ਮੀਂਹ ਰੁਕਣ ਨਾਲ ਹੜ੍ਹਾਂ ਦਾ ਖ਼ਤਰਾ ਟਲਿਆ


ਚੰਡੀਗੜ੍ਹ - ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਅੱਸੂ ਮਹੀਨੇ ਦੀ ਝੜੀ ਬੰਦ ਹੋਣ ਤੋਂ ਬਾਅਦ ਸਰਕਾਰ ਤਾਂ ਰਾਹਤ ਮਹਿਸੂਸ ਕਰ ਰਹੀ ਹੈ ਪਰ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਣ ਅਤੇ ਸੂਬੇ ਵਿੱਚ ਜਿਨ੍ਹਾਂ ਥਾਵਾਂ ’ਤੇ ਪਾਣੀ ਭਰ ਗਿਆ ਜਾਂ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ, ਉਨ੍ਹਾਂ ਲੋਕਾਂ ਦਾ ਸੰਘਰਸ਼ ਜਾਰੀ ਹੈ। ਦਰਿਆਵਾਂ ਦੇ ਕੰਢੇ ਰਹਿੰਦੇ ਲੋਕਾਂ ਵਿੱਚ ਦਹਿਸ਼ਤ ਬਰਕਰਾਰ ਹੈ। ਸੂਬੇ ਵਿੱਚੋਂ ਮਿਲੀਆਂ ਰਿਪੋਰਟਾਂ ਮੁਤਾਬਕ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕਈ ਥਾਈਂ ਧੁੱਸੀ ਬੰਨ੍ਹ ਨਾਲ ਜਾ ਲੱਗਿਆ ਹੈ ਤੇ ਲੋਕਾਂ ਨੇ ਖ਼ੁਦ ਬੰਨ੍ਹ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਚੁੱਕੀ ਹੋਈ ਹੈ। ਰਿਪੋਰਟਾਂ ਮੁਤਾਬਕ ਕਪੂਰਥਲਾ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਦੇ ਕੰਢੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਲੋਕ ਰਾਹਤ ਕਾਰਜਾਂ ਲਈ ਡਟੇ ਹੋਏ ਹਨ। ਪੰਜਾਬ ਦੇ ਦੋ ਵੱਡੇ ਡੈਮ -ਪੌਂਗ ਅਤੇ ਰਣਜੀਤ ਸਾਗਰ ਦਾ ਪੱਧਰ ਕੁੱਲ ਸਮਰੱਥਾ ਦੇ ਨਜ਼ਦੀਕ ਪਹੁੰਚਣ ਕਾਰਨ ਸਿੰਜਾਈ ਵਿਭਾਗ ਚਿੰਤਤ ਹੈ। ਉਂਜ, ਵਿਭਾਗ ਦਾ ਕਹਿਣਾ ਹੈ ਕਿ ਪਹਾੜੀ ਖੇਤਰਾਂ ’ਤੇ ਮੀਂਹ ਲਗਭਗ ਬੰਦ ਹੋਣ ਅਤੇ ਪਾਣੀ ਦੀ ਆਮਦ ਘਟਣ ਕਾਰਨ ਡੈਮਾਂ ਦੇ ਫਲੱਡ ਗੇਟ ਬੰਦ ਕਰ ਦਿੱਤੇ ਗਏ ਹਨ। ਇਸ ਲਈ ਚਾਰੇ ਦਰਿਆਵਾਂ ਸਤਲੁਜ, ਬਿਆਸ, ਰਾਵੀ ਅਤੇ ਘੱਗਰ ਵਿੱਚ ਹੜ੍ਹਾਂ ਦਾ ਖ਼ਤਰਾ ਟਲ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਸੁਖਨਾ ਝੀਲ ਦੇ ਫਲੱਡ ਗੇਟ ਰਾਤੀਂ ਬੰਦ ਕਰ ਦਿੱਤੇ ਸਨ। ਪੰਜਾਬ ਦੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪਾਲ ਸਿੰਘ ਨੇ ਦੱਸਿਆ ਹੈ ਕਿ ਪੌਂਗ ਡੈਮ ਵਿੱਚ 1 ਲੱਖ ਕਿਊਸਿਕ ਤੋਂ ਵੱਧ ਪਾਣੀ ਆ ਰਿਹਾ ਹੈ ਤੇ ਇਸ ਡੈਮ ਵਿੱਚ ਪਾਣੀ ਦਾ ਪੱਧਰ 1389 ਫੁੱਟ ਹੋ ਗਿਆ ਹੈ ਤੇ ਇਸ ਡੈਮ ਦੀ ਸਮਰੱਥਾ 1390 ਫੁੱਟ ਹੈ। ਜਲ ਸਰੋਤ ਵਿਭਾਗ ਦੇ ਇਸ ਅਧਿਕਾਰੀ ਦਾ ਕਹਿਣਾ ਹੈ ਕਿ ਪੌਂਗ ਵਿੱਚ ਜੇ ਇਸੇ ਰਫ਼ਤਾਰ ਨਾਲ ਪਾਣੀ ਆਉਂਦਾ ਰਿਹਾ ਤਾਂ ਪਾਣੀ ਛੱਡਣਾ ਪੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਭਾਖੜਾ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਨਾਲ ਰੋਜ਼ਾਨਾ ਮੀਟਿੰਗਾਂ ਕਰ ਕੇ ਪੌਂਗ ਡੈਮ ਦੇ ਪਾਣੀ ਦੀ ਸਮੀਖਿਆ ਕੀਤੀ ਜਾ ਰਹੀ ਹੈ। ਰਣਜੀਤ ਸਾਗਰ ਡੈਮ ਵਿੱਚ ਪਾਣੀ ਦੀ ਆਮਦ ਕਾਫ਼ੀ ਘਟ ਗਈ ਹੈ ਤੇ ਅੱਜ 42700 ਕਿਊਸਿਕ ਹੀ ਪਾਣੀ ਆ ਰਿਹਾ ਸੀ। ਇਸ ਡੈਮ ਦੀ ਕੁੱਲ ਸਮਰੱਥਾ 527 ਮੀਟਰ ਹੈ ਤੇ ਅੱਜ ਪਾਣੀ 526 ਮੀਟਰ ਤੋਂ ਪਾਰ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਨੇ ਵੀ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਪ੍ਰਗਟਾਈ। ਭਾਖੜਾ ਡੈਮ ਵਿੱਚ ਪਹਿਲਾਂ ਹੀ ਪਾਣੀ ਦਾ ਪੱਧਰ ਬਹੁਤ ਹੇਠਾਂ ਹੋਣ ਕਾਰਨ ਸਤਲੁਜ ਦਰਿਆ ਵਿੱਚ ਹੜ੍ਹ ਦੇ ਖ਼ਤਰੇ ਦੀ ਕੋਈ ਸੰਭਾਵਨਾ ਨਹੀਂ। ਗੁਆਂਢੀ ਸੂਬਿਆਂ ਤੋਂ ਆਉਣ ਵਾਲੀਆਂ ਛੋਟੀਆਂ ਨਵੀਆਂ ਉੱਝ ਦਰਿਆ, ਸਵਾਂ ਨਦੀ ਅਤੇ ਚੱਕੀ ਦਰਿਆ ਵਿੱਚੋਂ ਵੀ ਪਾਣੀ ਦਾ ਪੱਧਰ ਬਹੁਤ ਹੇਠਾਂ ਆ ਗਿਆ ਹੈ। ਰੋਪੜ ਹੈੱਡਵਰਕਸ ਤੋਂ 48200 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਤੇ ਹੁਸੈਨੀਵਾਲਾ ਤੱਕ ਪਾਣੀ ਦਾ ਪੱਧਰ ਕੰਟਰੋਲ ਅਧੀਨ ਦੱਸਿਆ ਗਿਆ ਹੈ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਨਰਮਾ, ਆਲੂ, ਸਬਜ਼ੀਆਂ ਅਤੇ ਝੋਨੇ ਦੀ ਫ਼ਸਲ ਨੂੰ ਥੋੜ੍ਹਾ ਨੁਕਸਾਨ ਪਹੁੰਚਿਆ ਹੈ ਜਦਕਿ ਗ਼ੈਰ-ਸਰਕਾਰੀ ਸੂਤਰਾਂ ਦਾ ਦੱਸਣਾ ਹੈ ਕਿ 2 ਲੱਖ ਏਕੜ ਦੇ ਕਰੀਬ ਫ਼ਸਲ ਹੜ੍ਹਾਂ ਕਾਰਨ ਪ੍ਰਭਾਵਿਤ ਹੋਈ ਹੈ। ਦੁਆਬੇ ਵਿੱਚ ਆਲੂਆਂ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਹੋਇਆ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਕਪੂਰਥਲਾ, ਤਰਨ ਤਾਰਨ, ਗੁਰਦਾਸਪੁਰ, ਪਟਿਆਲਾ, ਰੋਪੜ, ਮੁਹਾਲੀ ਆਦਿ ਜ਼ਿਲ੍ਹਿਆਂ ਵਿੱਚ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਕਪਾਹ ਪੱਟੀ ਵਿੱਚ ਨਰਮੇ ਦੀ ਫਸਲ ਹੜ੍ਹ ਦੀ ਲਪੇਟ ਵਿੱਚ ਆਈ ਹੈ। ਵਧੀਕ ਮੁੱਖ ਸਕੱਤਰ (ਵਿਕਾਸ) ਵਿਸ਼ਵਜੀਤ ਖੰਨਾ ਦਾ ਕਹਿਣਾ ਹੈ ਕਿ ਮੁਢਲੀਆਂ ਰਿਪੋਰਟਾਂ ਮੁਤਾਬਕ ਫ਼ਸਲਾਂ ਦਾ 6 ਫ਼ੀਸਦੀ ਤੱਕ ਨੁਕਸਾਨ ਹੋਇਆ ਹੈ ਪਰ ਅਸਲ ਤਸਵੀਰ ਮਾਲ ਵਿਭਾਗ ਦੀ ਗਿਰਦਾਵਰੀ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਵੇਗੀ।

 

 

fbbg-image

Latest News
Magazine Archive