ਗੱਲਬਾਤ ਬਿਨਾਂ ਕਰਤਾਰਪੁਰ ਲਾਂਘਾ ਖੋਲ੍ਹਣਾ ਸੰਭਵ ਨਹੀਂ: ਪਾਕਿ


ਇਸਲਾਮਾਬਾਦ - ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਖੋਲ੍ਹਣਾ ਪਾਕਿਸਤਾਨ ਤੇ ਭਾਰਤ ਵਿਚਾਲੇ ਗੱਲਬਾਤ ਬਿਨਾਂ ਸੰਭਵ ਨਹੀਂ ਹੈ। ਇਹ ਦਾਅਵਾ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕੀਤਾ ਹੈ। ਦਫ਼ਤਰ ਦਾ ਕਹਿਣਾ ਹੈ ਕਿ ਦੋਵਾਂ ਮੁਲਕਾਂ ਵਿਚਲੇ ਵਿਵਾਦਾਂ ਨੂੰ ਸੁਲਝਾਉਣ ਦਾ ਇਹ ਹੀ ਇਕੋ ਇਕ ਰਾਹ ਹੈ।
ਵਿਦੇਸ਼ ਦਫ਼ਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਕਿਸਤਾਨ ਆਪਣੇ ਗੁਆਂਢੀ ਨਾਲ ਮਿਲ ਕੇ ਰਹਿਣ ਦੀ ਕੋਸ਼ਿਸ਼ ਕਰ ਸਕਦਾ ਹੈ। ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਫੈਸਲ ਨੇ ਕਿਹਾ ਕਿ ਜੇ ਦੋਵਾਂ ਮੁਲਕਾਂ ਵਿਚਾਲੇ ਕੋਈ ਗੱਲਬਾਤ ਨਹੀਂ ਹੁੰਦੀ ਤਾਂ ਕੁਝ ਨਹੀਂ ਹੋ ਸਕਦਾ ਪਰ ਉਨ੍ਹਾਂ ਪੈਂਡਿੰਗ ਮਸਲਿਆਂ ਦੇ ਹੱਲ ਲਈ ਭਾਰਤ ਨਾਲ ਗੱਲਬਾਤ ਦੇ ਪਾਕਿਸਤਾਨੀ ਰਵੱਈਏ ਨੂੰ ਦੁਹਰਾਇਆ।
ਜ਼ਿਕਰਯੋਗ ਹੈ ਕਿ ਕਰਤਾਰਪੁਰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਰੋਵਾਲ ਜ਼ਿਲ੍ਹੇ ਵਿੱਚ ਸਥਿਤ ਹੈ, ਜੋ ਭਾਰਤ ਪਾਕਿ ਸਰਹੱਦ ਨਜ਼ਦੀਕ ਹੈ। ਇਥੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ 1522 ਵਿੱਚ ਪਹਿਲਾ ਗੁਰਦੁਆਰਾ ਬਣਾਇਆ ਸੀ ਤੇ ਇਥੇ ਹੀ ਉਹ ਜੋਤੀ ਜੋਤ ਸਮਾਏ ਸਨ ।
ਕਿ੍ਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਅਗਸਤ ਮਹੀਨੇ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ ਤੇ ਕਿਹਾ ਸੀ ਕਿ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ’ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦਾ ਸੰਕੇਤ ਦਿੱਤਾ ਹੈ। ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਨਵੰਬਰ 2019 ਵਿੱਚ ਮਨਾਇਆ ਜਾਵੇਗਾ। ਜ਼ਿਕਰਯੋਗ ਹੈ ਕਿ 2016 ਵਿੱਚ ਪਾਕਿਸਤਾਨੀ ਧੜੇ ਵੱਲੋਂ ਕੀਤੀ ਦਹਿਸ਼ਤੀ ਕਾਰਵਾਈ ਅਤੇ ਭਾਰਤ ਵੱਲੋਂ ਮਕਬੂਜ਼ਾ ਕਸ਼ਮੀਰ ਦੇ ਅੰਦਰ ਸਰਜੀਕਲ ਸਟ੍ਰਾਈਕ ਕੀਤੇ ਜਾਣ ਤੋਂ ਬਾਅਦ ਦੋਵਾਂ ਮੁਲਕਾਂ ਵਿਚਾਲੇ ਸਬੰਧਾਂ ਵਿੱਚ ਤਣਾਅ ਆ ਗਿਆ ਸੀ। ਪਿਛਲੇ ਮਹੀਨੇ ਭਾਰਤ ਨੇ ਨਿਊਯਾਰਕ ਵਿੱਚ ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਸੀ।
ਸਾਰਕ ਕਾਨਫਰੰਸ ਬਾਰੇ ਫੈਸਲ ਨੇ ਕਿਹਾ ਕਿ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਮੀਟਿੰਗ ਤੋਂ ਇਲਾਵਾ ਪਾਕਿਸਤਾਨ ਨੇ ਸਾਰੇ ਦੱਖਣੀ ਏਸ਼ਿਆਈ ਮੁਲਕਾਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਦਾ ਇਸਲਾਮਾਬਾਦ ਸੰਮੇਲਨ ਬਾਰੇ ਰੱਵਈਆ ਸਾਕਾਰਾਤਮਕ ਸੀ, ਪਰ ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਇਸ ਵਿੱਚ ਅੜਿੱਕੇ ਡਾਹ ਰਿਹਾ ਹੈ। ਪਿਛਲਾ ਸਾਰਕ ਸੰਮੇਲਨ 2014 ਵਿੱਚ ਕਾਠਮੰਡੂ ਵਿੱਚ ਹੋਇਆ ਸੀ ਤੇ 2016 ਦਾ ਸੰਮੇਲਨ ਪਾਕਿਸਤਾਨ ਵਿੱਚ ਹੋਣਾ ਸੀ ਪਰ ਕਸ਼ਮੀਰ ਦੇ ਉੜੀ ਸੈਕਟਰ ਵਿੱਚ ਭਾਰਤੀ ਫੌਜੀ ਕੈਂਪ ’ਤੇ ਹੋਏ ਦਹਿਸ਼ਤੀ ਹਮਲੇ ਬਾਅਦ ਭਾਰਤ ਨੇ ਸੰਮੇਲਨ ਵਿੱਚ ਹਿੱਸਾ ਲੈਣ ਵਿੱਚ ਅਸਮਰਥਾ ਜਤਾਈ ਸੀ ਅਤੇ ਪਾਕਿਸਤਾਨ ’ਤੇ ਕੂਟਨੀਤਕ ਦਬਾਅ ਬਣਾਇਆ ਸੀ। ਬੰਗਲਾਦੇਸ਼, ਭੂਟਾਨ ਅਤੇ ਅਫਗਾਨਿਸਤਾਨ ਵੱਲੋਂ ਸੰਮੇਲਨ ਵਿੱਚ ਸ਼ਮੂਲੀਅਤ ਕਰਨ ਤੋਂ ਇਨਕਾਰ ਕਰਨ ’ਤੇ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ।

 

Latest News
Magazine Archive