ਭੁਵੀ ਤੇ ਬਮਰਾਹ ਦੀ ਇਕ ਰੋਜ਼ਾ ਟੀਮ ’ਚ ਵਾਪਸੀ


ਨਵੀਂ ਦਿੱਲੀ -ਭਾਰਤੀ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਤੇ ਜਸਪ੍ਰੀਤ ਬਮਰਾਹ ਫੁਰਸਤ ਦੇ ਪਲਾਂ ’ਚ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਤੇ ਜਸਪ੍ਰੀਤ ਬਮਰਾਹ ਨੂੰ ਵੈਸਟਇੰਡੀਜ਼ ਖ਼ਿਲਾਫ਼ ਆਖਰੀ ਤਿੰਨ ਇਕ ਰੋਜ਼ਾ ਕੌਮਾਂਤਰੀ ਮੈਚਾਂ ਲਈ ਅੱਜ ਟੀਮ ’ਚ ਦਾਖ਼ਲੇ ਲਈ ਹਰੀ ਝੰਡੀ ਮਿਲ ਗਈ ਜਦੋਂਕਿ ਮੁਹੰਮਦ ਸ਼ਮੀ ਨੂੰ ਲੱਚਰ ਪ੍ਰਦਰਸ਼ਨ ਦੇ ਚਲਦਿਆਂ ਬਾਹਰ ਕਰ ਦਿੱਤਾ ਗਿਆ ਹੈ। ਉਂਜ ਕੌਮੀ ਚੋਣ ਕਮੇਟੀ ਵੈਸਟ ਇੰਡੀਜ਼ ਤੇ ਆਸਟਰੇਲੀਆ ਖ਼ਿਲਾਫ਼ ਕੁੱਲ ਛੇ ਟੀ-20 ਮੈਚਾਂ ਲਈ ਟੀਮ ਦੀ ਚੋਣ ਸ਼ੁੱਕਰਵਾਰ ਨੂੰ ਪੁਣੇ ਵਿੱਚ ਕਰੇਗੀ। ਆਸਟਰੇਲੀਆ ਖ਼ਿਲਾਫ਼ ਤਿੰਨ ਟੀ-20 ਮੈਚ ਉਸੇ ਦੀ ਸਰਜ਼ਮੀਨ ’ਤੇ ਖੇਡੇ ਜਾਣਗੇ। ਭਾਰਤੀ ਕਪਤਾਨ ਵਿਰਾਟ ਕੋਹਲੀ ਵੈਸਟ ਇੰਡੀਜ਼ ਖ਼ਿਲਾਫ਼ ਟੀ-20 ਲੜੀ ਵਿੱਚ ਖੇਡੇਗਾ ਜਾਂ ਨਹੀਂ, ਇਹ ਵੇਖਣਾ ਕਾਫ਼ੀ ਦਿਲਚਸਪ ਹੋਵੇਗਾ।
ਕੌਮੀ ਚੋਣ ਕਮੇਟੀ ਨੇ ਪੁਣੇ (27 ਅਕਤੂਬਰ), ਮੁੰਬਈ (29 ਅਕਤੂਬਰ) ਤੇ ਪੁਣੇ (ਪਹਿਲੀ ਨਵੰਬਰ) ਵਿੱਚ ਹੋਣ ਵਾਲੇ ਮੈਚਾਂ ਲਈ ਕੋਹਲੀ ਦੀ ਅਗਵਾਈ ਵਿੱਚ ਹੀ 15 ਮੈਂਬਰੀ ਟੀਮ ਦੀ ਚੋਣ ਕੀਤੀ ਹੈ। ਪਹਿਲੇ ਦੋ ਮੈਚਾਂ ਲਈ ਚੁਣੀ ਗਈ ਟੀਮ ’ਚੋਂ ਸਿਰਫ਼ ਸ਼ਮੀ ਨੂੰ ਹੀ ਬਾਹਰ ਦਾ ਰਾਹ ਵਿਖਾਇਆ ਗਿਆ ਹੈ, ਜੋ ਪਹਿਲੇ ਦੋ ਇਕ ਰੋਜ਼ਾ ਮੁਕਾਬਲਿਆਂ ’ਚ ਕਾਫ਼ੀ ਮਹਿੰਗਾ ਸਾਬਤ ਹੋਇਆ ਸੀ। ਹਾਲਾਂਕਿ ਉਮੇਸ਼ ਯਾਦਵ ਵੀ ਅਸਰਦਾਰ ਗੇਂਦਬਾਜ਼ੀ ਕਰਨ ਵਿੱਚ ਨਾਕਾਮ ਰਿਹਾ ਸੀ, ਪਰ ਉਹ ਟੀਮ ’ਚ ਆਪਣੀ ਥਾਂ ਬਰਕਰਾਰ ਰੱਖਣ ਵਿੱਚ ਸਫ਼ਲ ਰਿਹਾ ਸੀ। ਭੁਵਨੇਸ਼ਵਰ ਕੁਮਾਰ ਤੇ ਬਮਰਾਹ, ਜਿਨ੍ਹਾਂ ਨੂੰ ਏਸ਼ੀਆ ਕੱਪ ਤੇ ਮਗਰੋਂ ਵੈਸਟ ਇੰਡੀਜ਼ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਲਈ ਆਰਾਮ ਦਿੱਤਾ ਗਿਆ ਸੀ, ਦੀ ਵਾਪਸੀ ਨਾਲ ਭਾਰਤੀ ਹਮਲੇ ਨੂੰ ਮਜ਼ਬੂਤੀ ਮਿਲੀ ਹੈ। ਚੋਣਕਾਰਾਂ ਨੇ ਕੇਦਾਰ ਜਾਧਵ ਦੀ ਚੋਣ ਵੀ ਨਹੀਂ ਕੀਤੀ, ਜਿਸ ਨੇ ਦੇਵਧਰ ਟਰਾਫ਼ੀ ਨਾਲ ਜ਼ੋਰਦਾਰ ਵਾਪਸੀ ਕਰਦਿਆਂ 25 ਗੇਂਦਾਂ ’ਤੇ 41 ਦੌੜਾਂ ਦੀ ਪਾਰੀ ਖੇਡੀ ਸੀ। ਅਜਿਹੀ ਸੰਭਾਵਨਾ ਸੀ ਕਿ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾਹ ਨੂੰ ਇਕ ਰੋਜ਼ਾ ਟੀਮ ’ਚ ਥਾਂ ਮਿਲੇਗੀ, ਪਰ ਦੇਵਧਰ ਟਰਾਫ਼ੀ ਦੌਰਾਨ ਹੱਥ ’ਤੇ ਲੱਗੀ ਸੱਟ ਕਰਕੇ ਇਹ ਬੱਲੇਬਾਜ਼ ਭਾਰਤ ਏ ਵੱਲੋਂ ਭਾਰਤ ਸੀ ਖ਼ਿਲਾਫ਼ ਮੈਚ ਨਹੀਂ ਖੇਡ ਸਕਿਆ।

ਟੀਮ ਇਸ ਤਰ੍ਹਾਂ ਹੈ -ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ(ਉਪ ਕਪਤਾਨ), ਸ਼ਿਖਰ ਧਵਨ, ਅੰਬਾਤੀ ਰਾਇਡੂ, ਰਿਸ਼ਭ ਪੰਤ, ਮਹਿੰਦਰ ਸਿੰਘ ਧੋਨੀ (ਵਿਕਟ ਕੀਪਰ), ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯੁਜਵੇਂਦਰ ਚਹਿਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬਮਰਾਹ, ਖਲੀਲ ਅਹਿਮਦ, ਉਮੇਸ਼ ਯਾਦਵ, ਕੇ.ਐਲ.ਰਾਹੁਲ, ਮਨੀਸ਼ ਪਾਂਡੇ।

 

 

fbbg-image

Latest News
Magazine Archive