ਟੀ-20: ਭਾਰਤ ‘ਏ’ ਮਹਿਲਾ ਟੀਮ ਦੀ ਜਿੱਤ


ਮੁੰਬਈ - ਸਮ੍ਰਿਤੀ ਮੰਧਾਨਾ ਅਤੇ ਹਰਮਨਪ੍ਰੀਤ ਕੌਰ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਭਾਰਤ ‘ਏ’ ਮਹਿਲਾ ਟੀਮ ਨੇ ਤਿੰਨ ਮੈਚਾਂ ਦੀ ਟੀ-20 ਕ੍ਰਿਕਟ ਲੜੀ ਦੇ ਪਹਿਲੇ ਮੁਕਾਬਲੇ ਵਿੱਚ ਅੱਜ ਆਸਟਰੇਲੀਆ ‘ਏ’ ਟੀਮ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਇਸ ਜਿੱਤ ਨਾਲ ਹੀ ਮਹਿਲਾ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ‘ਏ’ ਨੇ 20 ਓਵਰਾਂ ਵਿੱਚ ਛੇ ਵਿਕਟਾਂ ’ਤੇ 160 ਦੌੜਾਂ ਬਣਾਈਆਂ। ਹੀਥਰ ਗ੍ਰਾਹਮ ਨੇ 43 ਦੌੜਾਂ ਦੀ ਪਾਰੀ ਖੇਡੀ। ਭਾਰਤੀ ਟੀਮ ਨੇ ਇੱਕ ਓਵਰ ਬਾਕੀ ਰਹਿੰਦਿਆਂ ਛੇ ਵਿਕਟਾਂ ’ਤੇ 163 ਦੌੜਾਂ ਬਣਾ ਲਈਆਂ।
ਮੰਧਾਨਾ ਨੇ 40 ਗੇਂਦਾਂ ਵਿੱਚ 72 ਦੌੜਾਂ ਅਤੇ ਹਰਮਨਪ੍ਰੀਤ ਕੌਰ ਨੇ 39 ਗੇਂਦਾਂ ਵਿੱਚ 45 ਦੌੜਾਂ ਬਣਾਈਆਂ। ਭਾਰਤ ਨੇ ਜੇਮੀਮਾ ਰੌਡਰਿਗਜ਼ (ਚਾਰ) ਅਤੇ ਵਿਕਟਕੀਪਰ ਤਾਨੀਆ ਭਾਟੀਆ (ਸਿਫ਼ਰ) ਦੀਆਂ ਵਿਕਟਾਂ ਛੇਤੀ ਗੁਆ ਲਈਆਂ ਸਨ।
ਹਰਮਨਪ੍ਰੀਤ ਕੌਰ ਦੀ ਵਿਕਟ ਡਿੱਗਣ ਮੌਕੇ ਭਾਰਤ ਦਾ ਸਕੋਰ ਚਾਰ ਵਿਕਟਾਂ ’ਤੇ 126 ਦੌੜਾਂ ਸੀ, ਪਰ ਪੂਜਾ ਵਸਤਰਕਾਰ ਨੇ ਨਾਬਾਦ 21 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਤਕ ਪਹੁੰਚਾਇਆ। ਇਸ ਤੋਂ ਪਹਿਲਾਂ ਆਸਟਰੇਲਿਆਈ ਪਾਰੀ ਵਿੱਚ ਗ੍ਰਾਹਮ ਤੋਂ ਇਲਾਵਾ ਤਾਹਿਲਾ ਮੈਕਗ੍ਰਾਅ (31) ਅਤੇ ਨਾਓਮੀ ਸਟਾਲੇਨਬਰਗ (39) ਚੰਗੀ ਸ਼ੁਰੂਆਤ ਦੇ ਬਾਵਜੂਦ ਵੱਡੀਆਂ ਪਾਰੀਆਂ ਨਹੀਂ ਖੇਡ ਸਕੀਆਂ। ਭਾਰਤ ਲਈ ਅਨੁਜਾ ਪਟੇਲ ਅਤੇ ਦੀਪਤੀ ਸ਼ਰਮਾ ਨੇ ਦੋ-ਦੋ ਵਿਕਟਾਂ ਲਈਆਂ। ਦੂਜਾ ਮੈਚ ਬੁੱਧਵਾਰ ਨੂੰ ਇਸੇ ਸਟੇਡੀਅਮ ’ਤੇ ਹੋਵੇਗਾ।

 

 

fbbg-image

Latest News
Magazine Archive