ਅਸਥਾਨਾ ਮਾਮਲੇ ਵਿੱਚ ਸੀਬੀਆਈ ਵੱਲੋਂ ਡੀਐਸਪੀ ਗ੍ਰਿਫ਼ਤਾਰ


ਨਵੀਂ ਦਿੱਲੀ - ਸੀਬੀਆਈ ਨੇ ਆਪਣੇ ਵਿਸ਼ੇਸ ਡਾਇਰੈਕਟਰ ਅਤੇ ਏਜੰਸੀ ਵਿੱਚ ਨੰਬਰ ਦੋ ਰਹੇ ਰਾਕੇਸ਼ ਅਸਥਾਨਾ ਨਾਲ ਜੁੜੇ ਰਿਸ਼ਵਤ ਮਾਮਲੇ ਵਿੱਚ ਵਿਭਾਗ ਦੇ ਡੀਐਸਪੀ ਦੇਵਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਮੀਟ ਬਰਾਮਦਕਾਰ ਮੋਇਨ ਕੁਰੈਸ਼ੀ ਨਾਲ ਸਬੰਧਤ ਮਾਮਲੇ ਵਿੱਚ ਦੇਵਿੰਦਰ ਕੁਮਾਰ ਜਾਂਚ ਅਫਸਰ ਸਨ। ਉਨ੍ਹਾਂ ਨੂੰ ਸਤੀਸ਼ ਸਾਨਾ ਦੇ ਬਿਆਨ ਦਰਜ ਕਰਨ ਸਬੰਧੀ ਕਥਿਤ ਧੋਖਾਧੜੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ ਲਾਇਆ ਗਿਆ ਹੈ ਕਿ ਅਸਥਾਨਾ ਦੀ ਅਗਵਾਈ ਵਾਲੀ ਜਾਂਚ ਟੀਮ ਨੇ ਸਨਾ ਦਾ ਬਿਆਨ 26 ਸਤੰਬਰ 2018 ਨੂੰ ਦਰਜ ਕੀਤਾ ਸੀ ਪਰ ਸੀਬੀਆਈ ਜਾਂਚ ਵਿੱਚ ਪਤਾ ਚਲਿਆ ਕਿ ਉਸ ਦਿਨ ਮੀਟ ਕਾਰੋਬਾਰੀ ਹੈਦਰਾਬਾਦ ਵਿੱਚ ਸੀ।
ਆਪਣੇ ਬਿਆਨ ਵਿੱਚ ਸਨਾ ਨੇ ਕਿਹਾ ਸੀ ਕਿ ਉਹ ਇਸ ਵਰ੍ਹੇ ਜੂਨ ਵਿੱਚ ਕੇਸ ਦੇ ਸਿਲਸਿਲੇ ਵਿੱਚ ਤੇਲਗੂ ਦੇਸਮ ਪਾਰਟੀ ਦੇ ਰਾਜ ਸਭਾ ਮੈਂਬਰ ਸੀਐਮ ਰਮੇਸ਼ ਨੂੰ ਮਿਲਿਆ ਸੀ। ਜਿਨ੍ਹਾਂ ਨੇ ਸੀਬੀਆਈ ਡਾਇਰੈਕਟਰ ਨਾਲ ਗੱਲ ਕਰ ਕੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਹੁਣ ਸੀਬੀਆਈ ਉਸ ਨੂੰ ਸੰਮਨ ਨਹੀਂ ਕਰੇਗੀ। ਉਸ ਨੇ ਕਿਹਾ , ‘‘ ਜੂਨ ਤੋਂ ਬਾਅਦ, ਸੀਬੀਆਈ ਨੇ ਮੈਨੂੰ ਨਹੀਂ ਸੱਦਿਆ। ਮੈਂ ਸੋਚਿਆ ਕਿ ਮੇਰੇ ਖ਼ਿਲਾਫ਼ ਜਾਂਚ ਮੁਕੰਮਲ ਹੋ ਗਈ ਹੈ।’’
ਸੀਬੀਆਈ ਨੇ ਹੁਣ ਦੋਸ਼ ਲਾਇਆ ਹੈ ਕਿ ਕੁਮਾਰ ਨੇ ਉਸ ਦੇ ਬਿਆਨ ਵਿੱਚ ਬਦਲਾਅ ਕੀਤਾ ਸੀ ਤਾਂ ਜੋ ਸੀਬੀਆਈ ਡਾਇਰੈਕਟਰ ਆਲੋਕ ਵਰਮਾ ਦੇ ਖਿਲਾਫ਼ ਅਸਥਾਨਾ ਵੱਲੋਂ ਸੀਵੀਸੀ ਵਿੱਚ ਲਗਾਏ ਗਏ ਦੋਸ਼ਾਂ ਦੀ ਪੁਸ਼ਟੀ ਹੋ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਅਸਥਾਨਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਦੇ ਹੋਰਨਾਂ ਮੈਂਬਰਾਂ ਦੀ ਕਥਿਤ ਭੂਮਿਕਾ ਦੀ ਜਾਂਚ ਕਰ ਰਹੀ ਹੈ। ਏਜੰਸੀ ਨੇ ਅਸਥਾਨਾ ਖ਼ਿਲਾਫ਼ ਰਿਸ਼ਵਤ ਦਾ ਕੇਸ ਦਰਜ ਕੀਤਾ ਹੈ। ਅਸਥਾਨਾ ਨੇ 24 ਅਗਸਤ 2018 ਨੂੰ ਸੀਬੀਆਈ ਦੇ ਡਾਇਰੈਕਟਰ ਵਰਮਾ ਖਿਲਾਫ਼ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਨੇ ਸਾਨਾ ਨੂੰ ਰਾਹਤ ਦੇਣ ਲਈ ਉਸ ਤੋਂ ਦੋ ਕਰੋੜ ਦੀ ਰਿਸ਼ਵਤ ਲਈ ਸੀ। ਸੀਬੀਆਈ ਨੇ ਬੀਤੇ ਦਿਨੀਂ ਦਵਿੰਦਰ ਕੁਮਾਰ ਦੇ ਦਫ਼ਤਰ ਅਤੇ ਘਰ ਦੀ ਤਲਾਸ਼ੀ ਲਈ ਸੀ, ਜਿੱਥੋਂ ਫੋਨ ਅਤੇ ਆਈਪੈਡ ਮਿਲਿਆ ਸੀ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਮੋਦੀ ਦੇ ਰਾਜ ਵਿੱਚ ਸੀਬੀਆਈ ਵਿੱਚ ਅੰਦਰੂਨੀ ਜੰਗ ਛਿੜੀ: ਰਾਹੁਲ
ਨਵੀਂ ਦਿੱਲੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਮੋਦੀ ਦੇ ਰਾਜ ਵਿੱਚ ਸੀਬੀਆਈ ਨੂੰ ਰਾਜਨੀਤਕ ਬਦਲਾਖੋਰੀ ਲਈ ਇਸਤੇਮਾਲ ਕੀਤਾ ਜਾ ਰਿਹਾ। ਇਸ ਕਾਰਨ ਜਾਂਚ ਏਜੰਸੀ ਵਿੱਚ ਅੰਦਰੂਨੀ ਜੰਗ ਛਿੜ ਗਈ ਹੈ। ਗਾਂਧੀ ਨੇ ਟਵੀਟ ਵਿੱਚ ਕਿਹਾ , ‘‘ ਪ੍ਰਧਾਨ ਮੰਤਰੀ ਦਾ ਨੀਲੀਆਂ ਅੱਖਾਂ ਵਾਲਾ ਲੜਕਾ, ਗੋਧਰਾ ਵਿਸ਼ੇਸ਼ ਜਾਂਚ ਟੀਮ ਤੋਂ ਚਰਚਾ ’ਚ ਆਇਆ ਗੁਜਰਾਤ ਕੇਡਰ ਦਾ ਅਫਸਰ ਸੀਬੀਆਈ ਵਿੱਚ ਨੰਬਰ 2 ਵਜੋਂ ਦਾਖਲ ਹੋਇਆ, ਹੁਣ ਰਿਸ਼ਵਤ ਲੈਂਦਿਆਂ ਫੜਿਆ ਗਿਆ ਹੈ।’’ ਇਸੇ ਦੇ ਨਾਲ ਹੀ ਰਾਹੁਲ ਗਾਂਧੀ ਨੇ ਅੱਜ ਮੇਹੁਲ ਚੌਕਸੀ ਨਾਲ ਸਬੰਧਾਂ ਕਾਰਨ ਵਿੱਤੀ ਮੰਤਰੀ ਅਰੁਣ ਜੇਤਲੀ ਨੂੰ ਕੱਢੇ ਜਾਣ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਜੇਤਲੀ ਦੀ ਧੀ ਮੇਹੁਲ ਚੌਕਸੀ ਕੋਲ ਕੰਮ ਕਰਦੀ ਸੀ ਜੋ ਪੀਐਨਬੀ ਘੁਟਾਲੇ ਦਾ ਮੁੱਖ ਮੁਲਜ਼ਮ ਹੈ। ਇਸੇ ਦੌਰਾਨ ਉਸ ਦੇ ਪਿਤਾ ਚੋਕਸੀ ਦੀ ਫਾਈਲ ’ਤੇ ਬੈਠ ਗਏ ਅਤੇ ਉਸ ਨੂੰ ਭੱਜਣ ਦੀ ਮਨਜ਼ੂਰੀ ਦੇ ਦਿੱਤੀ।
ਸੀਬੀਆਈ ਵਿੱਚ ਭਰੋਸੇਯੋਗਤਾ ਦਾ ਸੰਕਟ: ਪਾਇਲਟ: ਕਾਂਗਰਸ ਨੇ ਅੱਜ ਕਿਹਾ ਕਿ ਸੀਬੀਆਈ ਵਿੱਚ ਭਰੋਸੇਯੋਗਤਾ ਦਾ ਗੰਭੀਰ ਸੰਕਟ ਖੜ੍ਹਾ ਹੋ ਗਿਆ ਹੈ। ਏਜੰਸੀ ਦੇ ਉੱਚ ਅਧਿਕਾਰੀਆਂ ’ਤੇ ਭ੍ਰਿਸ਼ਟਾਚਾਰ ਅਤੇ ਸਰਕਾਰ ਵਿਚਲੇ ਆਪਣੇ ਨਿਜੀ ਹਿੱਤਾਂ ਤਹਿਤ ਏਜੰਸੀ ਨੂੰ ਇਸ ਹਾਲਤ ਵਿੱਚ ਪਹੁੰਚਾਉਣ ਦੇ ਦੋਸ਼ ਲਗ ਰਹੇ ਹਨ। ਇਸ ਮਾਮਲੇ ਨੂੰ ਗੰਭੀਰ ਆਖਦਿਆਂ ਕਾਂਗਰਸੀ ਆਗੂ ਸਚਿਨ ਪਾਇਲਟ ਨੇ ਸਰਕਾਰ ’ਤੇ ਸੀਬੀਆਈ ਵਿੱਚ ਦਖ਼ਲ ਦੇਣ ਦਾ ਦੋਸ਼ ਲਾਇਆ। ਉਨ੍ਹਾਂ ਪੁੱਛਿਆ ਕਿ ਸਰਕਾਰ ਇਸ ਮਾਮਲੇ ’ਤੇ ਚੁੱਪ ਕਿਉਂ ਹੈ। ਉਨ੍ਹਾਂ ਕਿਹਾ ,‘‘ ਭ੍ਰਿਸ਼ਟਾਚਾਰ ਮਾਮਲੇ ਵਿੱਚ ਅਸੀਂ ਸੀਬੀਆਈ ’ਤੇ ਕਿਵੇਂ ਭਰੋਸਾ ਕਰ ਸਕਦੇ ਹਾਂ ਜਦੋਂ ਉਨ੍ਹਾਂ ਦੇ ਉੱਚ ਅਫਸਰ ਹੀ ਇਸ ਵਿੱਚ ਸ਼ਾਮਲ ਹਨ।’’
 

 

 

fbbg-image

Latest News
Magazine Archive