ਵੀਵੀਆਈਪੀਜ਼ ਦੇ ਵਿਦੇਸ਼ ਦੌਰਿਆਂ ਕਾਰਨ ਏਅਰ ਇੰਡੀਆ ‘ਕਰੈਸ਼’


ਨਵੀਂ ਦਿੱਲੀ - ਮਾਲੀ ਤੰਗੀਆਂ ਦਾ ਸ਼ਿਕਾਰ ਬਣੀ ਏਅਰ ਇੰਡੀਆ ਦੇ ਸਰਕਾਰ ਵੱਲ ਵੀਵੀਆਈਪੀ ਚਾਰਟਰਡ ਫਲਾਈਟਾਂ ਦੇ 1146.86 ਕਰੋੜ ਰੁਪਏ ਬਕਾਇਆ ਹਨ। ਇਹ ਜਾਣਕਾਰੀ ਆਰਟੀਆਈ ਐਕਟ ਤਹਿਤ ਦਾਇਰ ਕੀਤੀ ਇਕ ਅਰਜ਼ੀ ਦੇ ਜਵਾਬ ਵਿੱਚ ਮਿਲੀ ਹੈ।
ਏਅਰ ਇੰਡੀਆ ਵੱਲੋਂ ਕਮਾਡੋਰ ਲੋਕੇਸ਼ ਬੱਤਰਾ (ਸੇਵਾਮੁਕਤ) ਦੀ ਅਰਜ਼ੀ ਦੇ ਜਵਾਬ ਵਿੱਚ 26 ਸਤੰਬਰ ਨੂੰ ਮੁਹੱਈਆ ਕਰਵਾਈ ਜਾਣਕਾਰੀ ਮੁਤਾਬਕ ਰੱਖਿਆ ਮੰਤਰਾਲੇ ਵੱਲ ਕੁੱਲ 211.17 ਕਰੋੜ ਰੁਪਏ, ਕੈਬਨਿਟ ਸਕੱਤਰੇਤ ਅਤੇ ਪੀਐਮਓ ਵੱਲ 543.18 ਕਰੋੜ ਰੁਪਏ ਅਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਵੱਲ 392.33 ਕਰੋੜ ਰੁਪਏ ਬਕਾਇਆ ਹਨ। ਏਅਰ ਇੰਡੀਆ ਦੇ ਅੰਕੜਿਆਂ ਮੁਤਾਬਕ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਤੇ ਬਚਾਓ ਫਲਾਈਟਾਂ ਦੇ ਕੁਝ ਬਿੱਲ ਤਾਂ ਦਸ ਸਾਲ ਪੁਰਾਣੇ ਵੀ ਹਨ। ਇਸ ਤੋਂ ਪਹਿਲਾਂ ਇਸ ਸਾਲ ਮਾਰਚ ਮਹੀਨੇ ਦਿੱਤੀ ਗਈ ਜਾਣਕਾਰੀ ਅਨੁਸਾਰ 31 ਜਨਵਰੀ ਤੱਕ ਕੁੱਲ 325 ਕਰੋੜ ਰੁਪਏ ਦੇ ਬਕਾਇਆ ਬਿੱਲ ਸਨ ਜੋ ਵਧ ਕੇ 1146.86 ਕਰੋੜ ਰੁਪਏ ਹੋ ਗਏ ਹਨ।
ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰਿਆਂ ਲਈ ਚਾਰਟਰਡ ਹਵਾਈ ਜਹਾਜ਼ ਏਅਰ ਇੰਡੀਆ ਵੱਲੋਂ ਹੀ ਮੁਹੱਈਆ ਕਰਵਾਏ ਜਾਂਦੇ ਹਨ ਜੋ ਆਪਣੇ ਕਮਰਸ਼ੀਅਲ ਜਹਾਜ਼ਾਂ ਵਿੱਚ ਦੌਰਾ ਕਰਨ ਵਾਲੀਆਂ ਸ਼ਖ਼ਸੀਅਤਾਂ ਦੀਆਂ ਲੋੜਾਂ ਮੁਤਾਬਕ ਫ਼ੇਰਬਦਲ ਕੀਤਾ ਜਾਂਦਾ ਹੈ। ਇਨ੍ਹਾਂ ਹਵਾਈ ਜਹਾਜ਼ਾਂ ਦੇ ਬਿਲਾਂ ਦੀ ਅਦਾਇਗੀ ਰੱਖਿਆ ਮੰਤਰਾਲੇ, ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ, ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਕੈਬਨਿਟ ਸਕੱਤਰੇਤ ਦੇ ਖਜ਼ਾਨੇ ’ਚੋਂ ਕੀਤੀ ਜਾਂਦੀ ਹੈ। ਸਰਕਾਰ ਵੱਲ ਏਅਰ ਇੰਡੀਆ ਦੇ ਬਕਾਇਆਂ ਦਾ ਮੁੱਦਾ ਕੈਗ ਦੀ 2016 ਦੀ ਰਿਪੋਰਟ ਵਿੱਚ ਵੀ ਉਠਾਇਆ ਗਿਆ ਹੈ।

 

 

fbbg-image

Latest News
Magazine Archive