ਰੇਲ ਹਾਦਸਾ: ਨਗਰ ਸੁਧਾਰ ਟਰੱਸਟ ਦੇ ਦਫ਼ਤਰ ਬਾਹਰ ਮੁਜ਼ਾਹਰਾ


ਅਕਾਲੀ-ਭਾਜਪਾ ਆਗੂਆਂ ਵੱਲੋਂ ਜਾਂਚ ਜੌੜਾ ਫਾਟਕ ਨੇੜੇ ਕਰਨ ਦੀ ਮੰਗ, 51 ਲੋਕਾਂ ਦੇ ਬਿਆਨ ਕਲਮਬੰਦ
ਅੰਮ੍ਰਿਤਸਰ - ਅੱਜ ਇਥੇ ਨਗਰ ਸੁਧਾਰ ਟਰਸੱਟ ਦੇ ਦਫ਼ਤਰ ਵਿਚ ਉਸ ਵੇਲੇ ਤਣਾਅ ਵਾਲਾ ਮਾਹੌਲ ਬਣ ਗਿਆ, ਜਦੋਂ ਅਕਾਲੀ-ਭਾਜਪਾ ਗਠਜੋੜ ਦੇ ਆਗੂ ਇਥੇ ਪੁੱਜ ਕੇ ਰੇਲ ਹਾਦਸੇ ਦੀ ਜਾਂਚ ਬੰਦ ਕਮਰੇ ਵਿਚ ਕਰਨ ਦੀ ਥਾਂ ਜੌੜਾ ਫਾਟਕ ਨੇੜੇ ਕਰਨ ਲਈ ਮੰਗ ’ਤੇ ਅੜ ਗਏ। ਉਨ੍ਹਾਂ ਦੋਸ਼ ਲਾਇਆ ਕਿ ਜਾਂਚ ਨਿਰਪੱਖ ਅਤੇ ਪਾਰਦਰਸ਼ੀ ਨਹੀਂ ਹੈ।
ਰੇਲ ਹਾਦਸੇ ਦੀ ਜਾਂਚ ਦੌਰਾਨ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਬੀ ਪਰੂਸ਼ਾਰਥਾ ਵੀ ਹਾਜ਼ਰ ਸਨ। ਉਨ੍ਹਾਂ ਸਵੇਰੇ ਪਹਿਲਾਂ ਹਾਦਸੇ ਵਾਲੀ ਥਾਂ ਅਤੇ ਰੇਲਵੇ ਫਾਟਕ ਤੇ ਤਾਇਨਾਤ ਮੁਲਾਜ਼ਮ ਦੇ ਕੈਬਿਨ ਦਾ ਦੌਰਾ ਕੀਤਾ। ਮਗਰੋਂ ਉਥੋਂ ਲੰਘਦੀਆਂ ਰੇਲ ਗੱਡੀਆਂ ਦੀ ਗਤੀ ਦੇਖੀ। ਨਗਰ ਸੁਧਾਰ ਟਰਸੱਟ ਦੇ ਦਫਤਰ ਵਿੱਚ ਉਨ੍ਹਾਂ ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕੀਤੇ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਪੁਲੀਸ ਦੇ ਡਿਪਟੀ ਕਮਿਸ਼ਨਰ ਅਮਰੀਕ ਸਿੰਘ ਪਵਾਰ ਤੇ ਹੋਰ ਅਧਿਕਾਰੀ ਵੀ ਸਨ। ਉਹ ਇਸ ਤੋਂ ਪਹਿਲਾਂ ਵੀ ਜਾਂਚ ਲਈ ਆਏ ਸਨ। ਹੁਣ ਤਕ ਇਸ ਮਾਮਲੇ ਵਿਚ 51 ਵਿਅਕਤੀਆਂ ਨੇ ਆਪਣੇ ਬਿਆਨ ਦਰਜ ਕਰਾਏ ਹਨ। ਜਾਣਕਾਰੀ ਅਨੁਸਾਰ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਗੱਠਜੋੜ ਦੇ ਆਗੂ ਅੱਜ ਨਗਰ ਸੁਧਾਰ ਟਰਸੱਟ ਦੇ ਦਫਤਰ ਪੁੱਜੇ। ਉਹ ਘਟਨਾ ਦੀ ਜਾਂਚ ਮੈਜਿਸਟਰੇਟ ਦੀ ਥਾਂ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਕਰਾਉਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਜਾਂਚ ਕਮਿਸ਼ਨਰ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਪਰ ਕਮਿਸ਼ਨਰ ਨਾਲ ਮਿਲਣ ਦਾ ਸਮਾਂ ਨਾ ਮਿਲਣ ਤੇ ਉਨ੍ਹਾਂ ਰੋਸ ਵਿਖਾਵਾ ਕੀਤਾ। ਸ੍ਰੀ ਮਜੀਠੀਆ ਨੇ ਆਖਿਆ ਕਿ ਉਨ੍ਹਾਂ ਨੂੰ ਨਗਰ ਸੁਧਾਰ ਟਰੱਸਟ ਦੀ ਇਮਾਰਤ ਵਿੱਚ ਦਾਖਲ ਹੋਣ ਤੋਂ ਵੀ ਰੋਕਿਆ ਗਿਆ ਹੈ। ਜਦੋਂ ਉਹ ਇਮਾਰਤ ਵਿਚ ਦਾਖਲ ਹੋ ਗਏ ਤਾਂ ਜਾਂਚ ਕਮਿਸ਼ਨਰ ਨੇ ਮਿਲਣ ਤੋਂ ਨਾਂਹ ਕਰ ਦਿੱਤੀ। ਕਮਿਸ਼ਨਰ ਨੇ ਆਪਣੇ ਕਮਰੇ ਨੂੰ ਅੰਦਰੋਂ ਬੰਦ ਕਰ ਲਿਆ। ਅਕਾਲੀ ਆਗੂ ਨੇ ਆਖਿਆ ਕਿ ਇਹ ਦਫਤਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਅਧਿਕਾਰ ਖੇਤਰ ਹੇਠ ਆਉਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਰੇਲ ਹਾਦਸੇ ਦੀ ਜਾਂਚ ਦਫਤਰ ਵਿਚ ਬੈਠ ਕੇ ਕਰਨ ਦਾ ਮਤਲਬ ਡਾ. ਨਵਜੋਤ ਕੌਰ ਸਿੱਧੂ ਨੂੰ ਬਰੀ ਕਰਨਾ ਹੈ। ਉਨ੍ਹਾਂ ਆਖਿਆ ਕਿ ਇਹ ਜਾਂਚ ਜੌੜਾ ਫਾਟਕ ਨੇੜੇ ਹੋਣੀ ਚਾਹੀਦੀ ਹੈ, ਜਿਥੇ ਪ੍ਰਭਾਵਿਤ ਲੋਕ ਖੁਦ ਆ ਕੇ ਆਪਣੀ ਗਵਾਹੀ ਦਰਜ ਕਰਾ ਸਕਣ।
ਉਨ੍ਹਾਂ ਪੀੜਤ ਲੋਕਾਂ ਨੂੰ ਡਰਾਉਣ ਧਮਕਾਉਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਆਖਿਆ ਕਿ ਜਾਂਚ ਸਬੰਧੀ ਕਿਸੇ ਵੀ ਅਖਬਾਰ ਜਾਂ ਮੀਡੀਆ ਵਿਚ ਇਸ਼ਤਿਹਾਰ ਨਹੀਂ ਦਿੱਤੇ ਗਏ। ਉਨ੍ਹਾਂ ਮੰਗ ਕੀਤੀ ਕਿ ਪੀੜਤ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ।
ਦੂਜੇ ਪਾਸੇ ਜਾਂਚ ਕਮਿਸ਼ਨਰ ਨੇ ਆਖਿਆ ਕਿ ਜਾਂਚ ਪਾਰਦਰਸ਼ੀ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਲੋਕ ਗਵਾਹੀ ਦੇਣ ਪੁੱਜੇ ਹਨ। ਹੁਣ ਤਕ 51 ਲੋਕਾਂ ਦੇ ਬਿਆਨ ਕਲਮਬੰਦ ਕੀਤੇ ਗਏ ਹਨ।

 

 

fbbg-image

Latest News
Magazine Archive