦੀ ਨੇ ਕਿਹਾ ਚਾਰ ਸਾਲਾਂ ਵਿੱਚ ਉਨ੍ਹਾਂ ਦੀ ਸਰਕਾਰ ਨੇ ਜੋ ਹਾਸਲ ਕੀਤਾ ਹੈ ਉਸ ਦੀ ਵਧੇਰੇ ਲੋਕਾਂ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਇਸ ਦੌਰਾਨ ਭਾਰਤ ਨੇ ਜੋ ਹਾਸਲ ਕੀਤਾ ਹੈ ਉਹ ਦੁਨੀਆਂ ਦੇ ਕਿਸੇ ਹੋਰ ਦੇਸ਼ ਨੇ ਹਾਸਲ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰ ਲਈ ਸਾਜ਼ਗਾਰ ਮਾਹੌਲ ਦੀ ਰੈਂਕਿੰਗ ਵਿੱਚ ਭਾਰਤ 142ਵੇਂ ਸਥਾਨ ਤੋਂ ਉੱਠ ਕੇ 77ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਹੁਣ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਸਿਖਰਲੇ 50 ਦੇਸ਼ਾਂ ਵਿੱਚ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ਨਿਯਮਾਂ ਤੇ ਪ੍ਰਕਿਰਿਆਵਾਂ ’ਚ ਸੁਧਾਰ ਨਾਲ ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਅੱਗੇ ਵਧਣ ਵਿੱਚ ਮਦਦ ਮਿਲੇਗੀ।
ਭਾਰਤ ਦੇ ਹਾਲਾਤ ’ਤੇ ਨਜ਼ਰ: ਆਈਐੱਮਐੱਫ
ਵਾਸ਼ਿੰਗਟਨ - ਕੌਮਾਂਤਰੀ ਮੁੱਦਰਾ ਫੰਡ (ਆਈਐੱਮਐੱਫ) ਨੇ ਕਿਹਾ ਹੈ ਕਿ ਉਸ ਵੱਲੋਂ ਭਾਰਤੀ ਰਿਜ਼ਰਵ ਬੈਂਕ ਅਤੇ ਭਾਰਤ ਸਰਕਾਰ ਵਿਚਾਲੇ ਪੈਦਾ ਹੋਏ ਮੱਤਭੇਦ ’ਤੇ ਨਜ਼ਰ ਰੱਖੀ ਜਾ ਰਹੀ ਸੀ। ਆਈਐੱਮਐੱਫ ਨੇ ਅਜਿਹੇ ਕਿਸੇ ਵੀ ਕਦਮ ਦਾ ਵਿਰੋਧ ਕੀਤਾ ਹੈ ਜਿਸ ਨਾਲ ਕਿ ਦੁਨੀਆਂ ਵਿੱਚ ਕਿਤੇ ਵੀ ਕੇਂਦਰੀ ਬੈਂਕਾਂ ਦੀ ਆਜ਼ਾਦੀ ਨਾਲ ਕੋਈ ਸਮਝੌਤਾ ਹੁੰਦਾ ਹੋਵੇ।ਆਈਐੱਮਐੱਫ ਦੇ ਡਾਇਰੈਕਟਰ ਆਫ਼ ਕਮਿਊਨਿਕੇਸ਼ਨ ਗੈਰੀ ਰਾਈਸ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਵੱਲੋਂ ਮਾਮਲੇ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਅਜਿਹੀ ਦਖ਼ਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਜਿਸ ਨਾਲ ਕਿ ਕੇਂਦਰੀ ਬੈਂਕਾਂ ਦੀ ਆਜ਼ਾਦੀ ਨਾਲ ਸਮਝੌਤਾ ਹੁੰਦਾ ਹੋਵੇ। ਉਨ੍ਹਾਂ ਕਿਹਾ ਕਿ ਇਹ ਦੁਨੀਆਂ ਭਰ ਦੀ ਸਚਾਈ ਹੈ ਕਿ ਕੇਂਦਰੀ ਬੈਂਕਾਂ ਅਤੇ ਵਿੱਤੀ ਨਿਗਰਾਨਾਂ ਦੀ ਆਜ਼ਾਦੀ ਸਭ ਤੋਂ ਮਹੱਤਵਪੂਰਨ ਹੈ।
ਅਗਲੇ ਸਾਲਾਂ ਵਿੱਚ ਭਾਰਤ ਤਿੰਨ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ’ਚ ਸ਼ਾਮਲ ਹੋਵੇਗਾ: ਜੇਤਲੀ
ਨਵੀਂ ਦਿੱਲੀ - ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਸਾਲ 2019 ਵਿੱਚ ਭਾਰਤ ਵਿਸ਼ਵ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਅਤੇ ਅਗਲੇ ਸਾਲਾਂ ਵਿੱਚ ਵਿਸ਼ਵ ਦੀਆਂ ਤਿੰਨ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋਵੇਗਾ। ਉਹ ਇੱਥੇ ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਸਹਿਯੋਗ ਤੇ ਅੱਗੇ ਵਧਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਸਬੰਧੀ ਸਮਾਗਮ ਵਿੱਚ ਬੋਲ ਰਹੇ ਸਨ। ਸ੍ਰੀ ਜੇਤਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਭਾਰਤ ਵਿਸ਼ਵ ਆਰਥਿਕ ਦ੍ਰਿਸ਼ਭੂਮੀ ਵਿੱਚ ਨੌਵੇਂ ਸਥਾਨ ਤੋਂ ਉੱਠ ਕੇ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ।

 

 

fbbg-image

Latest News
Magazine Archive