ਤੀਹਰੇ ਤਲਾਕ ਸਬੰਧੀ ਆਰਡੀਨੈਂਸ ਉੱਤੇ ਕੇਂਦਰ ਸਰਕਾਰ ਵੱਲੋਂ ਮੋਹਰ


ਨਵੀਂ ਦਿੱਲੀ - ਕੇਂਦਰੀ ਵਜ਼ਾਰਤ ਨੇ ਫੌਰੀ ਤੀਹਰੇ ਤਲਾਕ ਦੇ ਅਮਲ ’ਤੇ ਪਾਬੰਦੀ ਲਗਾਉਣ ਲਈ ਆਰਡੀਨੈਂਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਰੋਕ ਲਾਏ ਜਾਣ ਦੇ ਬਾਵਜੂਦ ‘ਤਲਾਕ-ਏ-ਬਿੱਦਤ’ ਦੇ ਮਾਮਲੇ ਲਗਾਤਾਰ ਜਾਰੀ ਹਨ। ਇਸ ਕਰਕੇ ਇਹ ਆਰਡੀਨੈਂਸ ਲਿਆਂਦਾ ਗਿਆ ਹੈ। ਪ੍ਰਸਤਾਵਿਤ ਆਰਡੀਨੈਂਸ ਤਹਿਤ ਫੌਰੀ ਤੀਹਰਾ ਤਲਾਕ ਦੇਣਾ ਗ਼ੈਰਕਾਨੂੰਨੀ ਹੋਵੇਗਾ ਅਤੇ ਪਤੀ ਨੂੰ ਤਿੰਨ ਸਾਲ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਇਸ ਕਾਨੂੰਨ ਦੀ ਦੁਰਵਰਤੋਂ ਦੇ ਖ਼ਦਸ਼ਿਆਂ ਨੂੰ ਦੇਖਦਿਆਂ ਸਰਕਾਰ ਨੇ ਵਿਸ਼ੇਸ਼ ਹਿਫ਼ਾਜ਼ਤੀ ਕਦਮ ਵੀ ਉਠਾਏ ਹਨ ਜਿਨ੍ਹਾਂ ’ਚ ਮੁਲਜ਼ਮ ਨੂੰ ਮੁਕੱਦਮੇ ਤੋਂ ਪਹਿਲਾਂ ਜ਼ਮਾਨਤ ਦੀ ਸ਼ਰਤ ਵੀ ਸ਼ਾਮਲ ਹੈ। ਇਨ੍ਹਾਂ ਸੋਧਾਂ ਨੂੰ ਕੈਬਨਿਟ ਨੇ 29 ਅਗਸਤ ਨੂੰ ਪ੍ਰਵਾਨਗੀ ਦਿੱਤੀ ਸੀ। ਸ੍ਰੀ ਪ੍ਰਸਾਦ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ’ਤੇ ਹਮਲਾ ਕਰਦਿਆਂ ਕਿਹਾ ਕਿ ਉਹ ‘ਵੋਟ ਬੈਂਕ ਦੇ ਦਬਾਅ’ ਹੇਠ ਰਾਜ ਸਭਾ ’ਚ ਬਿਲ ਪਾਸ ਕਰਨ ਨੂੰ ਹਮਾਇਤ ਨਹੀਂ ਦੇ ਰਹੀ ਹੈ। ਉਨ੍ਹਾਂ ਸੋਨੀਆ ਗਾਂਧੀ ’ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹ ਇਸ ਮੁੱਦੇ ’ਤੇ ਚੁੱਪ ਹਨ। ਉਨ੍ਹਾਂ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ, ਬਸਪ ਸੁਪਰੀਮੋ ਮਾਇਆਵਤੀ ਅਤੇ ਟੀਐਮਸੀ ਮੁਖੀ ਮਮਤਾ ਬੈਨਰਜੀ ਨੂੰ ਬੇਨਤੀ ਕੀਤੀ ਕਿ ਉਹ ਸੰਸਦ ਦੇ ਅਗਲੇ ਇਜਲਾਸ ਦੌਰਾਨ ਬਿਲ ਨੂੰ ਹਮਾਇਤ ਦੇਣ। ਕੇਂਦਰੀ ਮੰਤਰੀ ਮੁਤਾਬਕ ਜਨਵਰੀ 2017 ਤੋਂ ਲੈ ਕੇ 13 ਸਤੰਬਰ 2018 ਤਕ ਤੀਹਰੇ ਤਲਾਕ ਦੇ 430 ਕੇਸ ਸਾਹਮਣੇ ਆ ਚੁੱਕੇ ਹਨ। ਸ੍ਰੀ ਪ੍ਰਸਾਦ ਨੇ ਦੁਬਈ ਦੀ ਅਦਾਲਤ ਵੱਲੋਂ ਵੀਵੀਆਈਪੀ ਹੈਲੀਕਾਪਟਰ ਸੌਦੇ ਦੇ ਕਥਿਤ ਵਿਚੋਲੇ ਬ੍ਰਿਟਿਸ਼ ਨਾਗਰਿਕ ਕ੍ਰਿਸਟੀਅਨ ਮਿਸ਼ੇਲ ਦੀ ਹਵਾਲਗੀ ਦੇ ਹੁਕਮ ਨੂੰ ਹਾਂਪੱਖੀ ਵਰਤਾਰਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕੁਝ ਆਗੂਆਂ ’ਚ ਖਲਬਲੀ ਮੱਚ ਗਈ ਹੈ। ਉਧਰ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ 198 ਡੈਮਾਂ ਦੀ ਸੁਰੱਖਿਆ ’ਚ ਸੁਧਾਰ ਦੇ ਪ੍ਰਾਜੈਕਟ ਦੀ ਅੰਦਾਜ਼ਨ ਲਾਗਤ ਨੂੰ ਵਧਾ ਦਿੱਤਾ ਹੈ। ਪਹਿਲਾਂ ਪ੍ਰਾਜੈਕਟ ’ਤੇ 2100 ਕਰੋੜ ਰੁਪਏ ਲਾਗਤ ਦਾ ਅੰਦਾਜ਼ਾ ਸੀ ਪਰ ਹੁਣ ਇਹ ਵਧਾ ਕੇ 3466 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਸੀਸੀਈਏ ਨੇ ਬੁਧਨੀ ਨੂੰ ਇੰਦੌਰ (ਮੱਧ ਪ੍ਰਦੇਸ਼) ਨਾਲ ਰੇਲ ਰਾਹੀਂ ਜੋੜਨ ਲਈ 205.5 ਕਿਲੋਮੀਟਰ ਦੀ ਨਵੀਂ ਲਾਈਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਮੋਦੀ ਸਰਕਾਰ ਨੇ ਤੀਹਰੇ ਤਲਾਕ ਦਾ ਮੁੱਦਾ ‘ਸਿਆਸੀ ਫੁੱਟਬਾਲ’ ਬਣਾਇਆ: ਕਾਂਗਰਸ
ਨਵੀਂ ਦਿੱਲੀ - ਕਾਂਗਰਸ ਨੇ ਮੋਦੀ ਸਰਕਾਰ ’ਤੇ ਦੋਸ਼ ਲਗਾਇਆ ਕਿ ਉਹ ਤੀਹਰੇ ਤਲਾਕ ਦੇ ਮੁੱਦੇ ਨੂੰ ਮੁਸਲਿਮ ਮਹਿਲਾਵਾਂ ਨੂੰ ਇਨਸਾਫ਼ ਦੇਣ ਦੀ ਥਾਂ ’ਤੇ ‘ਸਿਆਸੀ ਫੁੱਟਬਾਲ’ ਵਾਂਗ ਵਰਤ ਰਹੀ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸਰਕਾਰ ਨੇ ਕਾਂਗਰਸ ਦੀ ਉਸ ਬੇਨਤੀ ਵੱਲ ਧਿਆਨ ਨਹੀਂ ਦਿੱਤਾ ਜਿਸ ’ਚ ਮੁਆਵਜ਼ਾ ਨਾ ਦੇਣ ਵਾਲੇ ਦੀ ਸੰਪਤੀ ਜ਼ਬਤ ਕਰਨ ਲਈ ਕਿਹਾ ਗਿਆ ਸੀ।
ਇਸ਼ਰਤ ਜਹਾਂ ਵੱਲੋਂ ਸਵਾਗਤ
ਕੋਲਕਾਤਾ - ਤੀਹਰਾ ਤਲਾਕ ਕੇਸ ’ਚ ਪੰਜ ਪਟੀਸ਼ਨਰਾਂ ’ਚੋਂ ਇਕ ਇਸ਼ਰਤ ਜਹਾਂ ਨੇ ਕੇਂਦਰੀ ਵਜ਼ਾਰਤ ਵੱਲੋਂ ਤੀਹਰੇ ਤਲਾਕ ਨੂੰ ਅਪਰਾਧ ਯੋਗ ਜੁਰਮ ਕਰਾਰ ਦੇਣ ਵਾਲੇ ਆਰਡੀਨੈਂਸ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਸ ਨੇ ਕਿਹਾ ਕਿ ਮੁਲਕ ’ਚ ਮੁਸਲਿਮ ਔਰਤਾਂ ਨੂੰ ਤਾਕਤ ਦੇਣ ਵਾਲਾ ਇਹ ਵੱਡਾ ਕਦਮ ਹੈ। ਇਸ਼ਰਤ ਨੇ ਕਿਹਾ ਕਿ ਮੁਸਲਿਮ ਪੁਰਸ਼ਾਂ ਅਤੇ ਮੌਲਾਣਿਆਂ ਨੂੰ ਹੁਣ ਸੁਧਰ ਜਾਣਾ ਚਾਹੀਦਾ ਹੈ ਜਾਂ ਉਹ ਜੇਲ੍ਹ ਜਾਣ ਲਈ ਤਿਆਰ ਰਹਿਣ। ਇਸ਼ਰਤ ਨੂੰ ਉਸ ਦੇ ਪਤੀ ਨੇ 2014 ’ਚ ਦੁਬਈ ਤੋਂ ਫੋਨ ਉਪਰ ਤਿੰਨ ਵਾਰ ਤਲਾਕ ਆਖ ਕੇ ਤਲਾਕ ਦੇ ਦਿੱਤਾ ਸੀ। ਉਸ ਦੀ 13 ਵਰ੍ਹਿਆਂ ਦੀ ਧੀ ਅਤੇ ਸੱਤ ਸਾਲ ਦਾ ਪੁੱਤਰ ਹੈ।
ਆਂਗਣਵਾੜੀ ਅਤੇ ਆਸ਼ਾ ਵਰਕਰਾਂ ਦਾ ਮਾਣ-ਭੱਤਾ ਵਧਾਉਣ ਨੂੰ ਪ੍ਰਵਾਨਗੀ
ਨਵੀਂ ਦਿੱਲੀ - ਕੇਂਦਰੀ ਵਜ਼ਾਰਤ ਨੇ ਆਂਗਣਵਾੜੀ ਅਤੇ ਆਸ਼ਾ ਵਰਕਰਾਂ ਦਾ ਮਾਣ-ਭੱਤਾ ਵਧਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਆਂਗਣਵਾੜੀ ਵਰਕਰਾਂ ਨੂੰ ਅਗਲੇ ਮਹੀਨੇ ਤੋਂ 4500 ਰੁਪਏ ਅਤੇ ਮਿਨੀ ਆਂਗਣਵਾੜੀ ਕੇਂਦਰਾਂ ’ਚ ਕੰਮ ਕਰਨ ਵਾਲਿਆਂ ਨੂੰ 3500 ਰੁਪਏ ਮਿਲਣਗੇ। ਬਿਆਨ ’ਚ ਕਿਹਾ ਗਿਆ ਹੈ ਕਿ ਆਂਗਣਵਾੜੀ ਹੈਲਪਰਾਂ ਦਾ ਮਾਣ-ਭੱਤਾ 2250 ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕੌਮੀ ਸਿਹਤ ਮਿਸ਼ਨ ਲਈ ਆਸ਼ਾ ਵਰਕਰਾਂ ਦਾ ਮਾਣ-ਭੱਤਾ ਵਧਾ ਕੇ 2 ਹਜ਼ਾਰ ਰੁਪਏ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਗਣਵਾੜੀ ਅਤੇ ਆਸ਼ਾ ਵਰਕਰਾਂ ਦੇ ਮਾਣ-ਭੱਤੇ ’ਚ ਵਾਧੇ ਦਾ 11 ਸਤੰਬਰ ਨੂੰ ਐਲਾਨ ਕੀਤਾ ਸੀ।
ਸਮਾਜਿਕ ਕਾਰਕੁਨਾਂ ਨੇ ਸਰਕਾਰ ਦੇ ਕਦਮ ਨੂੰ ‘ਸਿਆਸਤ ਤੋਂ ਪ੍ਰੇਰਿਤ’ ਦੱਸਿਆ
ਨਵੀਂ ਦਿੱਲੀ - ਕੁਝ ਮਹਿਲਾ ਕਾਰਕੁਨਾਂ ਨੇ ਸਰਕਾਰ ਵੱਲੋਂ ਫੌਰੀ ਤੀਹਰੇ ਤਲਾਕ ਨੂੰ ਫੌਜਦਾਰੀ ਜੁਰਮ ਕਰਾਰ ਦੇਣ ਦੇ ਫ਼ੈਸਲੇ ਨੂੰ ‘ਸਿਆਸਤ ਤੋਂ ਪ੍ਰੇਰਿਤ ਕਦਮ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਮੁਸਲਿਮ ਮਹਿਲਾਵਾਂ ’ਤੇ ਪੈਣ ਵਾਲੇ ਅਸਰ ਨੂੰ ਧਿਆਨ ’ਚ ਰੱਖੇ ਬਿਨਾਂ ਆਰਡੀਨੈਂਸ ਲਿਆਉਣ ਦਾ ਫ਼ੈਸਲਾ ਲਿਆ ਗਿਆ। ਆਲ ਇੰਡੀਆ ਪ੍ਰੋਗਰੈਸਿਵ ਵਿਮੈਨਜ਼ ਐਸੋਸੀਏਸ਼ਨ ਨੇ ਸਵਾਲ ਕੀਤਾ ਕਿ ਸਿਰਫ਼ ਮੁਸਲਿਮ ਮਰਦਾਂ ਨੂੰ ਹੀ ਸਜ਼ਾ ਕਿਊਂ ਹੋਵੇਂ, ਹਿੰਦੂਆਂ ਵੱਲੋਂ ਤਲਾਕ ਲਏ ਜਾਣ ’ਤੇ ਵੀ ਸਜ਼ਾ ਦਾ ਪ੍ਰਾਵਧਾਨ ਹੋਣਾ ਚਾਹੀਦਾ ਹੈ। ਨੈਸ਼ਨਲ ਫੈਡਰੇਸ਼ਨ ਆਫ਼ ਇੰਡੀਆ ਵਿਮੈਨਜ਼ ਨੇ ਵੀ ਅਜਿਹੇ ਹੀ ਵਿਚਾਰ ਪ੍ਰਗਟਾਏ ਹਨ।

 

 

fbbg-image

Latest News
Magazine Archive