ਅਦਾਲਤਾਂ ਲਾਗੂ ਹੋਣ ਯੋਗ ਫ਼ੈਸਲੇ ਹੀ ਦੇਣ: ਅਮਿਤ ਸ਼ਾਹ


ਤਿਰੂਵਨੰਤਪੁਰਮ - ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅਯੱਪਾ ਸ਼ਰਧਾਲੂਆਂ ਵੱਲੋਂ ਸੀਪੀਆਈ (ਐੱਮ) ਦੀ ਅਗਵਾਈ ਵਾਲੀ ਐੱਲਡੀਐੱਫ ਸਰਕਾਰ ਖ਼ਿਲਾਫ਼ ਵਿੱਢੇ ਸੰਘਰਸ਼ ਦੀ ਹਮਾਇਤ ਕੀਤੀ ਹੈ। ਕੇਰਲ ਸਰਕਾਰ ਸ਼ਬਰੀਮਾਲਾ ਮੰਦਰ ਵਿਚ ਔਰਤਾਂ ਦੇ ਦਾਖ਼ਲੇ ਨੂੰ ਸਥਾਈ ਕਰਨ ਲਈ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਵਿਚ ਲੱਗੀ ਹੋਈ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੇਰਲ ਵਿਚ ‘ਹੰਗਾਮੀ’ ਸਥਿਤੀ ਪੈਦਾ ਕੀਤੀ ਹੋਈ ਹੈ ਤੇ ‘ਅੱਗ ਨਾਲ ਖੇਡਿਆ’ ਜਾ ਰਿਹਾ ਹੈ। ਕੰਨੂਰ ਵਿਚ ਭਾਜਪਾ ਦੇ ਜ਼ਿਲ੍ਹਾ ਪੱਧਰੀ ਦਫ਼ਤਰ ਦਾ ਉਦਘਾਟਨ ਕਰਨ ਮੌਕੇ ਸ਼ਾਹ ਨੇ ਕਿਹਾ ਕਿ ਕੇਰਲ ਸਰਕਾਰ ‘ਮੰਦਰਾਂ ਖ਼ਿਲਾਫ਼ ਸਾਜ਼ਿਸ਼ਾਂ’ ਘੜ ਰਹੀ ਹੈ। ‘ਜਲੀਕੱਟੂ’ ਅਤੇ ‘ਮਸਜਿਦਾਂ ਵਿਚ ਲਾਊਡ ਸਪੀਕਰਾਂ’ ਦੀ ਪਾਬੰਦੀ ਬਾਰੇ ਆਏ ਅਦਾਲਤੀ ਫ਼ੈਸਲਿਆਂ ਦਾ ਜ਼ਿਕਰ ਕਰਦਿਆਂ ਸ਼ਾਹ ਨੇ ਕਿਹਾ ਕਿ ਅਦਾਲਤਾਂ ‘ਗ਼ੈਰਵਿਹਾਰਕ’ ਫ਼ੈਸਲੇ ਲੈਣ ਦੀ ਬਜਾਏ ਅਜਿਹੇ ਫ਼ੈਸਲੇ ਲੈਣ ਜੋ ਲਾਗੂ ਕੀਤੇ ਜਾ ਸਕਣ। ਸ਼ਾਹ ’ਤੇ ਜਵਾਬੀ ਹੱਲਾ ਬੋਲਦਿਆਂ ਮੁੱਖ ਮੰਤਰੀ ਪੀ. ਵਿਜਯਨ ਨੇ ਕਿਹਾ ਕਿ ਰਾਜ ਸਰਕਾਰ ਭਾਜਪਾ ’ਤੇ ਨਿਰਭਰ ਨਹੀਂ ਕਰਦੀ ਤੇ ਲੋਕਾਂ ਵਲੋਂ ਚੁਣੀ ਹੋਈ ਸਰਕਾਰ ਹੈ। ਵਿਜਯਨ ਨੇ ਕਿਹਾ ਕਿ ਅਮਿਤ ਸ਼ਾਹ ਸੂਬੇ ਨਾਲੋਂ ਜ਼ਿਆਦਾ ਸੁਪਰੀਮ ਕੋਰਟ ਤੇ ਸੰਵਿਧਾਨ ਦੀ ਆਲੋਚਨਾ ਕਰ ਰਹੇ ਹਨ।
ਗਿਰੀ ਆਸ਼ਰਮ ’ਤੇ ਹਮਲਾ: ਸ਼ਬਰੀਮਾਲਾ ਮੰਦਰ ਵਿਚ ਹਰ ਉਮਰ ਵਰਗ ਦੀਆਂ ਔਰਤਾਂ ਦੇ ਬੇਰੋਕ ਦਾਖ਼ਲੇ ਦੀ ਹਮਾਇਤ ਕਰਨ ਵਾਲੇ ਸਵਾਮੀ ਸੰਦੀਪਾਨੰਦ ਗਿਰੀ ਦੇ ਇੱਥੋਂ ਨੇੜੇ ਸਥਿਤ ਆਸ਼ਰਮ ’ਤੇ ਸ਼ਨਿਚਰਵਾਰ ਸੁਵੱਖਤੇ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਦੋ ਕਾਰਾਂ ਤੇ ਇਕ ਸਕੂਟਰ ਨੂੰ ਸਾੜ ਦਿੱਤਾ ਗਿਆ। ਮੁੱਖ ਮੰਤਰੀ ਪੀ. ਵਿਜਯਨ ਨੇ ਅੱਜ ਆਸ਼ਰਮ ਦਾ ਦੌਰਾ ਕੀਤਾ ਤੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੰਦੀਪਾਨੰਦ ਗਿਰੀ ਨੇ ਇਸ ਹਮਲੇ ਦਾ ਦੋਸ਼ ਭਾਜਪਾ ਪ੍ਰਦੇਸ਼ ਪ੍ਰਧਾਨ ਪੀ.ਐੱਸ. ਸ੍ਰੀਧਰਨ ਪਿੱਲੈ ਸਿਰ ਮੜ੍ਹਿਆ ਹੈ। ਜਦਕਿ ਭਾਜਪਾ ਦੀ ਸੂਬਾਈ ਇਕਾਈ ਨੇ ਹਮਲੇ ਵਿਚ ਕੋਈ ਵੀ ਹੱਥ ਹੋਣ ਤੋਂ ਇਨਕਾਰ ਕੀਤਾ ਹੈ ਤੇ ‘ਨਿਰਪੱਖ’ ਜਾਂਚ ਮੰਗੀ ਹੈ।
ਧਾਰਮਿਕ ਅੜਿੱਕੇ ਆਪਸੀ ਸਹਿਮਤੀ ਨਾਲ ਹੱਲ ਕੀਤੇ ਜਾਣ: ਜੇਤਲੀ
ਨਵੀਂ ਦਿੱਲੀ - ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਇੱਥੇ ਕਿਹਾ ਕਿ ਫ਼ਿਰਕੇ-ਭਾਈਚਾਰੇ ਆਪਸੀ ਸਹਿਮਤੀ ਨਾਲ ਆਪਣਾ ਖ਼ੁਦ ਦਾ ਕੋਈ ਢਾਂਚਾ ਵਿਕਸਤ ਕਰਕੇ ਧਾਰਮਿਕ ਰਸਮਾਂ ਜਾਂ ਪੁਰਾਤਨ ਰੀਤਾਂ ਨਾਲ ਜੁੜੇ ਮੁੱਦੇ ਹੱਲ ਕਰਨ ਨੂੰ ਤਰਜੀਹ ਦੇਣ ਨਾ ਕਿ ਸਰਕਾਰਾਂ ਜਾਂ ਅਦਾਲਤੀ ਹੁਕਮਾਂ ਦੀ ਉਡੀਕ ਕਰਨ। ਉਨ੍ਹਾਂ ਇਹ ਗੱਲ ਸ਼ਬਰੀਮਾਲਾ ਮੰਦਰ ਵਿਵਾਦ ਦੇ ਸੰਦਰਭ ਵਿਚ ਕਰਦਿਆਂ ਕਿਹਾ ਕਿ ਇਕ ਸੰਵਿਧਾਨਕ ਹੱਕ ਨੂੰ ਦੂਜੇ ਵਿਚ ਰਲਾ ਕੇ ਉਸ ਦੀ ਨੀਂਹ ਕਮਜ਼ੋਰ ਨਹੀਂ ਕੀਤੀ ਜਾ ਸਕਦੀ।

 

 

fbbg-image

Latest News
Magazine Archive