ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 23ਵੀਂ ਵਾਰ ‘ਮਾਕਾ’ ਟਰਾਫੀ ਜਿੱਤੀ


ਅੰਮ੍ਰਿਤਸਰ - ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੂੰ ਅੱਜ ਰਾਸ਼ਟਰਪਤੀ ਭਵਨ ਵਿੱਚ ਕਰਵਾਏ ਕੌਮੀ ਖੇਡ ਸਮਾਗਮ ਦੌਰਾਨ ‘ਮੌਲਾਨਾ ਅਬੁਲ ਕਲਾਮ ਆਜ਼ਾਦ’ (ਮਾਕਾ) ਟਰਾਫੀ ਸੌਂਪੀ। ਇਸ ਮੌਕੇ ਉਨ੍ਹਾਂ ਨਾਲ ਖੇਡ ਵਿਭਾਗ ਦੇ ਡਾਇਰੈਕਟਰ ਡਾ. ਸੁਖਦੇਵ ਸਿੰਘ ਵੀ ਸਨ। ਯੂਨੀਵਰਸਿਟੀ ਨੂੰ ਟਰਾਫੀ ਤੋਂ ਇਲਾਵਾ 10 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਅਤੇ ਸਰਟੀਫਿਕੇਟ ਵੀ ਦਿੱਤਾ ਗਿਆ। ਟਰਾਫੀ ਦੇਣ ਤੋਂ ਪਹਿਲਾਂ ਯੂਨੀਵਰਸਿਟੀ ਦੀਆਂ ਖੇਡ ਪ੍ਰਾਪਤੀਆਂ ਬਾਰੇ ਇੱਕ ਸ਼ੋਭਾ-ਪੱਤਰ ਵੀ ਪੜ੍ਹਿਆ ਗਿਆ।
ਖੇਡਾਂ ਦੇ ਖੇਤਰ ਵਿੱਚ ਸਾਲ 2017-2018 ਦੌਰਾਨ ਵਧੀਆ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਨੇ ਇਹ ਵੱਕਾਰੀ ਟਰਾਫੀ 1,07,745 ਰਿਕਾਰਡ ਅੰਕਾਂ ਨਾਲ 23ਵੀਂ ਵਾਰ ਜਿੱਤ ਕੇ ਕੌਮੀ ਪੱਧਰ ’ਤੇ ਨਵਾਂ ਅਧਿਆਏ ਲਿਖਿਆ ਹੈ। ਯੂਨੀਵਰਸਿਟੀ ਨੇ 46 ਸਾਲਾਂ ਦੇ ਖੇਡ ਕਰੀਅਰ ਦੌਰਾਨ ਕੌਮਾਂਤਰੀ, ਕੌਮੀ ਅਤੇ ਅੰਤਰ-ਯੂਨੀਵਰਸਿਟੀ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਇਸ ਸਾਲ ਸਭ ਤੋਂ ਵੱਧ ਤਗ਼ਮੇ ਜਿੱਤੇ। 1956-57 ਦੌਰਾਨ ਦੇਸ਼ ਦੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਨਾਂ ’ਤੇ ਸ਼ੁਰੂ ਕੀਤੀ ਗਈ ਇਹ ਟਰਾਫੀ ਉਸ ਯੂਨੀਵਰਸਿਟੀ ਨੂੰ ਦਿੱਤੀ ਜਾਂਦੀ ਹੈ, ਜੋ ਖੇਡਾਂ ਦੇ ਖੇਤਰ ਵਿੱਚ ਸਰਵਪੱਖੀ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਦੀ ਹੈ। ਵਾਈਸ-ਚਾਂਸਲਰ ਡਾ. ਸੰਧੂ ਨੇ ਕਾਲਜਾਂ ਦੇ ਪ੍ਰਿੰਸੀਪਲਾਂ, ਕੋਚਾਂ, ਖੇਡ ਅਧਿਆਪਕਾਂ ਅਤੇ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਸਟਾਫ ਮੈਂਬਰਾਂ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ। ਮਾਕਾ ਟਰਾਫੀ ਪ੍ਰਾਪਤ ਕਰਨ ਤੋਂ ਬਾਅਦ ਡਾ. ਜਸਪਾਲ ਸਿੰਘ ਸੰਧੂ 27 ਸਤੰਬਰ ਨੂੰ ਯੂਨੀਵਰਸਿਟੀ ਪਹੁੰਚਣਗੇ।

 

 

fbbg-image

Latest News
Magazine Archive