ਭਾਜਪਾ ਆਗੂ ਦੀ ਹੱਤਿਆ ਸਬੰਧੀ ਦੋ

ਸੁਰੱਖਿਆ ਮੁਲਾਜ਼ਮ ਹਿਰਾਸਤ ’ਚ ਲਏ


ਜੰਮੂ - ਸੀਨੀਅਰ ਭਾਜਪਾ ਆਗੂ ਦੀ ਹੱਤਿਆ ਦੇ ਮਾਮਲੇ ਵਿੱਚ ਪੁਲੀਸ ਨੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਭਾਜਪਾ ਆਗੂ ਦੇ ਦੋ ਸੁਰੱਖਿਆ ਮੁਲਾਜ਼ਮਾਂ ਨੂੰ ਹਿਰਾਸਤ ’ਚ ਲਿਆ ਹੈ। ਜੰਮੂ ਕਸ਼ਮੀਰ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਹੈ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ।
ਜ਼ਿਕਰਯੋਗ ਹੈ ਕਿ ਭਾਜਪਾ ਦੇ ਸੂਬਾਈ ਸਕੱਤਰ ਅਨਿਲ ਪਰਿਹਾਰ (52) ਅਤੇ ਉਸ ਦੇ ਭਰਾ ਅਜੀਤ ਪਰਿਹਾਰ (55) ਵੀਰਵਾਰ ਰਾਤ ਨੂੰ ਪੁਰਾਣੇ ਡੀਸੀ ਦਫ਼ਤਰ ਕੰਪਲੈਕਸ ਦੇ ਬਾਹਰ ਸਥਿਤ ਆਪਣੀ ਸਟੇਸ਼ਨਰੀ ਦੀ ਦੁਕਾਨ ਬੰਦ ਕਰ ਕੇ ਜਦੋਂ ਘਰ ਆ ਰਹੇ ਸਨ ਤਾਂ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਦੋਹਾਂ ਭਰਾਵਾਂ ਦਾ ਅੱਜ ਦੇਰ ਸ਼ਾਮ ਸਸਕਾਰ ਕਰ ਦਿੱਤਾ ਿਗਆ।
ਕਿਸ਼ਤਵਾੜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅੰਗਰੇਜ਼ ਸਿੰਘ ਰਾਣਾ ਨੇ ਪੀਟੀਆਈ ਨੂੰ ਦੱਸਿਆ ਕਿ ਇਸ ਹੱਤਿਆਕਾਂਡ ਦੀ ਜਾਂਚ ਲਈ ਏਐੱਸਪੀ ਪ੍ਰਭਜੀਤ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਗਈ ਹੈ। ਇਹ ਟੀਮ ਹੱਤਿਆਕਾਂਡ ਦੀ ਹਰ ਪੱਖੋਂ ਜਾਂਚ ਕਰੇਗੀ ਅਤੇ ਇਸ ਵਿੱਚ ਸ਼ਾਮਲ ਲੋਕਾਂ ਦਾ ਪਤਾ ਲਗਾਏਗੀ।
ਜ਼ਿਲ੍ਹੇ ਦੇ ਐੱਸਐੱਸਪੀ ਰਾਜਿੰਦਰ ਗੁਪਤਾ ਨੇ ਕਿਹਾ ਕਿ ਪੁਲੀਸ ਨੇ ਦੋ ਨਿੱਜੀ ਸੁਰੱਖਿਆ ਮੁਲਾਜ਼ਮਾਂ (ਪੀਐੱਸਓਜ਼) ਓਮ ਪ੍ਰਕਾਸ਼ ਤੇ ਸਾਹਿਲ ਕੁਮਾਰ ਨੂੰ ਹਿਰਾਸਤ ਵਿੱਚ ਲਿਆ ਹੈ ਜਿਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਭਾਜਪਾ ਆਗੂ ਨੂੰ ਇਹ ਦੋਵੇਂ ਸੁਰੱਖਿਆ ਮੁਲਾਜ਼ਮ ਦਿੱਤੇ ਹੋਏ ਸਨ ਪਰ ਹਮਲੇ ਦੇ ਸਮੇਂ ਇਹ ਦੋਵੇਂ ਆਗੂ ਨਾਲ ਨਹੀਂ ਸਨ। ਡੀਸੀ ਸ੍ਰੀ ਰਾਣਾ ਨੇ ਸਿਆਸੀ ਆਗੂਆਂ ਅਤੇ ਹੋਰ ਸੁਰੱਖਿਆ ਪ੍ਰਾਪਤ ਵਿਅਕਤੀਆਂ ਨੂੰ ਸੁਰੱਖਿਆ ਮੁਲਾਜ਼ਮਾਂ ਤੋਂ ਬਿਨਾਂ ਕਿਧਰੇ ਨਾ ਜਾਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਡਵਾਈਜ਼ਰੀ ਵੀ ਜਾਰੀ ਕੀਤੀ ਜਾਵੇਗੀ।
ਭਾਜਪਾ ਆਗੂ ਤੇ ਭਰਾ ਦੀ ਹੱਤਿਆ ਤੋਂ ਬਾਅਦ ਕਿਸ਼ਤਵਾੜ ਸ਼ਹਿਰ ਵਿੱਚ ਵੀਰਵਾਰ ਨੂੰ ਹੀ ਕਰਫਿਊ ਲਗਾ ਦਿੱਤਾ ਗਿਆ ਸੀ। ਭਾਰਤੀ ਫ਼ੌਜ ਵੱਲੋਂ ਅਮਨ-ਕਾਨੂੰਨ ਕਾਇਮ ਰੱਖਣ ਲਈ ਅੱਜ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਗਿਆ। ਡੀਸੀ ਸ੍ਰੀ ਰਾਣਾ ਨੇ ਦੱਸਿਆ ਕਿ ਹਾਲਾਤ ਤਣਾਅਪੂਰਨ ਹਨ ਪਰ ਕਾਬੂ ਹੇਠ ਹਨ। ਇਸੇ ਦੌਰਾਨ ਸੀਨੀਅਰ ਭਾਜਪਾ ਆਗੂ ਅਤੇ ਉਸ ਦੇ ਭਰਾ ਦੀ ਹੋਈ ਹੱਤਿਆ ਨੂੰ ਲੈ ਕੇ ਜੰਮੂ ਡਵੀਜ਼ਨ ਵਿੱਚ ਵੱਡੀ ਪੱਧਰ ’ਤੇ ਪ੍ਰਦਰਸ਼ਨ ਹੋਏ। ਇਹ ਪ੍ਰਦਰਸ਼ਨ ਜੰਮੂ, ਰੇਆਸੀ, ਊਧਮਪੁਰ, ਰਾਮਬਨ, ਕਠੂਆ, ਭਦਰਵਾਹ ਅਤੇ ਸਾਂਭਾ ਖੇਤਰਾਂ ਵਿੱਚ ਹੋਏ।

 

 

fbbg-image

Latest News
Magazine Archive