ਬਹਿਬਲ ਕਾਂਡ ’ਚ ਮਾਰੇ ਗਏ ਨੌਜਵਾਨ ਦੇ

ਭਰਾ ’ਤੇ ਹਮਲੇ ਨੇ ਨਵੇਂ ਸ਼ੰਕੇ ਖੜ੍ਹੇ ਕੀਤੇ


ਬਠਿੰਡਾ - ਬਹਿਬਲ ਕਾਂਡ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਭਰਾ ਰੇਸ਼ਮ ਸਿੰਘ ‘ਤੇ ਹੋਏ ਜਾਨਲੇਵਾ ਹਮਲੇ ਤੋਂ ਨਵੇਂ ਸ਼ੰਕੇ ਖੜ੍ਹੇ ਹੋ ਗਏ ਹਨ। ਅਣਪਛਾਤੇ ਸ਼ੱਕੀ ਕਾਰ ਸਵਾਰਾਂ ਨੇ ਕਰੀਬ ਛੇ ਦਿਨ ਪਹਿਲਾਂ 11 ਅਕਤੂਬਰ ਦੀ ਦੇਰ ਸ਼ਾਮ ਨੂੰ ਇਸ ਘਟਨਾ ਨੂੰ ਉਦੋਂ ਅੰਜਾਮ ਦਿੱਤਾ ਜਦੋਂ ਰੇਸ਼ਮ ਸਿੰਘ ਜੈਤੋ ਮੰਡੀ ਤੋਂ ਆਪਣੇ ਪਿੰਡ ਬਹਿਬਲ ਖ਼ੁਰਦ ਨੂੰ ਆ ਰਿਹਾ ਸੀ। ਫ਼ਰੀਦਕੋਟ ਪੁਲੀਸ ਨੇ ਪਹਿਲਾਂ ਬਹਿਬਲ ਗੋਲੀ ਕਾਂਡ ਸਬੰਧੀ ਕੇਸ ਦਰਜ ਕਰਨ ’ਚ ਬੇਲੋੜੀ ਢਿੱਲ ਦਿਖਾਈ ਅਤੇ ਹੁਣ ਗੋਲੀ ਕਾਂਡ ਦਾ ਸ਼ਿਕਾਰ ਨੌਜਵਾਨ ਦੇ ਭਰਾ ਉੱਤੇ ਹੋਏ ਹਮਲੇ ਬਾਰੇ ਪੁਲੀਸ ਕੇਸ ਦਰਜ ਵਿਚ ਢਿੱਲ-ਮੱਠ ਵਰਤ ਰਹੀ ਹੈ। ਮਾਮਲਾ ਇਸ ਕਰਕੇ ਸ਼ੱਕ ਦੇ ਘੇਰੇ ਵਿਚ ਹੈ ਕਿਉਂਕਿ ਰੇਸ਼ਮ ਸਿੰਘ ਦੀ ਨਵੰਬਰ ਮਹੀਨੇ ਹਾਈ ਕੋਰਟ ਵਿਚ ਪੁਲੀਸ ਅਫ਼ਸਰਾਂ ਖ਼ਿਲਾਫ਼ ਪਾਈ ਪਟੀਸ਼ਨ ਦੀ ਪੇਸ਼ੀ ਵੀ ਹੈ। ਵੇਰਵਿਆਂ ਅਨੁਸਾਰ ਰੇਸ਼ਮ ਸਿੰਘ ਆਮ ਦੀ ਤਰ੍ਹਾਂ ਜੈਤੋ ਵਿਚਲੀ ਆਪਣੀ ਦੁਕਾਨ ਤੋਂ ਆਪਣੇ ਪਿੰਡ ਬਹਿਬਲ ਖ਼ੁਰਦ ਨੂੰ ਰਾਤ ਨੂੰ ਮੋਟਰ ਸਾਈਕਲ ਉੱਤੇ ਜਾ ਰਿਹਾ ਸੀ, ਜਦੋਂ ਉਹ ਪਿੰਡ ਨੇੜੇ ਪੁੱਜਾ ਤਾਂ ਚਾਰ ਕਾਰ ਸਵਾਰਾਂ ਨੇ ਉਸ ਨੂੰ ਕਿਸੇ ਦਾ ਘਰ ਪੁੱਛਣ ਬਹਾਨੇ ਰੋਕ ਲਿਆ। ਇਸੇ ਦੌਰਾਨ ਜਦੋਂ ਤਕਰਾਰ ਕਰਦਿਆਂ ਕਾਰ ਸਵਾਰਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ। ਉਸ ਦੇ ਸਿਰ ’ਚ ਸੱਟਾਂ ਲੱਗੀਆਂ ਹਨ। ਰੌਲਾ-ਰੱਪਾ ਪੈਣ ਉੱਤੇ ਲੋਕ ਇਕੱਠੇ ਹੋ ਗਏ ਜਦੋਂ ਕਿ ਮੌਕਾ ਤਾੜ ਕੇ ਹਮਲਾਵਰ ਫ਼ਰਾਰ ਹੋ ਗਏ। ਪਹਿਲਾਂ ਰੇਸ਼ਮ ਸਿੰਘ ਨੂੰ ਕੋਟਕਪੂਰਾ ਲਿਜਾਇਆ ਗਿਆ ਜਿੱਥੋਂ ਉਸ ਨੂੰ ਬਠਿੰਡਾ ਲਈ ਰੈਫ਼ਰ ਕਰ ਦਿੱਤਾ ਗਿਆ। ਹੁਣ ਰੇਸ਼ਮ ਸਿੰਘ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਹੈ। ਬਹਿਬਲ ਗੋਲੀ ਕਾਂਡ ਦਾ ਸ਼ਿਕਾਰ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਦੀ ਲੰਘੀ 16 ਅਕਤੂਬਰ ਨੂੰ ਹੀ ਬਰਸੀ ਸੀ ਅਤੇ ਉਸ ਤੋਂ ਪਹਿਲਾਂ ਹੀ ਉਸ ਦਾ ਭਰਾ ਰੇਸ਼ਮ ਸਿੰਘ ਵੀ ਹਮਲੇ ਦਾ ਸ਼ਿਕਾਰ ਹੋ ਗਿਆ। ਬਾਜਾਖਾਨਾ ਥਾਣੇ ਵਿਚ ਪੁਲੀਸ ਨੇ ਇਸ ਘਟਨਾ ਸਬੰਧੀ 16 ਅਕਤੂਬਰ ਨੂੰ ਰਿਪੋਰਟ ਨੰਬਰ 22 ਦਰਜ ਕਰ ਦਿੱਤੀ ਹੈ, ਜਿਸ ਵਿਚ ਲਿਖਿਆ ਹੈ ਕਿ ਹੁਣ ਤੱਕ ਦੀ ਪੜਤਾਲ ਤੋਂ ਪਾਇਆ ਗਿਆ ਹੈ ਕਿ ਪੀੜਤ ਦੇ ਸੱਟਾਂ ਕਿਸੇ ਵਹੀਕਲ ਦੀ ਫੇਟ ਕਾਰਨ ਲੱਗੀਆਂ ਹਨ। ਬਾਕੀ ਜਦੋਂ ਰੇਸ਼ਮ ਸਿੰਘ ਬਿਆਨ ਦਰਜ ਕਰਾ ਦੇਵੇਗਾ, ਉਸ ਮਗਰੋਂ ਅਗਲੀ ਕਾਰਵਾਈ ਹੋਣੀ ਹੈ, ਇਹ ਜ਼ਿਕਰ ਵੀ ਰਿਪੋਰਟ ਵਿਚ ਕੀਤਾ ਗਿਆ ਹੈ। ਜ਼ਖਮੀ ਰੇਸ਼ਮ ਸਿੰਘ ਨੇ ਬਹਿਬਲ ਗੋਲੀ ਕਾਂਡ ਦੇ ਦੋਸ਼ੀ ਪੁਲੀਸ ਅਫ਼ਸਰਾਂ ਖ਼ਿਲਾਫ਼ ਹਾਈਕੋਰਟ ਵਿਚ 14 ਅਕਤੂਬਰ 2015 ਨੂੰ ਪਟੀਸ਼ਨ ਪਾਈ ਹੋਈ ਹੈ ਜੋ ਹੁਣ ਸੁਣਵਾਈ ਅਧੀਨ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਇਸ ਪਟੀਸ਼ਨ ਦੀ ਅਗਲੀ ਪੇਸ਼ੀ ਹੁਣ 29 ਨਵੰਬਰ ਹੈ ਅਤੇ ਇਸ ਪੇਸ਼ੀ ’ਤੇ ਰੇਸ਼ਮ ਸਿੰਘ ਵੱਲੋਂ ਕੁੱਝ ਸਬੂਤ ਪੇਸ਼ ਕੀਤੇ ਜਾਣੇ ਹਨ। ਰੇਸ਼ਮ ਸਿੰਘ ਨੇ ਸ਼ੱਕ ਜ਼ਾਹਿਰ ਕੀਤਾ ਕਿ ਇਹ ਹਮਲਾ ਪਟੀਸ਼ਨ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਸਾਜ਼ਿਸ਼ ਵੀ ਹੋ ਸਕਦਾ ਹੈ। ਅੱਜ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਹਸਪਤਾਲ ਵਿਚ ਰੇਸ਼ਮ ਸਿੰਘ ਦਾ ਹਾਲ ਚਾਲ ਪੁੱਛਣ ਲਈ ਪੁੱਜੇ।ਇਸ ਮੌਕੇ ਜਥੇਦਾਰ ਦਾਦੂਵਾਲ ਨੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਉੱਤੇ ਦੂਹਰੇ ਮਿਆਰ ਅਖ਼ਤਿਆਰ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਕਾਫ਼ਲੇ ਦੀ ਗੱਡੀ ‘ਤੇ ਜੇ ਕੋਈ ਜੁੱਤੀ ਵੀ ਸੁੱਟ ਦੇਵੇ ਤਾਂ ਉਦੋਂ ਹੀ ਇਰਾਦਾ ਕਤਲ ਦਾ ਕੇਸ ਦਰਜ ਹੋ ਜਾਂਦਾ ਹੈ ਪਰ ਆਮ ਵਿਅਕਤੀ ਉੱਤੇ ਹੋਏ ਕਾਤਲਾਨਾ ਹਮਲੇ ਦੀ ਕਿਧਰੇ ਕੋਈ ਸੁਣਵਾਈ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਭਾਈ ਰੇਸ਼ਮ ਸਿੰਘ ਉੱਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਬਿਨਾਂ ਦੇਰੀ ਤੋਂ ਪੁਲੀਸ ਕੇਸ ਦਰਜ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਕੋਈ ਢਿੱਲ ਨਹੀਂ ਵਰਤ ਰਹੇ: ਚੌਕੀ ਇੰਚਾਰਜ
ਪੁਲੀਸ ਚੌਕੀ ਬਰਗਾੜੀ ਦੇ ਇੰਚਾਰਜ ਸਬ ਇੰਸਪੈਕਟਰ ਜਗਦੀਸ਼ ਸਿੰਘ ਬਰਾੜ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਦੂਸਰੇ ਦਿਨ ਜਿਉਂ ਹੀ ਘਟਨਾ ਦਾ ਪਤਾ ਲੱਗਿਆ ਤਾਂ ਉਹ ਪੀੜਤ ਦੇ ਬਿਆਨ ਲੈਣ ਲਈ ਹਸਪਤਾਲ ਗਏ ਪਰ ਡਾਕਟਰ ਨੇ ਮਰੀਜ਼ ਨੂੰ ਅਣਫਿੱਟ ਕਰਾਰ ਦੇ ਦਿੱਤਾ। ਇਵੇਂ ਹੀ 15 ਅਕਤੂਬਰ ਨੂੰ ਅਣਫਿੱਟ ਹੋਣ ਦੀ ਗੱਲ ਆਖੀ ਗਈ। ਉਨ੍ਹਾਂ ਦੱਸਿਆ ਕਿ 16 ਅਕਤੂਬਰ ਨੂੰ ਪੀੜਤ ਨੇ ਆਖ ਦਿੱਤਾ ਕਿ ਉਹ ਆਪਣੇ ਪਿਤਾ ਨਾਲ ਮਸ਼ਵਰਾ ਕਰਨ ਮਗਰੋਂ ਬਿਆਨ ਦਰਜ ਕਰਾਏਗਾ। ਚੌਕੀ ਇੰਚਾਰਜ ਨੇ ਆਖਿਆ ਕਿ ਪੁਲੀਸ ਤਰਫ਼ੋਂ ਇਸ ਮਾਮਲੇ ਵਿਚ ਕੋਈ ਢਿੱਲ ਨਹੀਂ ਵਰਤੀ ਜਾ ਰਹੀ।

 

 

fbbg-image

Latest News
Magazine Archive