ਤੀਜੇ ਇੱਕ ਰੋਜ਼ਾ ਮੈਚ ’ਚ ਵਿੰਡੀਜ਼ ਹੱਥੋਂ ਭਾਰਤ ਨੂੰ ਹਾਰ


ਪੁਣੇ - ਕਪਤਾਨ ਵਿਰਾਟ ਕੋਹਲੀ ਦੇ ਸੈਂਕੜੇ ਦੇ ਬਾਵਜੂਦ ਭਾਰਤ ਨੂੰ ਵੈਸਟ ਇੰਡੀਜ਼ ਹੱਥੋਂ ਤੀਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ 43 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਵੈਸਟ ਇੰਡੀਜ਼ ਨੇ ਇਹ ਮੁਕਾਬਲਾ ਪੰਜ ਮੈਚਾਂ ਦੀ ਲੜੀ ਵਿੱਚ 1-1 ਨਾਲ ਬਰਾਬਰ ਕਰ ਲਿਆ ਹੈ।
ਵੈਸਟ ਇੰਡੀਜ਼ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਸ਼ਾਈ ਹੋਪ ਦੀ 95 ਦੌੜਾਂ ਦੀ ਇੱਕ ਹੋਰ ਸ਼ਾਨਦਾਰ ਪਾਰੀ ਦੀ ਬਦੌਲਤ 50 ਓਵਰਾਂ ਵਿੱਚ ਨੌਂ ਵਿਕਟਾਂ ’ਤੇ 283 ਦੌੜਾਂ ਬਣਾਈਆਂ। ਫਿਰ ਵਿਰਾਟ ਦੀ 38ਵੀਂ ਸੈਂਕੜਾ ਪਾਰੀ ਦੇ ਬਾਵਜੂਦ ਭਾਰਤ 47.4 ਓਵਰਾਂ ਵਿੱਚ 240 ਦੌੜਾਂ ’ਤੇ ਢੇਰ ਹੋ ਗਿਆ।
ਵਿਰਾਟ ਨੂੰ ਇਸ ਹਾਰ ਤੋਂ ਕਾਫੀ ਨਿਰਾਸ਼ਾ ਹੋਈ ਹੋਵੇਗੀ, ਕਿਉਂਕਿ ਉਸ ਨੂੰ ਦੂਜੇ ਪਾਸਿਓਂ ਕਿਸੇ ਬੱਲੇਬਾਜ਼ ਦਾ ਸਾਥ ਨਹੀਂ ਮਿਲਿਆ। ਵਿਰਾਟ ਦੀ ਵਿਕਟ 42ਵੇਂ ਓਵਰ ਵਿੱਚ 220 ਦੌੜਾਂ ਦੇ ਸਕੋਰ ’ਤੇ ਡਿਗੀ ਅਤੇ ਇਸ ਦੇ ਨਾਲ ਹੀ ਭਾਰਤ ਦੀਆਂ ਉਮੀਦਾਂ ਖ਼ਤਮ ਹੋ ਗਈਆਂ। ਵਿਰਾਟ ਨੂੰ ਮਾਰਲੋਨ ਸੈਮੂਅਲਜ਼ ਨੇ ਆਊਟ ਕੀਤਾ। ਭਾਰਤੀ ਕਪਤਾਨ ਨੇ 119 ਗੇਂਦਾਂ ਵਿੱਚ ਦਸ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 107 ਦੌੜਾਂ ਬਣਾਈਆਂ। ਵਿਰਾਟ ਦਾ ਇਹ ਕੁੱਲ 38ਵਾਂ, ਟੀਚੇ ਦਾ ਪਿੱਛਾ ਕਰਦਿਆਂ 23ਵਾਂ, ਲਗਾਤਾਰ ਤੀਜਾ ਅਤੇ ਕੁੱਲ 62ਵਾਂ ਕੌਮਾਂਤਰੀ ਸੈਂਕੜਾ ਸੀ। ਵਿਰਾਟ ਲੜੀ ਵਿੱਚ ਲਗਾਤਾਰ ਤੀਜਾ ਸੈਂਕੜਾ ਮਾਰ ਕੇ ਇਹ ਉਪਲਬਧੀ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਇਸ ਮਾਮਲੇ ਵਿੱਚ ਸ੍ਰੀਲੰਕਾ ਦਾ ਕੁਮਾਰ ਸੰਗਾਕਾਰਾ ਲਗਾਤਾਰ ਚਾਰ ਸੈਂਕੜਿਆਂ ਦਾ ਵਿਸ਼ਵ ਰਿਕਾਰਡ ਰੱਖਦਾ ਹੈ। ਵੈਸਟ ਇੰਡੀਜ਼ ਨੇ ਖ਼ਰਾਬ ਸ਼ੁਰੂਆਤ ਮਗਰੋਂ ਸ਼ਾਨਦਾਰ ਵਾਪਸੀ ਕਰਦਿਆਂ ਭਾਰਤ ਖ਼ਿਲਾਫ਼ ਨੌਂ ਵਿਕਟਾਂ ’ਤੇ 283 ਦੌੜਾਂ ਬਣਾਈਆਂ। ਪਹਿਲੇ ਦੋ ਮੈਚਾਂ ਵਿੱਚ ਆਰਾਮ ਦੇਣ ਮਗਰੋਂ ਵਾਪਸੀ ਕਰਦਿਆਂ ਬਮਰਾਹ ਨੇ 35 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।
ਬਮਰਾਹ ਨੇ ਕੀਰੋਨ ਪਾਵੇਲ (21 ਦੌੜਾਂ) ਅਤੇ ਚੰਦਰਪਾਲ ਹੇਮਰਾਜ (15) ਨੂੰ ਆਊਟ ਕਰਕੇ ਵੈਸਟ ਇੰਡੀਜ਼ ਦੀ ਚੰਗੀ ਸ਼ੁਰੂਆਤ ਨਹੀਂ ਹੋਣ ਦਿੱਤੀ। ਇਸ ਮਗਰੋਂ ਸ਼ਾਈ ਹੋਪ ਅਤੇ ਐਸ਼ਲੇ ਨਰਸ (40 ਦੌੜਾਂ) ਨੂੰ ਵੀ ਬਾਹਰ ਦਾ ਰਸਤਾ ਵਿਖਾਇਆ। ਵਿਸਾਖਾਪਟਨਮ ਇੱਕ ਰੋਜ਼ਾ ਵਿੱਚ ਨਾਬਾਦ 123 ਦੌੜਾਂ ਬਣਾਉਣ ਵਾਲੇ ਹੋਪ ਨੇ 113 ਗੇਂਦਾਂ ਵਿੱਚ 95 ਦੌੜਾਂ ਬਣਾ ਕੇ ਵੈਸਟ ਇੰਡੀਜ਼ ਨੂੰ ਸੰਕਟ ਵਿੱਚੋਂ ਕੱਢਿਆ। ਅਖ਼ੀਰ ਵਿੱਚ ਨਰਸ ਅਤੇ ਕੇਮਾਰ ਰੋਚ (ਨਾਬਾਦ 15) ਨੇ ਨੌਵੀਂ ਵਿਕਟ ਲਈ 56 ਦੌੜਾਂ ਜੋੜ ਕੇ ਵੈਸਟ ਇੰਡੀਜ਼ ਨੂੰ 300 ਦੌੜਾਂ ਦੇ ਟੀਚੇ ਦੇ ਕਰੀਬ ਪਹੁੰਚਾਇਆ। ਕੈਰੇਬਿਆਈ ਬੱਲੇਬਾਜ਼ਾਂ ਨੇ ਸ਼ੁਰੂਆਤ ਚੰਗੀ ਕੀਤੀ, ਪਰ ਉਸ ਨੂੰ ਵੱਡੀਆਂ ਪਾਰੀਆਂ ਵਿੱਚ ਨਹੀਂ ਬਦਲ ਸਕੀ। ਹੋਪ ਨੇ ਚੌਥੀ ਵਿਕਟ ਲਈ ਸ਼ਿਮਰੋਨ ਹੈਟਮਾਇਰ (37) ਨਾਲ 56 ਦੌੜਾਂ ਦੀ ਸਾਂਝੇਦਾਰੀ ਕੀਤੀ। ਸਾਬਕਾ ਕਪਤਾਨ ਅਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਹੈਟਮਾਇਰ ਨੂੰ ਸਟੰਪ ਆਊਟ ਕੀਤਾ। ਇਹ ਵਿਕਟ ਕੁਲਦੀਪ ਯਾਦਵ ਦੇ ਖਾਤੇ ਗਈ, ਜਿਸ ਨੇ 52 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਧੋਨੀ ਨੇ ਬਮਰਾਹ ਦੀ ਗੇਂਦ ’ਤੇ ਬੈਕਵਰਡ ਸਕੁਐਰ ਲੈੱਗ ਦੀ ਬਾਉਂਡਰੀ ਵੱਲ ਦੌੜ ਕੇ ਛਾਲ ਮਾਰਦਿਆਂ ਕੀਰੋਨ ਪਾਵੇਲ ਦਾ ਸ਼ਾਨਦਾਰ ਕੈਚ ਲਿਆ। ਇਸ ਤਰ੍ਹਾਂ ਜਾਪ ਰਿਹਾ ਸੀ, ਜਿਵੇਂ ਭਾਰਤੀ ਟੀ-20 ਟੀਮ ਤੋਂ ਬਾਹਰ ਕੀਤੇ ਗਏ ਧੋਨੀ ਨੇ ਆਪਣੀ ਫਿਟਨੈਸ ਅਤੇ ਲੈਅ ਸਾਬਤ ਕੀਤੀ ਹੋਵੇ। ਹੋਪ ਨੇ ਕਪਤਾਨ ਜੇਸਨ ਹੋਲਡਰ ਨਾਲ ਛੇਵੀਂ ਵਿਕਟ ਲਈ 76 ਦੌੜਾਂ ਦੀ ਸਾਂਝੇਦਾਰੀ ਕੀਤੀ। ਹੋਪ ਸੈਂਕੜਾ ਮਾਰਨ ਤੋਂ ਪੰਜ ਦੌੜਾਂ ਖੁੰਝ ਗਿਆ ਅਤੇ ਬਮਰਾਹ ਨੇ ਸ਼ਾਨਦਾਰ ਯਾਰਕਰ ’ਤੇ ਉਸ ਦੀ ਪਾਰੀ ਦਾ ਅੰਤ ਕੀਤਾ। ਉਸ ਨੇ ਪਾਰੀ ਵਿੱਚ ਛੇ ਚੌਕੇ ਅਤੇ ਤਿੰਨ ਛੱਕੇ ਮਾਰੇ। ਬਮਰਾਹ ਨੇ 35 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ, ਜਦੋਂਕਿ ਕੁਲਦੀਪ ਯਾਦਵ ਨੇ 52 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਭੁਵਨੇਸ਼ਵਰ (70 ਦੌੜਾਂ ਦੇ ਕੇ), ਖਲੀਲ ਅਹਿਮਦ (65 ਦੌੜਾਂ ਦੇ ਕੇ) ਅਤੇ ਯੁਜ਼ਵੇਂਦਰ ਚਾਹਲ (56 ਦੌੜਾਂ ਦੇ ਕੇ) ਨੇ ਇੱਕ-ਇੱਕ ਵਿਕਟ ਲਈ।
ਸਕੋਰ ਬੋਰਡ
ਭਾਰਤ
ਰੋਹਿਤ ਸ਼ਰਮਾ ਆਊਟ ਗੇਂਦ ਹੋਲਡਰ 08
ਸ਼ਿਖਰ ਧਵਨ ਐਲਬੀਡਬਲਯੂ ਗੇਂਦ ਨਰਸ 35
ਵਿਰਾਟ ਕੋਹਲੀ ਆਊਟ ਗੇਂਦ ਸੈਮੂਅਲਜ਼ 107
ਅੰਬਾਤੀ ਰਾਇਡੂ ਆਊਟ ਗੇਂਦ ਮੈਕਾਅ 22
ਰਿਸ਼ਭ ਪੰਤ ਐਲਬੀਡਬਲਯੂ ਗੇਂਦ ਸੈਮੂਅਲਜ਼ 24
ਐਮਐਸ ਧੋਨੀ ਕੈਚ ਹੋਪ ਗੇਂਦ ਹੋਲਡਰ 07
ਭੁਵਨੇਸ਼ਵਰ ਕੈਚ ਆਰ ਪਾਵੇਲ ਗੇਂਦ ਮੈਕਾਅ 10
ਕੁ ਯਾਦਵ ਨਾਬਾਦ 15
ਯੁਜ਼ਵੇਂਦਰ ਚਾਹਲ ਕੈਚ ਕੇ ਪਾਲ ਗੇਂਦ ਰੋਚ 03
ਖਲੀਲ ਅਹਿਮਦ ਕੈਚ ਹੋਪ ਗੇਂਦ ਸੈਮੂਅਲਜ਼ 03
ਜ. ਬਮਰਾਹ ਕੈਚ ਹੋਲਡਰ ਗੇਂਦ ਸੈਮੂਅਲਜ਼ 00
ਵਾਧੂ 06
ਕੁੱਲ 47.4 ਓਵਰਾਂ ਵਿੱਚ ਦਸ ਵਿਕਟਾਂ ’ਤੇ 240 ਦੌੜਾਂ
ਵੈਸਟ ਇੰਡੀਜ਼
ਕੇ ਪਾਵੇਲ ਕੈਚ ਰੋਹਿਤ ਗੇਂਦ ਬਮਰਾਹ 21
ਸੀ ਹੇਮਰਾਜ ਕੈਚ ਧੋਨੀ ਗੇਂਦ ਬਮਰਾਹ 15
ਸ਼ੀ ਹੋਪ ਆਊਟ ਬਮਰਾਹ 95
ਸੈਮੂਅਲਜ਼ ਕੈਚ ਧੋਨੀ ਗੇਂਦ ਖਲੀਲ ਅਹਿਮਦ 09
ਐਸ ਹੈਟਮਾਇਰ ਸਟੰਪ ਧੋਨੀ ਗੇਂਦ ਕੁਲਦੀਪ 37
ਆਰ ਪਾਵੇਲ ਕੈਚ ਰੋਹਿਤ ਗੇਂਦ ਕੁਲਦੀਪ ਯਾਦਵ 04
ਜੇ ਹੋਲਡਰ ਕੈਚ ਜਡੇਜਾ ਗੇਂਦ ਭੁਵਨੇਸ਼ਵਰ 32
ਫੇਬੀਅਨ ਐਲਨ ਕੈਚ ਪੰਤ ਗੇਂਦ ਚਾਹਲ 05
ਐਸ਼ਲੇ ਨਰਸ ਐਲਬੀਡਬਲਯੂ ਬਮਰਾਹ 40
ਕੇਮਰ ਰੋਚ ਨਾਬਾਦ 15
ਓਬਡ ਮੈਕਾਅ ਨਾਬਾਦ 00
ਵਾਧੂ 10
ਕੁੱਲ 50 ਓਵਰਾਂ ਵਿੱਚ ਨੌਂ ਵਿਕਟਾਂ ’ਤੇ 283 ਦੌੜਾਂ

 

 

fbbg-image

Latest News
Magazine Archive