ਪੋਲੇ ਪੋਲੇ ਪੱਬ ਧਰ ਨਿਕਲ ਗਏ ਬਾਦਲ


ਬਠਿੰਡਾ - ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਬਗ਼ਾਵਤ’ ਲਫ਼ਜ਼ ਤੋਂ ਭੈਅ ਖਾਣ ਲੱਗੇ ਹਨ। ਜਿਉਂ ਹੀ ਸ਼੍ਰੋਮਣੀ ਅਕਾਲੀ ਦਲ ‘ਚ ਬਗਾਵਤੀ ਸੁਰ ‘ਤੇ ਹੁਣ ਕੋਈ ਸੁਆਲ ਹੁੰਦਾ ਹੈ ਤਾਂ ਸਾਬਕਾ ਮੁੱਖ ਮੰਤਰੀ ਟਾਲਮਟੋਲ ਹੀ ਨਹੀਂ ਕਰਦੇ, ਸਗੋਂ ਛੇਤੀ ਖਿਸਕਣਾ ਸ਼ੁਰੂ ਕਰ ਦਿੰਦੇ ਹਨ। ਏਦਾਂ ਹੀ ਅੱਜ ਬਠਿੰਡਾ ‘ਚ ਹੋਇਆ। ਸਾਬਕਾ ਮੁੱਖ ਮੰਤਰੀ ਬਾਦਲ ਮੀਡੀਆ ਨੂੰ ਹਰ ਸੁਆਲ ਦਾ ਜੁਆਬ ਪੂਰੇ ਠਰ੍ਹੰਮੇ ਨਾਲ ਦਿੰਦੇ ਰਹੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ‘ਪਾਰਟੀ ਅੰਦਰ ਉੱਠੀਆਂ ਬਗ਼ਾਵਤ ਸੁਰਾਂ ਨਾਲ ਕਿਵੇਂ ਨਜਿੱਠੋਗੇ’, ਤਾਂ ਬਾਦਲ ਦਾ ਲਹਿਜ਼ਾ ਹੀ ਬਦਲ ਗਿਆ। ਨਾਲ ਆਏ ਸਟਾਫ਼ ਨੂੰ ਕਾਹਲੀ ਹੋਣ ਦੀ ਗੱਲ ਆਖ ਕੇ ਸ੍ਰੀ ਬਾਦਲ ਉਦੋਂ ਹੀ ਤੁਰ ਪਏ। ਬਾਦਲ ਨੇ ਜਾਂਦੇ ਜਾਂਦੇ ਏਨਾ ਹੀ ਆਖਿਆ ‘ਸਭ ਕੁੱਝ ਠੀਕ ਹੋ ਜਾਵੇਗਾ’। ਸਾਬਕਾ ਮੁੱਖ ਮੰਤਰੀ ਬਾਦਲ ਬਾਰੇ ਇਹ ਗੱਲ ਪ੍ਰਚਲਿਤ ਹੈ ਕਿ ਜਦੋਂ ਵੀ ਮੀਡੀਆ ਤਰਫ਼ੋਂ ਉਨ੍ਹਾਂ ਨੂੰ ਤਿੱਖਾ ਸੁਆਲ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਮੀਡੀਆ ਨਾਲ ਗੱਲਬਾਤ ਇਕਦਮ ਸੰਖੇਪ ਹੋ ਜਾਂਦੀ ਹੈ। ‘ਛੱਡੋ ਜੀ’ ਆਖ ਕੇ ਉੱਠ ਖੜ੍ਹਦੇ ਹਨ। ਮੀਡੀਆ ‘ਚ ਇਸ ਬਾਰੇ ਬੜਾ ਸਾਫ਼ ਹੈ ਕਿ ਵੱਡੇ ਬਾਦਲ ਨੂੰ ਪਹਿਲਾਂ ਪੋਲੇ ਪੋਲੇ ਸੁਆਲ ਹੀ ਪੁੱਛੇ ਜਾਣ। ਸ਼ੁਰੂ ‘ਚ ਹੀ ਕੋਈ ਤਿੱਖਾ ਸੁਆਲ ਕਰ ਦਿੱਤਾ ਤਾਂ ਵੱਡੇ ਬਾਦਲ ਨੇ ਰੁਕਣਾ ਨਹੀਂ। ਅੱਜ ਵੀ ਜਿਉਂ ਹੀ ਪਾਰਟੀ ਅੰਦਰ ਬਗ਼ਾਵਤ ‘ਤੇ ਸੁਆਲ ਕੀਤਾ ਤਾਂ ਬਾਦਲ ਉਦੋਂ ਹੀ ਤੁਰ ਪਏ। ਜਦੋਂ ਕਦੇ ਪਹਿਲਾਂ ਵੀ ਕੋਈ ਸਖ਼ਤ ਸੁਆਲ ਪੁੱਛਿਆ ਜਾਂਦਾ ਰਿਹਾ ਹੈ ਤਾਂ ਉਹ ਸੁਆਲ ਅਣਸੁਣਿਆ ਕਰਕੇ ਤੁਰ ਪੈਂਦੇ ਹਨ। ਸਾਬਕਾ ਮੁੱਖ ਮੰਤਰੀ ਬਾਦਲ ਅੱਜ ਸ਼ਹਿਰ ਦੇ ਮਿੱਤਲ ਮਾਲ ਵਿਚ ਨਵੇਂ ਖੁੱਲ੍ਹੇ ਰਨਬਾਜ਼ ਡੈਂਟਲ ਸੈਂਟਰ ਵਿਚ ਵੀ ਦੰਦਾਂ ਦਾ ਚੈੱਕਅਪ ਕਰਾਉਣ ਆਏ ਸਨ। ਉਨ੍ਹਾਂ ਨੇ ਸੈਂਟਰ ਦਾ ਉਦਘਾਟਨ ਵੀ ਕੀਤਾ ਅਤੇ ਦੰਦਾਂ ਦਾ ਚੈੱਕਅਪ ਵੀ ਕਰਾਇਆ। ਕਰੀਬ ਇੱਕ ਘੰਟਾ ਉਹ ਸੈਂਟਰ ਵਿਚ ਠਹਿਰੇ। ਡਾਕਟਰਾਂ ਨੇ ਉਨ੍ਹਾਂ ਦੇ ਦੰਦਾਂ ਦੀ ਜਾਂਚ ਕੀਤੀ। ਉਪਰੰਤ ਸ੍ਰੀ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਸਾਬਕਾ ਮੁੱਖ ਮੰਤਰੀ ਬਾਦਲ ਨੇ ਪਰਾਲੀ ਦੇ ਮਾਮਲੇ ‘ਤੇ ਆਖਿਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਪਰਾਲੀ ਦੇ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ, ਕਿਉਂਕਿ ਕਿਸਾਨ ਦੇ ਕੁੱਝ ਵੀ ਵੱਸ ਵਿਚ ਨਹੀਂ ਰਿਹਾ ਹੈ। ਉਨ੍ਹਾਂ ਆਖਿਆ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਮੁਫ਼ਤ ਮਸ਼ੀਨਰੀ ਦੇਣ ਤਾਂ ਜੋ ਕਿਸਾਨ ਪਰਾਲੀ ਸੰਭਾਲ ਸਕਣ। ਕਿਸਾਨਾਂ ਨੇ ਹੁਣ ਕਣਕ ਦੀ ਬਿਜਾਈ ਵੀ ਕਰਨੀ ਹੈ ਜਿਸ ਕਰਕੇ ਸਮਾਂ ਵੀ ਘੱਟ ਬਚਦਾ ਹੈ। ਸਾਬਕਾ ਮੁੱਖ ਮੰਤਰੀ ਬਾਦਲ ਨੇ ਆਖਿਆ ਕਿ ਪੰਜਾਬ ਸਰਕਾਰ ਇਤਿਹਾਸ ਨੂੰ ਪੁੱਠਾ ਗੇੜ ਦੇ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਸਿਲੇਬਸ ਦੀਆਂ ਕਿਤਾਬਾਂ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸ਼ਹਾਦਤ ਹੀ ਨਹੀਂ ਮੰਨਿਆ ਜਾ ਰਿਹਾ ਹੈ। ਉਨ੍ਹਾਂ ਇਸ ਨੂੰ ਮੰਦਭਾਗਾ ਦੱਸਿਆ।

 

 

fbbg-image

Latest News
Magazine Archive