48 ਘੰਟਿਆਂ ’ਚ ਚਾਰ ਜੱਜਾਂ ਦੀ ਨਿਯੁਕਤੀ

ਤੋਂ ਚੀਫ ਜਸਟਿਸ ਹੈਰਾਨ


ਨਵੀਂ ਦਿੱਲੀ - ਹਾਈ ਕੋਰਟਾਂ ਦੇ ਚਾਰ ਜੱਜਾਂ ਦੇ ਨਾਵਾਂ ਨੂੰ ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਵਿਚ ਨਿਯੁਕਤ ਕਰਨ ਸਬੰਧੀ ਦਿੱਤੀ ਪ੍ਰਵਾਨਗੀ ਤੋਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਹੈਰਾਨ ਹਨ। ਸੁਪਰੀਮ ਕੋਰਟ ਕੌਲਿਜ਼ੀਅਮ ਨੇ 30 ਅਕਤੂਬਰ ਨੂੰ ਚਾਰ ਜੱਜਾਂ ਦੇ ਨਾਵਾਂ ਦੀ ਤਰੱਕੀ ਲਈ ਕੇਂਦਰ ਸਰਕਾਰ ਨੂੰ ਸਿਫਾਰਸ਼ ਕੀਤੀ ਸੀ ਅਤੇ ਉਨ੍ਹਾਂ ਨੇ ਅੱਜ ਦੋ ਨਵੰਬਰ ਨੂੰ ਸਹੁੰ ਵੀ ਚੁੱਕ ਲਈ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਕੌਲਿਜ਼ੀਅਮ ਵੱਲੋਂ ਭੇਜੇ ਨਾਵਾਂ ਨੂੰ ਠੰਢੇ ਬਸਤੇ ਵਿਚ ਪਾ ਰੱਖਿਆ ਹੈ। ਇਸ ਸਬੰਧੀ ਦਾਇਰ ਇੱਕ ਪਟੀਸ਼ਨ ਉੱਤੇ ਸੁਪਰੀਮ ਕੋਰਟ ਨੇ ਅੱਠ ਹਫਤਿਆਂ ਬਾਅਦ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ। ਅੱਜ ਸੁਪਰੀਮ ਕੋਰਟ ਵਿਚ ਕਵਰੇਜ ਕਰਦੇ ਪੱਤਰਕਾਰਾਂ ਵੱਲੋਂ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਗੋਗੋਈ ਨੇ ਕਿਹਾ ਕਿ ਉਨ੍ਹਾਂ ਨੇ ਬੁੱਧਵਾਰ ਨੂੰ 11 ਵਜੇ ਕੇਂਦਰ ਨੂੰ ਸਿਫਾਰਸ਼ਾਂ ਭੇਜੀਆਂ ਸਨ ਅਤੇ ਸ਼ਾਮ ਨੂੰ ਹੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਚਾਰਾਂ ਜੱਜਾਂ ਦਾ ਮੈਡੀਕਲ ਹੋ ਗਿਆ ਹੈ ਤਾਂ ਉਹ ਹੈਰਾਨ ਰਹਿ ਗਏ। ਉਨ੍ਹਾਂ ਕਿਹਾ,‘ਮੈਂ ਇਸ ਉੱਤੇ ਯਕੀਨ ਨਹੀਂ ਕਰ ਸਕਦਾ ਸੀ।’ ਉਨ੍ਹਾਂ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਮੁੱਦੇ ਉੱਤੇ ਸਵਾਲਾਂ ਦੇ ਜਵਾਬ ਤਾਂ ਕਾਨੂੰਨ ਮੰਤਰੀ ਹੀ ਦੇ ਸਕਦੇ ਹਨ।
ਇਸ ਦੌਰਾਨ ਹੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਉਸ ਅਪੀਲ ਉੱਤੇ ਸੁਣਵਾਈ ਅੱਠ ਹਫਤੇ ਬਾਅਦ ਕਰੇਗਾ ਜਿਸ ਵਿਚ ਦੋਸ਼ ਲਾਇਆ ਗਿਆ ਹੈ ਕਿ ਕੇਂਦਰ ਸੁਪਰੀਮ ਕੋਰਟ ਵਿਚ ਜੱਜਾਂ ਦੀ ਨਿਯੁਕਤੀ ਸਬੰਧੀ ਕੌਲਿਜ਼ੀਅਮ ਦੀਆਂ ਸਿਫਾਰਸ਼ਾਂ ਨੂੰ ਲੰਬੇ ਸਮੇਂ ਤੋਂ ਦੱਬ ਕੇ ਬੈਠਾ ਹੈ। ਗੈਰ ਸਰਕਾਰੀ ਸੰਗਠਨ ‘ਸੈਂਟਰ ਫਾਰ ਪਬਲਿਕ ਇੰਟਰਸਟ ਲਿਟੀਗੇਸ਼ਨ’ ਦੀ ਤਰਫੋਂ ਦਾਇਰ ਕੀਤੀ ਪਟੀਸ਼ਨ ਦੀ ਪੈਰਵੀ ਕਰਦਿਆਂ ਸੀਨੀਅਰ ਐਡਵੋਕੇਟ ਦੁਸ਼ਯੰਤ ਦਵੇ ਅਤੇ ਪ੍ਰਸ਼ਾਂਤ ਭੂਸ਼ਨ ਨੇ ਅਦਾਲਤ ਨੂੰ ਦੱਸਿਆ ਕਿ ਕੇਂਦਰ ਕੌਲਿਜ਼ੀਅਮ ਦੀਆਂ ਸਿਫਾਰਸ਼ਾਂ ਨੂੰ ਦੱਬ ਕੇ ਬੈਠਾ ਹੈ। ਚੀਫ ਜਸਟਿਸ ਨੇ ਇਹ ਵੀ ਐਲਾਨ ਕੀਤਾ ਹੈ ਕਿ ਸੁਪਰੀਮ ਕੋਰਟ ਫੈਸਲਿਆਂ ਦੀਆਂ ਕਾਪੀਆਂ ਕੇਸ ਵਿਚ ਸ਼ਾਮਲ ਧਿਰਾਂ,ਜੇ ਉਨ੍ਹਾਂ ਨੂੰ ਅੰਗਰੇਜੀ ਨਹੀਂ ਆਉਂਦੀ ਹੋਵੇਗੀ ਤਾਂ ਉਨ੍ਹਾਂ ਦੀ ਮਾਤ ਭਾਸ਼ਾ ਵਿਚ ਵੀ ਮੁਹੱਈਆ ਕਰਵਾਏਗਾ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਨੂੰ ਹਿੰਦੀ ਵਿਚ ਸ਼ੁਰੂ ਕਰ ਸਕਦੇ ਹਨ। ਚੀਫ ਜਸਟਿਸ ਦੇ ਨਾਲ ਇਸ ਮੌਕੇ ਸੀਨੀਅਰ ਜਸਟਿਸ ਐੱਸਏ ਬੌਬੇ, ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਅਗਲੇ ਚੀਫ ਜਸਟਿਸ ਬਣਨਾ ਹੈ, ਵੀ ਸਨ। ਇਸ ਮੌਕੇ ਪੱਤਰਕਾਰਾਂ ਵੱਲੋਂ ਕੀਤੇ ਸਵਾਲ ਦੇ ਜਵਾਬ ਦਿੰਦਿਆਂ ਜਸਟਿਸ ਬੌਬੇ ਨੇ ਕਿਹਾ ਕਿ ਯਕੀਨਨ ਉਹ ਹੀ ਚੀਫ ਜਸਟਿਸ ਬਣਨਗੇ। ਉਨ੍ਹਾਂ ਕਿਹਾ ਕਿ ਇਸ ਬਾਰੇ ਕੋਈ ਭੰਬਲਭੂਸਾ ਨਹੀ ਹੋਣਾ ਚਾਹੀਦਾ।
ਸੁਪਰੀਮ ਕੋਰਟ ਦੇ ਚਾਰ ਨਵੇਂ ਜੱਜਾਂ ਨੇ ਸਹੁੰ ਚੁੱਕੀ
ਨਵੀਂ ਦਿੱਲੀ - ਮੁਲਕ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਨੂੰ ਅੱਜ ਚਾਰ ਨਵੇਂ ਜੱਜ ਮਿਲ ਗਏ। ਜਸਟਿਸ ਹੇਮੰਤ ਗੁਪਤਾ, ਆਰ.ਸੁਭਾਸ਼ ਰੈੱਡੀ, ਐੱਮ.ਆਰ.ਸ਼ਾਹ ਤੇ ਅਜੇ ਰਸਤੋਗੀ ਵੱਲੋਂ ਸਹੁੰ ਚੁੱਕੇ ਜਾਣ ਮਗਰੋਂ ਸੁਪਰੀਮ ਕੋਰਟ ’ਚ ਜੱਜਾਂ ਦੀ ਕੁੱਲ ਨਫ਼ਰੀ ਵੱਧ ਕੇ 28 ਹੋ ਗਈ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਸੁਪਰੀਮ ਕੋਰਟ ਦੀ ਇਕ ਨੰਬਰ ਅਦਾਲਤ ਵਿੱਚ ਸਵੇਰੇ ਸਾਢੇ ਦਸ ਵਜੇ ਚਾਰੇ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੁਪਰੀਮ ਕੋਰਟ ਕੌਲਿਜੀਅਮ ਵੱਲੋਂ ਸਿਫ਼ਾਰਸ਼ ਕੀਤੇ ਇਨ੍ਹਾਂ ਚਾਰੇ ਜੱਜਾਂ ਦੇ ਨਾਵਾਂ ਨੂੰ ਬੀਤੇ ਦਿਨ ਪ੍ਰਵਾਨਗੀ ਦੇ ਦਿੱਤੀ ਸੀ। ਇਹ ਚਾਰੇ ਵੱਖ ਵੱਖ ਹਾਈ ਕੋਰਟਾਂ ਵਿੱਚ ਚੀਫ਼ ਜਸਟਿਸ ਵਜੋਂ ਸੇਵਾਵਾਂ ਨਿਭਾ ਰਹੇ ਸਨ। ਜਸਟਿਸ ਗੁਪਤਾ ਜਿੱਥੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਸਨ, ਉਥੇ ਜਸਟਿਸ ਰੈੱਡੀ ਨੇ ਗੁਜਰਾਤ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਸੇਵਾਵਾਂ ਦਿੱਤੀਆਂ। ਜਸਟਿਸ ਸ਼ਾਹ ਤੇ ਜਸਟਿਸ ਰਸਤੋਗੀ ਕ੍ਰਮਵਾਰ ਪਟਨਾ ਤੇ ਤ੍ਰਿਪੁਰਾ ਹਾਈ ਕੋਰਟਾਂ ’ਚ ਤਾਇਨਾਤ ਸਨ। ਸੁਪਰੀਮ ਕੋਰਟ ਦੀ ਮਨਜ਼ੂਰਸ਼ੁਦਾ ਨਫ਼ਰੀ 31 ਜੱਜਾਂ ਦੀ ਹੈ। ਇਨ੍ਹਾਂ ਨਵੀਆਂ ਨਿਯੁਕਤੀਆਂ ਨਾਲ ਸਿਖਰਲੀ ਅਦਾਲਤ ’ਚ ਜੱਜਾਂ ਦੀ ਗਿਣਤੀ 24 ਤੋਂ ਵਧ ਕੇ 28 ਹੋ ਗਈ ਹੈ।

 

 

fbbg-image

Latest News
Magazine Archive