ਐਮ. ਜੇ. ਅਕਬਰ ਵੱਲੋਂ ਅਸਤੀਫ਼ਾ


ਨਵੀਂ ਦਿੱਲੀ - ਬਹੁਤ ਸਾਰੀਆਂ ਮਹਿਲਾ ਪੱਤਰਕਾਰਾਂ ਵੱਲੋਂ ਲਗਾਏ ਜਿਨਸੀ ਦੁਰਾਚਾਰ ਦੇ ਦੋਸ਼ਾਂ ਵਿੱਚ ਘਿਰੇ ਵਿਦੇਸ਼ ਮਾਮਲਿਆਂ ਬਾਰੇ ਰਾਜ ਮੰਤਰੀ ਐਮ ਜੇ ਅਕਬਰ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨਜ਼ੂਰੀ ਲਈ ਅਸਤੀਫ਼ਾ ਰਾਸ਼ਟਰਪਤੀ ਨੂੰ ਭੇਜ ਦਿੱਤਾ, ਜਿਨ੍ਹਾਂ ਦੇਰ ਰਾਤ ਸਵੀਕਾਰ ਕਰ ਲਿਆ।
ਪੱਤਰਕਾਰ ਤੋਂ ਸਿਆਸਤਦਾਨ ਬਣੇ 67 ਸਾਲਾ ਅਕਬਰ ਨੇ ਪੱਤਰਕਾਰ ਪ੍ਰਿਆ ਰਮਾਨੀ ਖ਼ਿਲਾਫ਼ ਦਾਇਰ ਕੀਤੇ ਅਪਰਾਧਿਕ ਮਾਣ-ਹਾਨੀ ਦੇ ਮੁਕੱਦਮੇ ’ਤੇ ਸੁਣਵਾਈ ਤੋਂ ਇਕ ਦਿਨ ਪਹਿਲਾਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ। ਰਮਾਨੀ ਨੇ ਦੋਸ਼ ਲਾਇਆ ਸੀ ਕਿ 20 ਸਾਲ ਪਹਿਲਾਂ ਅਕਬਰ ਨੇ ਸੰਪਾਦਕ ਹੁੰਦਿਆਂ ਉਸ ਨਾਲ ਜਿਨਸੀ ਦੁਰਾਚਾਰ ਕੀਤਾ ਸੀ।
ਸ੍ਰੀ ਅਕਬਰ ਨੇ ਆਪਣੇ ਸੰਖੇਪ ਜਿਹੇ ਬਿਆਨ ਵਿਚ ਕਿਹਾ ਕਿ ਉਨ੍ਹਾਂ ਨਿੱਜੀ ਹੈਸੀਅਤ ਵਿਚ ਅਦਾਲਤ ਰਾਹੀਂ ਇਨਸਾਫ਼ ਲੈਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ‘‘ ਮੈਂ ਆਪਣੇ ਅਹੁਦੇ ਤੋਂ ਲਾਂਭੇ ਹੋ ਕੇ ਨਿੱਜੀ ਹੈਸੀਅਤ ਵਿਚ ਆਪਣੇ ਖ਼ਿਲਾਫ਼ ਲਾਏ ਦੋਸ਼ਾਂ ਦਾ ਸਾਹਮਣਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਲਈ ਮੈਂ ਵਿਦੇਸ਼ ਮਾਮਲਿਆਂ ਬਾਰੇ ਰਾਜ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਮੈਨੂੰ ਦੇਸ਼ ਦੀ ਸੇਵਾ ਦਾ ਮੌਕਾ ਦਿੱਤਾ।
ਪਿਛਲੇ ਦਸ ਕੁ ਦਿਨਾਂ ਵਿਚ ਘੱਟੋ ਘੱਟ 20 ਔਰਤਾਂ ਨੇ ਸਾਹਮਣੇ ਆ ਕੇ ਆਪਣੀ ਹੱਡ ਬੀਤੀ ਸੁਣਾਈ ਹੈ ਕਿ ਕਿਵੇਂ ਵੱਖ ਵੱਖ ਅਖ਼ਬਾਰਾਂ ਦੇ ਸੰਪਾਦਕ ਹੁੰਦਿਆਂ ਅਕਬਰ ਨੇ ਉਨ੍ਹਾਂ ਨਾਲ ਜਿਨਸੀ ਦੁਰਾਚਾਰ ਕੀਤਾ ਸੀ। ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਤੇ ਕਈ ਮੀਡੀਆ ਅਦਾਰਿਆਂ ਵੱਲੋਂ ਉਨ੍ਹਾਂ ਦੇ ਅਸਤੀਫ਼ੇ ਲਈ ਦਬਾਅ ਪਾਇਆ ਜਾ ਰਿਹਾ ਸੀ।
ਸ੍ਰੀ ਅਕਬਰ ਦੇ ਅਸਤੀਫ਼ੇ ’ਤੇ ਪੱਤਰਕਾਰ ਪ੍ਰਿਆ ਰਮਾਨੀ ਨੇ ਆਪਣੇ ਟਵੀਟ ਵਿਚ ਕਿਹਾ ‘‘ ਐਮਜੇ ਅਕਬਰ ਦੇ ਅਸਤੀਫ਼ੇ ਤੋਂ ਔਰਤ ਨਾਤੇ ਸਾਡੇ ਪੱਖ ਦੀ ਪੁਸ਼ਟੀ ਹੋਈ ਹੈ। ਮੈਂ ਵੀ ਉਸ ਦਿਨ ਦੀ ਉਡੀਕ ਕਰ ਰਹੀ ਹਾਂ ਜਦੋਂ ਅਦਾਲਤ ’ਚ ਮੈਨੂੰ ਇਨਸਾਫ਼ ਮਿਲੇਗਾ।’’ ਆਲ ਇੰਡੀਆ ਪ੍ਰੋਗ੍ਰੈਸਿਵ ਵਿਮੈੱਨਜ਼ ਐਸੋਸੀਏਸ਼ਨ ਦੀ ਸਕੱਤਰ ਕਵਿਤਾ ਕ੍ਰਿਸ਼ਨਨ ਨੇ ਕਿਹਾ ਕਿ ਇਹ 20 ਮਹਿਲਾ ਪੱਤਰਕਾਰਾਂ ਦੇ ਸਿਰੜ ਤੇ ਦਲੇਰੀ ਦਾ ਨਤੀਜਾ ਹੈ ਜਿਨ੍ਹਾਂ ਐਮ ਜੇ ਅਕਬਰ ਨੂੰ ਬੇਨਕਾਬ ਕੀਤਾ ਤੇ ਬਾਅਦ ਵਿਚ ਉਸ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ। ਮਹਿਲਾ ਅਧਿਕਾਰਾਂ ਦੀ ਕਾਰਕੁਨ ਰੰਜਨਾ ਕੁਮਾਰੀ ਨੇ ਕਿਹਾ ਕਿ ਅਕਬਰ ਨੂੰ ਪਹਿਲਾਂ ਹੀ ਅਸਤੀਫ਼ਾ ਦੇ ਦੇਣਾ ਤੇ ਸ਼ਰਮਿੰਦਾ ਹੋਣਾ ਚਾਹੀਦਾ ਸੀ ਪਰ ਉਹ ਅਜੇ ਵੀ ਸਾਹਮਣੇ ਆਈਆਂ ਔਰਤਾਂ ਖ਼ਿਲਾਫ਼ ਲੜ ਰਿਹਾ ਹੈ। ਆਮ ਆਦਮੀ ਪਾਰਟੀ ਦੇ ਤਰਜਮਾਨ ਦਿਲੀਪ ਪਾਂਡੇ ਨੇ ਕਿਹਾ ਕਿ ਅਸਤੀਫ਼ਾ ਦੇਣ ਨਾਲ ਕੁਝ ਨਹੀਂ ਹੋਣਾ ਸਗੋਂ ਅਕਬਰ ਖ਼ਿਲਾਫ਼ ਫ਼ੌਜਦਾਰੀ ਕਾਰਵਾਈ ਸ਼ੁਰੂ ਹੋਣੀ ਚਾਹੀਦੀ ਹੈ। ਦਿ ਏਸ਼ੀਅਨ ਏਜ ਦੀ ਰੈਜ਼ੀਡੈਂਟ ਐਡੀਟਰ ਸੁਪਰਨਾ ਸ਼ਰਮਾ ਨੇ ਅਸਤੀਫ਼ੇ ਦਾ ਸਵਾਗਤ ਕਰਦਿਆਂ ਕਿਹਾ ‘‘ ਇਹ ਸਾਡੇ ਲਈ ਵੱਡਾ ਪਲ ਹੈ ਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਪੱਖ ਦੀ ਪੁਸ਼ਟੀ ਹੋਈ ਹੈ।’’
ਮਾਣਹਾਨੀ ਦੇ ਮੁਕੱਦਮੇ ’ਤੇ ਸੁਣਵਾਈ ਅੱਜ ਤੋਂ: ਐਮ ਜੇ ਅਕਬਰ ਵੱਲੋਂ ਪੱਤਰਕਾਰ ਪ੍ਰਿਆ ਰਮਾਨੀ ਖ਼ਿਲਾਫ਼ ਦਾਇਰ ਕੀਤੇ ਅਪਰਾਧਿਕ ਮਾਣਹਾਨੀ ਦੇ ਮੁਕੱਦਮੇ ’ਤੇ ਭਲਕੇ ਇੱਥੇ ਪਟਿਆਲਾ ਭਵਨ ਸਥਿਤ ਵਧੀਕ ਚੀਫ ਮੈਟਰੋਪੋਲਿਟਨ ਮੈਜਿਸਟ੍ਰੇਟ ਸਮਰ ਵਿਸ਼ਾਲ ਦੀ ਅਦਾਲਤ ਵਿਚ ਸੁਣਵਾਈ ਸ਼ੁਰੂ ਹੋਵੇਗੀ। ਅਕਬਰ ਦਾ ਕੇਸ ਲੜ ਰਹੀ ਲਾਅ ਫਰਮ ਕਰੰਜਾਵਾਲਾ ਐਂਡ ਕੰਪਨੀ ਦੇ ਵਕੀਲ ਸੰਦੀਪ ਕਪੂਰ ਨੇ ਦੱਸਿਆ ‘‘ ਅਸੀਂ ਪਹਿਲਾਂ ਹੀ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ ਹੈ ਜਿਸ ਦੀ ਅਸੀਂ ਅਦਾਲਤ ਵਿਚ ਪੈਰਵੀ ਕਰਾਂਗੇ।’’
ਉਧਰ, ਪ੍ਰਿਆ ਰਮਾਨੀ ਨੇ ਕਿਹਾ ਕਿ ਉਹ ਮੁਕੱਦਮੇ ਦਾ ਸਾਹਮਣਾ ਕਰਨ ਲਈ ਤਿਆਰ ਹੈ।
ਸੱਚ ਦੀ ਜਿੱਤ ਹੋਈ: ਕਾਂਗਰਸ
ਕਾਂਗਰਸ ਤਰਜਮਾਨ ਪ੍ਰਿਅੰਕਾ ਚਤੁਰਵੇਦੀ ਨੇ ਅਕਬਰ ਦੇ ਅਸਤੀਫ਼ੇ ਨੂੰ ‘ਸੱਚ ਦੀ ਜਿੱਤ’ ਕਰਾਰ ਦਿੰਦਿਆਂ ਕਿਹਾ ਕਿ ਉਹ ਉਨ੍ਹਾਂ ਔਰਤਾਂ ਨੂੰ ਸਲਾਮ ਭੇਜਦੀ ਹੈ ਜੋ ਸਰਕਾਰ ਦੇ ਅੜੀਅਲ ਰਵੱਈਏ ਦੇ ਬਾਵਜੂਦ ਆਪਣੇ ਵੱਲੋਂ ਲਾਏ ਦੋਸ਼ਾਂ ’ਤੇ ਡਟੀਆਂ ਰਹੀਆਂ। ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਐਮਜੇ ਅਕਬਰ ਦੇ ਅਸਤੀਫ਼ੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਦੋਸ਼ੀ ਹੈ ਜਾਂ ਨਹੀਂ ਇਸ ਦਾ ਪਤਾ ਜਾਂਚ ਤੋਂ ਬਾਅਦ ਹੀ ਚਲੇਗਾ।

 

 

fbbg-image

Latest News
Magazine Archive