ਫਿਰਕੂ ਤਾਕਤਾਂ ਨੂੰ ਹਰਾਉਣ ਲਈ ਵਿਰੋਧੀ ਧਿਰਾਂ ਇਕਜੁੱਟ ਹੋਣ: ਦੇਵਗੌੜਾ


ਬੰਗਲੌਰ - ਭਾਜਪਾ ਨੂੰ ਸਾਂਝਾ ਦੁਸ਼ਮਣ ਐਲਾਨਦਿਆਂ ਕਰਨਾਟਕ ਵਿਚ ਸੱਤਾਧਾਰੀ ਜਨਤਾ ਦਲ (ਸੈਕੂਲਰ) ਅਤੇ ਕਾਂਗਰਸ ਗੱਠਜੋੜ ਨੇ ਕਿਹਾ ਹੈ ਕਿ ਸੂਬੇ ਵਿਚ ਉਨ੍ਹਾਂ ਦਾ ਗੱਠਜੋੜ ਹੋਰ ਵਿਰੋਧੀ ਧਿਰਾਂ ਲਈ ਇੱਕ ਸੰਦੇਸ਼ ਦੀ ਤਰ੍ਹਾਂ ਹੈ ਕਿ 2019 ਦੀਆਂ ਆਮ ਚੋਣਾਂ ਵਿਚ ‘ਫਿਰਕੂ ਸ਼ਕਤੀਆਂ’ ਨੂੰ ਹਰਾਉਣ ਲਈ ਉਹ ਇਕਜੁੱਟ ਹੋ ਜਾਣ।
ਸੂਬੇ ਵਿਚ 3 ਨਵੰਬਰ ਨੂੰ ਤਿੰਨ ਲੋਕ ਸਭਾ ਅਤੇ ਦੋ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਲਈ ਕਰਨਾਟਕ ਦੀ ਸੱਤਾ ਵਿਚ ਭਾਈਵਾਲ ਜਨਤਾ ਦਲ (ਐੱਸ) ਅਤੇ ਕਾਂਗਰਸ ਦੇ ਆਗੂਆਂ ਨੇ ਅੱਜ ਪੂਰੇ ਨਾਲ ਏਕੇ ਦਾ ਪ੍ਰਗਟਾਵਾ ਕਰਦਿਆਂ 12 ਮਈ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੁਰੀ ਤਰ੍ਹਾਂ ਆਪਸ ਵਿਚ ਉਲਝੇ ਵਰਕਰਾਂ ਨੂੰ ਅਪੀਲ ਕੀਤੀ ਕਿ ਭਾਜਪਾ ਨੂੰ ਹਰਾਉਣ ਲਈ ਉਹ ਇੱਕਜੁੱਟ ਹੋ ਕੇ ਕੰਮ ਕਰਨ।
ਦੋਵਾਂ ਪਾਰਟੀਆਂ ਦੇ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਅਤੇ ਜਨਤਾ ਦਲ (ਐੱਸ) ਦੇ ਸੁਪਰੀਮੋ ਐੱਚਡੀ ਦੇਵਗੋੜਾ ਨੇ ਕਿਹਾ ਕਿ ਉਨ੍ਹਾਂ ਦਾ ਨਿਸ਼ਾਨਾ ਰਾਜ ਅਤੇ ਦੇਸ਼ ਵਿਚ ਜਮਹੂਰੀ ਪ੍ਰਬੰਧ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨਾ ਹੈ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੋਂ ਖਹਿੜਾ ਛਡਾਉਣਾ ਹੈ, ਜੋ ਕਿ ਦੇਸ਼ ਵਿੱਚ ਕਈ ਮਾਮਲਿਆਂ ਲਈ ਜ਼ਿੰਮੇਵਾਰ ਹੈ। ਗੱਠਜੋੜ ਦੇ ਭਾਈਵਾਲਾਂ ਨੇ ਇੱਥੇ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿ ਕਿਹਾ ਕਿ ਇਹ ਤਾਂ ਹਾਲੇ ਸ਼ੁਰੂਆਤ ਹੈ, ਅਸੀਂ ਰਲ ਕੇ ਜ਼ਿਮਨੀ ਚੋਣਾਂ ਜਿੱਤਣੀਆਂ ਹਨ। ਭਾਵੇਂ ਕਿ ਬੀਤੇ ਸਮੇਂ ਵਿਚ ਅਸੀਂ ਇੱਕ ਦੂਜੇ ਵਿਰੁੱਧ ਲੜਦੇ ਰਹੇ ਹਾਂ ਪਰ ਭਵਿੱਖ ਵਿਚ ਅਸੀਂ ਰਲ ਕੇ ਫਿਰਕੂ ਸ਼ਕਤੀਆਂ ਅਤੇ ਉਸ ਪ੍ਰਬੰਧ ਨੂੰ ਹਰਾਉਣਾ ਹੈ, ਜੋ ਸਾਡੇ ਸਮਾਜ ਨੂੰ ਵੰਡ ਦੀ ਕੋਸ਼ਿਸ਼ ਕਰ ਰਿਹਾ ਹੈ। ਮੀਡੀਆ ਕਾਨਫਰੰਸ ਵਿਚ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ, ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ, ਕਾਂਗਰਸ ਦੇ ਸੂਬਾਈ ਪ੍ਰਧਾਨ ਦਿਨੇਸ਼ ਗੁੰਡੂ ਅਤੇ ਡਿਪਟੀ ਮੁੱਖ ਮੰਤਰੀ ਜੀ ਪਰਮੇਸ਼ਵਰਾ ਹਾਜ਼ਰ ਸਨ।

 

Latest News
Magazine Archive