ਜ਼ਿਲ੍ਹਾ ਪਰਿਸ਼ਦ ਤੇ ਸਮਿਤੀ ਚੋਣਾਂ ਨੂੰ ਮੱਠਾ ਹੁੰਗਾਰਾ


ਚੰਡੀਗੜ੍ਹ - ਪੰਜਾਬ ਵਿੱਚ ਅੱਜ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀਆਂ ਲਈ ਪਈਆਂ ਵੋਟਾਂ ਦੌਰਾਨ ਲੋਕਾਂ ਨੇ ਬਹੁਤਾ ਉਤਸ਼ਾਹ ਨਹੀਂ ਦਿਖਾਇਆ। ਜਮਹੂਰੀਅਤ ਦੀ ਬੁਨਿਆਦ ਵਜੋਂ ਜਾਣੀਆਂ ਜਾਂਦੀਆਂ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਵਿੱਚ ਵੋਟ ਪ੍ਰਤੀਸ਼ਤ ਮਹਿਜ਼ 58.10 ਫੀਸਦੀ ਰਹੀ। ਵੋਟਾਂ ਪੈਣ ਦੇ ਅਮਲ ਦੌਰਾਨ ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਦਰਮਿਆਨ ਤਿੱਖੀਆਂ ਝੜਪਾਂ ਹੋਣ ਦੀਆਂ ਵੀ ਰਿਪੋਰਟਾਂ ਹਨ। ਅਕਾਲੀ ਦਲ ਨੇ ਚੋਣ ਗੜਬੜੀਆਂ ਨੂੰ ਹਾਈ ਕੋਰਟ ’ਚ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ। ਸੂਬੇ ਵਿੱਚ ਕਈ ਥਾਵਾਂ ’ਤੇ ਗੋਲੀਆਂ ਚੱਲੀਆਂ, ਬੈਲੇਟ ਬਾਕਸ ਲੁੱਟ ਲਏ ਗਏ, ਬੈਲੇਟ ਪੇਪਰ ਖੋਹੇ ਤੇ ਪਾੜੇ ਗਏ ਤੇ ਬੂਥਾਂ ’ਤੇ ਕਬਜ਼ੇ ਹੋਣ ਦੀਆਂ ਖ਼ਬਰਾਂ ਹਨ। ਪੋਲਿੰਗ ਬੂਥਾਂ ’ਤੇ ਚੋਣ ਅਮਲੇ ਨੂੰ ਡਰਾਇਆ ਧਮਕਾਇਆ ਗਿਆ ਤੇ ਸਮੱਗਰੀ ਤੱਕ ਲੁੱਟ ਲਈ। ਕੁੱਲ 50 ਤੋਂ ਵੱਧ ਥਾਵਾਂ ’ਤੇ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ। ਉਧਰ ਸ਼੍ਰੋਮਣੀ ਅਕਾਲੀ ਦਲ ਨੇ ਦਾਅਵਾ ਕੀਤਾ ਹੈ ਕਿ 60 ਦੇ ਕਰੀਬ ਥਾਵਾਂ ’ਤੇ ਬੂਥਾਂ ’ਤੇ ਕਬਜ਼ੇ ਕਰਨ ਅਤੇ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਹਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਦੂਲੇਵਾਲਾ ਵਿੱਚ ਗੋਲੀ ਚੱਲਣ ਕਾਰਨ ਇੱਕ ਲੜਕੀ ਦੇ ਜ਼ਖ਼ਮੀ ਹੋਣ ਬਾਰੇ ਪਤਾ ਲੱਗਾ ਹੈ। ਇਸੇ ਤਰ੍ਹਾਂ ਮੁਕਤਸਰ, ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਵਿੱਚ ਵੀ ਗੋਲੀਆਂ ਚੱਲੀਆਂ। ਪਟਿਆਲਾ ਜ਼ਿਲ੍ਹੇ ਵਿਚਲੇ ਪਿੰਡ ਥੂਹੀ ਦੇ ਪੋਲਿੰਗ ਬੂਥ ਉੱਤੇ ਦੋ ਦਰਜਨ ਦੇ ਕਰੀਬ ਵਿਅਕਤੀਆਂ ਨੇ ‘ਕਬਜ਼ਾ’ ਜਮਾਈ ਰੱਖਿਆ ਪਰ ਪ੍ਰਸ਼ਾਸਨ ਨੂੰ ਸਭ ਅੱਛਾ ਹੋਣ ਦਾ ਸੰਕੇਤ ਹੀ ਮਿਲਿਆ। ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਇਨ੍ਹਾਂ ਚੋਣਾਂ ਦੌਰਾਨ ਹਿੰਸਾ ਦੀ ਕੋਈ ਵੱਡੀ ਘਟਨਾ ਨਹੀਂ ਵਾਪਰੀ।
ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੀਆਂ ਤਾਜ਼ਾ ਚੋਣਾਂ ਦੌਰਾਨ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਸਥਿਤੀ ਤਣਾਪੂਰਨ ਰਹੀ ਉਨ੍ਹਾਂ ਵਿੱਚ ਬਠਿੰਡਾ ਜ਼ਿਲ੍ਹੇ ਦਾ ਰਾਮਪੁਰਾ ਫੂਲ ਵਿਧਾਨ ਸਭਾ ਹਲਕਾ, ਮਜੀਠਾ ਹਲਕਾ, ਮੁਕਤਸਰ ਜ਼ਿਲ੍ਹੇ ਦੇ ਅੱਧੀ ਦਰਜਨ ਪਿੰਡ, ਫਿਰੋਜ਼ਪੁਰ, ਪਟਿਆਲਾ ਅਤੇ ਸੰਗਰੂਰ ਸ਼ਾਮਲ ਹਨ। ਮੁਕਤਸਰ ਜ਼ਿਲ੍ਹੇ ਵਿੱਚ ਇੱਕ ਕਾਂਗਰਸੀ ਉਮੀਦਵਾਰ ਦੀ ਗੱਡੀ ਭੰਨ ਦਿੱਤੀ ਗਈ। ਸਿਆਸੀ ਪਾਰਟੀਆਂ ਦਰਮਿਆਨ ਪੰਚਾਇਤੀ ਸੰਸਥਾਵਾਂ ’ਤੇ ਚੱਲ ਰਹੀ ਲੜਾਈ ਦੌਰਾਨ ਹਿੰਸਾ ਦੀਆਂ ਘਟਨਾਵਾਂ ਨੂੰ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੇ ਮੂਕ ਦਰਸ਼ਕ ਬਣ ਕੇ ਦੇਖਿਆ। ਚੋਣ ਹਿੰਸਾ ਕਰਕੇ ਲੋਕਾਂ ਵਿੱਚ ਵੋਟਾਂ ਪਾਉਣ ਦਾ ਰੁਝਾਨ ਵੀ ਬਹੁਤ ਘੱਟ ਰਿਹਾ। ਪੰਜਾਬ ਵਿੱਚ ਇਨ੍ਹਾਂ ਚੋਣਾਂ ਦੌਰਾਨ ਆਮ ਤੌਰ ’ਤੇ ਇਸ ਵਾਰ ਨਾਲੋਂ ਜ਼ਿਆਦਾ ਮੱਤਦਾਨ ਹੁੰਦਾ ਰਿਹਾ ਹੈ ਪਰ ਇਸ ਵਾਰ ਲੋਕਾਂ ਨੇ ਦਿਲਚਸਪੀ ਨਹੀਂ ਦਿਖਾਈ। ਸਵੇਰੇ ਤੋਂ ਹੀ ਲੋਕ ਵੋਟਾਂ ਪਾਉਣ ਲਈ ਘਰਾਂ ਵਿੱਚੋਂ ਨਿੱਕਲਣ ਲਈ ਉਤਸ਼ਾਹਤ ਨਹੀਂ ਸਨ। ਕਮਿਸ਼ਨ ਨੂੰ ਮਿਲੀਆਂ ਰਿਪੋਰਟਾਂ ਮੁਤਾਬਕ 2 ਵਜੇ ਦੁਪਹਿਰ ਤੱਕ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ 40 ਫੀਸਦੀ ਦੇ ਕਰੀਬ ਵੋਟਾਂ ਪਈਆਂ ਸਨ। ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਵੱਲੋਂ ਰਿਪੋਰਟਾਂ ਮੰਗੇ ਜਾਣ ’ਤੇ ਡਿਪਟੀ ਕਮਿਸ਼ਨਰਾਂ ਵੱਲੋਂ ‘ਸਭ ਅੱਛਾ’ ਹੋਣ ਦੀ ਗਵਾਹੀ ਦਿੱਤੀ ਗਈ। ਮੋਗਾ ਜ਼ਿਲ੍ਹੇ ਦੇ ਪਿੰਡ ਨਵਾਂ ਰੋਡੇ ਵਿੱਚ 11 ਵਜੇ ਦੇ ਕਰੀਬ ਹੀ ਬੂਥ ’ਤੇ ਕਬਜ਼ੇ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਪੰਜਾਬ ਦੇ ਹੋਰਨਾਂ ਖੇਤਰਾਂ ਵਿੱਚ ਵੀ ਉਮੀਦਵਾਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਦਰਮਿਆਨ ਡਾਂਗਾਂ ਖੜਕਣ ਅਤੇ ਪਥਰਾਅ ਨੂੰ ਮੋਬਾਈਲ ਫੋਨਾਂ ਦੇ ਕੈਮਰਿਆਂ ਨੇ ਤਾਂ ਕੈਦ ਕੀਤਾ ਪਰ ਪ੍ਰਸ਼ਾਸਨ ਨੂੰ ਇਸ ਦੀ ਕੋਈ ਭਿਣਕ ਨਹੀਂ ਪਈ। ਸੂਬੇ ਵਿੱਚ ਹਿੰਸਾ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਦੀ ਹੌਸਲਾ ਅਫ਼ਜਾਈ ਕਰਦਿਆਂ ‘ਟੱਕਰ’ ਲੈਣ ਦੀਆਂ ਗੁੱਝੀਆਂ ਹਦਾਇਤਾਂ ਵੀ ਦਿੱਤੀਆਂ। ਸੁਖਬੀਰ ਸਿੰਘ ਬਾਦਲ ਨੇ ਇੱਕ ਬੂਥ ’ਤੇ ਪੁਲੀਸ ਦੇ ਮੁਲਾਜ਼ਮਾਂ ਨਾਲ ਵੀ ਟੱਕਰ ਲਈ। ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਇਨ੍ਹਾਂ ਚੋਣਾਂ ਦੌਰਾਨ ਤਾਕਤ ਦਾ ਡਟਵਾਂ ਮੁਜ਼ਾਹਰਾ ਕੀਤਾ ਜਦੋਂ ਕਿ ਤੀਜੀ ਧਿਰ ‘ਆਮ ਆਦਮੀ ਪਾਰਟੀ’ ਦੇ ਵਰਕਰਾਂ ਸਬੰਧੀ ਕੋਈ ਉਘੜਵੀਆਂ ਰਿਪੋਰਟਾਂ ਨਹੀਂ ਮਿਲੀਆਂ। ਅਕਾਲੀ ਦਲ ਨੇ ਆਪਣੇ ਵਰਕਰਾਂ ਨੂੰ ਕਾਇਮ ਕਰਨ ਦੀ ਲੜਾਈ ਲੜੀ।
ਚੋਣ ਕਮਿਸ਼ਨ ਵੱਲੋਂ 42 ਬੂਥਾਂ ’ਤੇ ਮੁੜ ਪੋਲਿੰਗ ਦਾ ਫ਼ੈਸਲਾ
ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀਆਂ ਦੇ ਕਈ ਬੂਥਾਂ ’ਤੇ ਕਬਜ਼ੇ ਹੋਣ ਅਤੇ ਬੈਲਟ ਪੇਪਰ ਗਲਤ ਚਲੇ ਜਾਣ ਕਾਰਨ ਸੂਬਾਈ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ 42 ਦੇ ਕਰੀਬ ਪੋਲਿੰਗ ਬੂਥਾਂ ’ਤੇ ਮੁੜ ਤੋਂ ਵੋਟਾਂ ਪਵਾਉਣ ਦਾ ਫੈਸਲਾ ਕੀਤਾ ਹੈ। ਜਿਥੇ ਮੁੜ ਵੋਟਾਂ ਪੈਣਗੀਆਂ ਉਨ੍ਹਾਂ ਵਿੱਚ ਮੁਕਤਸਰ ਬਲਾਕ ਦੇ 10, ਲੰਬੀ ਬਲਾਕ ਦੇ 11 ਬੂਥ, ਮਲੋਟ ਬਲਾਕ ਦੇ 10, ਗਿੱਦੜਬਾਹਾ ਦਾ 1 ਬੂਥ, ਅਜਨਾਲਾ ਦਾ 1 ਬੂਥ, ਤਰਸਿੱਕਾ ਬਲਾਕ ਦੇ 7 ਬੂਥ ਅਤੇ ਬਾਘਾਪੁਰਾਣਾ ਦਾ ਇੱਕ ਬੂਥ ਸ਼ਾਮਲ ਹਨ। ਸੂਤਰਾਂ ਮੁਤਾਬਕ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਆਲਪੁਰ ਮਿਰਜ਼ਾ ਅਤੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਖ਼ਸ਼ੀਵਾਲਾ ਪੋਲਿੰਗ ਬੂਥਾਂ ’ਤੇ ਵੀ ਮੁੜ ਤੋਂ ਵੋਟਾਂ ਪੈਣ ਦੇ ਆਸਾਰ ਹਨ। ਪੰਜਾਬ ਦੇ ਚੋਣ ਕਮਿਸ਼ਨ ਦਾ ਦੱਸਣਾ ਹੈ ਕਿ ਅੱਜ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀਆਂ ਲਈ 58.10 ਫੀਸਦੀ ਵੋਟਾਂ ਪਈਆਂ। ਮਾਨਸਾ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਜਿੱਥੇ 71.66 ਫੀਸਦੀ ਲੋਕਾਂ ਨੇ ਵੋਟਾਂ ਪਾਈਆਂ। ਜ਼ਿਲ੍ਹਾ ਵਾਰ ਵੋਟ ਪ੍ਰਤੀਸ਼ਤਤਾ ਮੁਤਾਬਕ ਅੰਮ੍ਰਿਤਸਰ ਵਿੱਚ 52 ਫੀਸਦੀ, ਬਠਿੰਡਾ ਵਿੱਚ 55 ਫੀਸਦੀ, ਬਰਨਾਲਾ ਵਿੱਚ 57 ਫੀਸਦੀ, ਫਹਿਤਗੜ੍ਹ ਸਾਹਿਬ ਵਿੱਚ 64 ਫੀਸਦੀ, ਫ਼ਰੀਦਕੋਟ ਵਿੱਚ 63 ਫੀਸਦੀ, ਫਾਜ਼ਿਲਕਾ ਵਿੱਚ 64 ਫੀਸਦੀ, ਗੁਰਦਾਸਪੁਰ ਵਿੱਚ 47 ਫੀਸਦੀ, ਹੁਸ਼ਿਆਰਪੁਰ 50.86, ਜਲੰਧਰ ਵਿੱਚ 51.6 ਫੀਸਦੀ, ਕਪੂਰਥਲਾ ਵਿੱਚ 60 ਫੀਸਦੀ, ਲੁਧਿਆਣਾ ਵਿੱਚ 57 ਫੀਸਦੀ, ਮੋਗਾ ਵਿੱਚ 57 ਫੀਸਦੀ, ਸ੍ਰੀ ਮੁਕਤਸਰ ਸਾਹਿਬ ਵਿੱਚ 58 ਫੀਸਦੀ, ਮਾਨਸਾ ਵਿੱਚ 71.66 ਫੀਸਦੀ, ਪਟਿਆਲਾ ਵਿੱਚ 62 ਫੀਸਦੀ, ਪਠਾਨਕੋਟ ਵਿੱਚ 57 ਫੀਸਦੀ, ਰੂਪਨਗਰ ਵਿੱਚ 61 ਫੀਸਦੀ, ਸੰਗਰੂਰ ਵਿੱਚ 64 ਫੀਸਦੀ, ਮੁਹਾਲੀ ਵਿੱਚ 65 ਫੀਸਦੀ, ਨਵਾਂਸ਼ਹਿਰ ਵਿੱਚ 60.37 ਫੀਸਦੀ ਅਤੇ ਤਰਨਤਾਰਨ ਵਿੱਚ 43.77 ਫੀਸਦੀ ਵੋਟਾਂ ਪਈਆਂ।
ਸੁਖਬੀਰ ਤੇ ਹੋਰਨਾਂ ਵਿਰੁੱਧ ਫ਼ੌਜਦਾਰੀ ਕੇਸ ਦਰਜ
ਲੰਬੀ - ਮੰਡੀ ਕਿੱਲਿਆਂਵਾਲੀ ਵਿੱਚ ਕਾਂਗਰਸ ਉਮੀਦਵਾਰ ਦੇ ਸਮਰਥਕ ਰਾਜਿੰਦਰ ਸਿੰਘ ਦੀ ਮਾਰ-ਕੁੱਟ ਮਾਮਲੇ ’ਚ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਣਗਿਣਤ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਲੰਬੀ ਪੁਲੀਸ ਨੇ ਜਤਿੰਦਰ ਸਿੰਘ ਵਾਸੀ ਚੱਕ ਮਿੱਡੂ ਸਿੰਘਵਾਲਾ ਦੀ ਸ਼ਿਕਾਇਤ ’ਤੇ ਧਾਰਾ 323/341/506/148/149 ਅਤੇ 427 ਤਹਿਤ ਪਰਚਾ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕਿੱਲਿਆਂਵਾਲੀ ਤੋਂ ਕਾਂਗਰਸ ਉਮੀਦਵਾਰ ਰਵਿੰਦਰਪਾਲ ਸਿੰਘ ਰੰਮੀ ਦਾ ਸਕਾ ਭਰਾ ਹੈ। ਸਾਬਕਾ ਉਪ ਮੁੱਖ ਮੰਤਰੀ ਖਿਲਾਫ਼ ਕੇਸ ਦਰਜ ਹੋਣ ਵਿੱਚ ਕਾਂਗਰਸੀ ਆਗੂ ਗੁਰਜੰਟ ਸਿੰਘ ਬਰਾੜ ਦੀ ਕੋਠੀ ’ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦਾ ਅਹਿਮ ਰੋਲ ਰਿਹਾ।

 

Latest News
Magazine Archive