ਕਾਂਗਰਸ ਨੇ ਰਾਹੁਲ ਨੂੰ ਪੀਐਮ ਬਣਾਉਣ

’ਤੇ ਕਦੇ ਜ਼ੋਰ ਨਹੀਂ ਦਿੱਤਾ: ਚਿਦੰਬਰਮ


ਚੇਨਈ - ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਅੱਜ ਆਖਿਆ ਕਿ ਪਾਰਟੀ ਨੇ ਅਧਿਕਾਰਤ ਤੌਰ ’ਤੇ ਇਹ ਕਦੇ ਨਹੀਂ ਆਖਿਆ ਕਿ ਜੇ ਲੋਕ ਸਭਾ ਚੋਣਾਂ ਵਿਚ ਕਾਂਗਰਸ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੀ ਸਰਕਾਰ ਬਣਦੀ ਹੈ ਤਾਂ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਹੀ ਬਣਨੇ ਚਾਹੀਦੇ ਹਨ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਕਾਂਗਰਸ ਦਾ ਫੋਕਸ ਭਾਜਪਾ ਸਰਕਾਰ ਨੂੰ ਲਾਂਭੇ ਕਰਨ ਅਤੇ ਅਗਾਂਹਵਧੂ ਬਦਲ ਪੇਸ਼ ਕਰਨ ’ਤੇ ਹੈ। ਉਨ੍ਹਾਂ ਕਿਹਾ ਕਿ ਜੇ ਅਗਲੇ ਸਾਲ ਲੋਕ ਸਭਾ ਚੋਣਾਂ ਵਿਚ ਵਿਰੋਧੀ ਪਾਰਟੀਆਂ ਦੀ ਜਿੱਤ ਹੁੰਦੀ ਹੈ ਤਾਂ ਪ੍ਰਧਾਨ ਮੰਤਰੀ ਕੌਣ ਬਣੇ, ਇਸ ਦਾ ਫ਼ੈਸਲਾ ਗੱਠਜੋੜ ਦੀਆਂ ਭਿਆਲ ਪਾਰਟੀਆਂ ਕਰਨਗੀਆਂ। ਤਮਿਲ ਟੀਵੀ ਚੈਨਲ ਨਿਊਜ਼ 18 ਨਾਲ ਗੱਲਬਾਤ ਕਰਦਿਆਂ ਕਾਂਗਰਸ ਆਗੂ ਨੇ ਕਿਹਾ ‘‘ ਕਾਂਗਰਸ ਪਾਰਟੀ ਨੇ ਅਧਿਕਾਰਤ ਤੌਰ ’ਤੇ ਇਹ ਕਦੇ ਨਹੀਂ ਕਿਹਾ ਕਿ ਰਾਹੁਲ ਹੀ ਹਰ ਸੂਰਤ ਵਿਚ ਪ੍ਰਧਾਨ ਮੰਤਰੀ ਬਣਾਇਆ ਜਾਵੇ। ਜਦੋਂ ਇਕ ਦੋ ਬੰਦਿਆਂ ਨੇ ਇਸ ਬਾਰੇ ਗੱਲ ਕੀਤੀ ਤਾਂ ਕੁੱਲ ਹਿੰਦ ਕਾਂਗਰਸ ਕਮੇਟੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਇਸ ਮੁੱਦੇ ’ਤੇ ਚਰਚਾ ਨਾ ਕਰਨ ਲਈ ਆਖਿਆ ਸੀ।’’ ਉਨ੍ਹਾਂ ਕਿਹਾ ‘‘ ਸਾਡਾ ਪ੍ਰਧਾਨ ਮੰਤਰੀ ਨੂੰ ਲੈ ਕੇ ਕੋਈ ਰੇੜਕਾ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਮੁੱਖ ਸਰੋਕਾਰ ਭਾਜਪਾ ਸਰਕਾਰ ਨੂੰ ਲਾਹੁਣਾ ਅਤੇ ਇਸ ਦੀ ਥਾਂ ਅਗਾਂਹਵਧੂ ਬਦਲ ਦੇਣਾ ਹੈ। ਉਨ੍ਹਾਂ ਕਿਹਾ ‘‘ ਅਸੀਂ ਅਜਿਹੀ ਸਰਕਾਰ ਚਾਹੁਦੇ ਹਾਂ ਜੋ ਮਨੁੱਖੀ ਆਜ਼ਾਦੀ ਨਾ ਖੋਹਵੇ, ਅਜਿਹੀ ਸਰਕਾਰ ਜੋ ਨਾਗਰਿਕਾਂ ਨੂੰ ਨਾ ਡਰਾਵੇ, ਵਪਾਰੀਆਂ ਤੇ ਕਾਰੋਬਾਰੀਆਂ ’ਤੇ ਟੈਕਸ ਅਤਿਵਾਦ ਨਾ ਠੋਸੇ।’’ ਉਨ੍ਹਾਂ ਕਿਹਾ ਕਿ ਇਹੋ ਜਿਹੀ ਸਰਕਾਰ ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਨੂੰ ਤਰਜੀਹ ਦੇਵੇਗੀ ਤੇ ਇਹ ਯਕੀਨੀ ਬਣਾਏਗੀ ਕਿ ਕਿਸਾਨਾਂ ਦੀ ਰੋਜ਼ੀ ਰੋਟੀ ਨਾ ਖੋਹੀ ਜਾਵੇ। ਸ੍ਰੀ ਚਿਦੰਬਰਮ ਨੇ ਕਿਹਾ ‘‘ ਇਹੋ ਸਾਡੀ ਖ਼ਾਹਸ਼ ਹੈ। ਕਾਂਗਰਸ ਪਾਰਟੀ ਨੇ ਕਦੇ ਨਹੀਂ ਆਖਿਆ ਕਿ ਪ੍ਰਧਾਨ ਮੰਤਰੀ ਸਾਡੀ ਪਾਰਟੀ ਤੋਂ ਹੀ ਹੋਣਾ ਚਾਹੀਦਾ ਹੈ। ਰਾਹੁਲ ਗਾਂਧੀ ਨੇ ਵੀ ਕਦੇ ਇਹ ਗੱਲ ਨਹੀਂ ਆਖੀ। ਗੱਠਜੋੜ ਬਣਨਾ ਚਾਹੀਦਾ ਹੈ, ਉਹ ਜਿੱਤੇ ਅਤੇ ਫਿਰ ਗੱਠਜੋੜ ਵਿਚ ਸ਼ਾਮਲ ਪਾਰਟੀਆਂ ਫ਼ੈਸਲਾ ਕਰਨ ਕਿ ਪ੍ਰਧਾਨ ਮੰਤਰੀ ਕੌਣ ਹੋਣਾ ਚਾਹੀਦਾ ਹੈ।’’

 

 

fbbg-image

Latest News
Magazine Archive