ਅੰਡਰ-19 ਏਸ਼ੀਆ ਕੱਪ: ਭਾਰਤ ਨੇ ਯੂਏਈ ਨੂੰ 227 ਦੌੜਾਂ ਨਾਲ ਹਰਾਇਆ


ਸਾਵਰ (ਬੰਗਲਾਦੇਸ਼) - ਸਲਾਮੀ ਬੱਲੇਬਾਜ਼ ਦੇਵਦੱਤ ਪੱਡੀਕਲ ਅਤੇ ਅਨੁਜ ਰਾਵਤ ਦੇ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਸੰਯੁਕਤ ਅਰਬ ਅਮੀਰਾਤ (ਯੂਏਈ) ਨੂੰ 227 ਦੌੜਾਂ ਨਾਲ ਤਕੜੀ ਹਾਰ ਦੇ ਕੇ ਏਸੀਸੀ ਅੰਡਰ-19 ਏਸ਼ੀਆ ਕੱਪ ਵਿੱਚ ਲਗਾਤਾਰ ਦੂਜੀ ਵੱਡੀ ਜਿੱਤ ਦਰਜ ਕੀਤੀ ਹੈ। ਫ਼ਿਰਕੀ ਗੇਂਦਬਾਜ਼ ਸਿਧਾਰਥ ਦੇਸਾਈ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਪੱਡੀਕਲ ਨੇ 115 ਗੇਂਦਾਂ ’ਤੇ 15 ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 121 ਦੌੜਾਂ ਬਣਾਈਆਂ। ਰਾਵਤ ਨੇ ਵੀ 115 ਗੇਂਦਾਂ ’ਤੇ 102 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ ਦਸ ਚੌਕੇ ਅਤੇ ਪੰਜ ਛੱਕੇ ਸ਼ਾਮਲ ਹਨ।
ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੇ ਦੋਵਾਂ ਸਲਾਮੀ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 205 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਛੇ ਵਿਕਟਾਂ ’ਤੇ 354 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਯੂਏਈ ਦੀ ਟੀਮ ਇਸ ਦੇ ਜਵਾਬ ਵਿੱਚ 33.5 ਓਵਰਾਂ ਵਿੱਚ 127 ਦੌੜਾਂ ’ਤੇ ਢੇਰ ਹੋ ਗਈ। ਉਸ ਵੱਲੋਂ ਅਲੀ ਮਿਰਜ਼ਾ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ। ਯੂਏਈ ਦੀ ਟੀਮ ਵੱਡੇ ਸਕੋਰ ਦੇ ਸਾਹਮਣੇ ਸ਼ੁਰੂ ਵਿੱਚ ਢੇਰ ਹੋਣੀ ਸ਼ੁਰੂ ਹੋ ਗਈ ਸੀ। ਉਸ ਨੇ ਛੇ ਓਵਰਾਂ ਤੱਕ ਦੋਵੇਂ ਸਲਾਮੀ ਬੱਲੇਬਾਜ਼ ਗੁਆ ਲਏ ਸਨ। ਉਸ ਨੇ ਆਖ਼ਰੀ ਸੱਤ ਵਿਕਟਾਂ 28 ਦੌੜਾਂ ਦੇ ਚੱਕਰ ਵਿੱਚ ਗੁਆ ਲਈਆਂ।
ਭਾਰਤ ਲਈ ਦੇਸਾਈ ਨੇ 24 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ। ਉਸ ਤੋਂ ਇਲਾਵਾ ਰਾਜੇਸ਼ ਮੋਹੰਤੀ, ਸਾਬਿਰ ਖ਼ਾਨ, ਅਜੈ ਗੰਗਾਪੁਰਮ ਅਤੇ ਸਮੀਰ ਚੌਧਰੀ ਨੇ ਇੱਕ-ਇੱਕ ਵਿਕਟ ਲਈ। ਭਾਰਤ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਯੂਏਈ ਵੱਲੋਂ ਅਲੀਸ਼ਾਨ ਸ਼ਰਾਫ਼ੂ ਅਤੇ ਆਰੋਨ ਬੈਂਜਾਮਿਨ ਨੇ ਦੋ-ਦੋ ਵਿਕਟਾਂ ਲਈਆਂ।
ਉਸ ਨੇ ਆਪਣੇ ਪਹਿਲੇ ਮੈਚ ਵਿੱਚ ਨੇਪਾਲ ਨੂੰ 171 ਦੌੜਾਂ ਨਾਲ ਹਰਾਇਆ ਸੀ। ਭਾਰਤੀ ਟੀਮ ਹੁਣ ਗਰੁਪ ‘ਏ’ ਵਿੱਚ ਦੋ ਮੈਚਾਂ ਵਿੱਚ ਚਾਰ ਅੰਕਾਂ ਨਾਲ ਚੋਟੀ ’ਤੇ ਹੈ। ਉਸ ਦਾ ਅਗਲਾ ਮੁਕਾਬਲਾ ਮੰਗਲਵਾਰ ਨੂੰ ਅਫ਼ਗਾਨਿਸਤਾਨ ਨਾਲ ਹੋਵੇਗਾ।

 

 

fbbg-image

Latest News
Magazine Archive