ਪੰਜਾਬੀ ’ਵਰਸਿਟੀ ਵਿੱਚ ਦੋ ਗੁੱਟਾਂ ’ਚ ਝੜਪ, ਸਥਿਤੀ ਤਣਾਅਪੂਰਨ


ਪਟਿਆਲਾ - ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਲੰਘੀ ਰਾਤ ਦੋ ਵਿਦਿਆਰਥੀ ਗੁੱਟਾਂ ਦਰਮਿਆਨ ਹੋਏ ਝਗੜੇ ਮਗਰੋਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਹੰਗਾਮੀ ਬੈਠਕ ਕਰਕੇ 20 ਅਤੇ 21 ਸਤੰਬਰ ਨੂੰ ਯੂਨੀਵਰਸਿਟੀ ਨੂੰ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ| ਯੂਨੀਵਰਸਿਟੀ ’ਚ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਅਜਿਹਾ ਕਦਮ ਚੁੱਕਿਆ ਗਿਆ ਹੈ। ਉਧਰ ਡੀਐਸਓ ਵੱਲੋਂ ਅੱਜ ਵੀ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਰੋਸ ਧਰਨਾ ਜਾਰੀ ਰੱਖਣ ਨਾਲ ਹਾਲਾਤ ਤਣਾਅ ਵਾਲੇ ਬਣੇ ਰਹੇ|
ਜ਼ਿਕਰਯੋਗ ਹੈ ਕਿ ਡੈਮੋਕ੍ਰੈਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ (ਡੀਐਸਓ) ਨੇ ਮੰਗਲਵਾਰ ਨੂੰ ਵੀਸੀ ਦਫ਼ਤਰ ਅੱਗੇ ਧਰਨਾ ਦੇ ਕੇ ਮੰਗ ਕੀਤੀ ਸੀ ਕਿ ਗਰਲਜ਼ ਹੋਸਟਲ ’ਚ ਆਉਣ-ਜਾਣ ਲਈ ਵਿਦਿਆਰਥਣਾਂ ਨੂੰ ਸਮੇਂ ਦੀ ਕੋਈ ਬੰਦਿਸ਼ ਨਾ ਹੋਵੇ। ਅਜਿਹੇ ’ਚ ਦਿਨ ਵੇਲੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀ ਧਿਰ ਨਾਲ ਗੱਲਬਾਤ ਕਰਕੇ ਇੱਕ ਕਮੇਟੀ ਬਣਾਈ ਸੀ, ਪ੍ਰੰਤੂ ਵਿਦਿਆਰਥੀ ਦਿਨ-ਰਾਤ ਦੇ ਧਰਨੇ ਲਈ ਬਜ਼ਿੱਦ ਰਹੇ ਅਤੇ ਦੇਰ ਰਾਤ ਉਨ੍ਹਾਂ ਕੈਂਪਸ ’ਚ ਰੋਸ ਮੁਜ਼ਾਹਰਾ ਆਰੰਭ ਦਿੱਤਾ| ਇਸ ਦੌਰਾਨ ਡੀਐਸਓ ਕਾਰਕੁਨਾਂ ਦੀ ਦੂਜੀ ਵਿਦਿਆਰਥੀ ਧਿਰ ਸੈਪ ‘ਭਲਵਾਨ ਗਰੁੱਪ’ ਦੇ ਦੋ ਕਾਰਕੁਨਾਂ ਨਾਲ ਬਹਿਸ ਮਗਰੋਂ ਲੜਾਈ ਹੋ ਗਈ। ਜਾਣਕਾਰੀ ਅਨੁਸਾਰ ‘ਸੈਪ’ ਦੇ ਹਰਵਿੰਦਰ ਸਿੰਘ ਅਤੇ ਜਤਿਨ ਵਰਮਾ ਦੀ ਕਾਫ਼ੀ ਕੁੱਟਮਾਰ ਕੀਤੀ ਗਈ। ਡੀਐਸਓ ਆਗੂ ਜਗਜੀਤ ਸਿੰਘ ਨੇ ਦੋ ਵਿਦਿਆਰਥੀਆਂ ਦੀ ਕੁੱਟਮਾਰ ਦੀ ਗੱਲ ਸਵੀਕਾਰੀ ਹੈ। ਅੱਧੀ ਰਾਤ ਵੇਲੇ ਸੈਪ ਗਰੁੱਪ ਦੇ ਤਿੰਨ-ਚਾਰ ਦਰਜਨ ਦੇ ਕਰੀਬ ਕਾਰਕੁਨ ਧਰਨਾਕਾਰੀਆਂ ਕੋਲ ਆਏ ਅਤੇ ਉਨ੍ਹਾਂ ਲੜਕੀਆਂ ਸਮੇਤ ਵਿਦਿਆਰਥੀਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ| ਡੀਐਸਓ ਧਿਰ ਦਾ ਕਹਿਣਾ ਹੈ ਕਿ ਸੈਪ ਗੁੱਟ ਦੇ ਵਿਦਿਆਰਥੀ ਹਾਕੀਆਂ, ਡਾਂਗਾਂ ਅਤੇ ਬੇਸਬਾਲ ਦੇ ਡੰਡਿਆਂ ਨਾਲ ਲੈਸ ਸਨ। ਦੋਵੇਂ ਧਿਰਾਂ ’ਚ ਡਾਂਗਾਂ ਅਤੇ ਵੱਟਿਆਂ ਦੀ ਖੁੱਲ੍ਹ ਕੇ ਵਰਤੋਂ ਹੋਈ। ਕੁਝ ਧਰਨਾਕਾਰੀ ਕੁੜੀਆਂ ਨੇ ਸੱਟਾਂ ਤੋਂ ਬਚਣ ਲਈ ਵਾਈਸ ਚਾਂਸਲਰ ਦਫ਼ਤਰ ਕੰਪਲੈਕਸ ’ਚ ਲੁਕ ਕੇ ਆਪਣਾ ਬਚਾਅ ਕੀਤਾ। ਯੂਨੀਵਰਸਿਟੀ ਦੇ ਸੁਰੱਖਿਆ ਅਮਲੇ ਨੇ ਮਾਹੌਲ ਨੂੰ ਸ਼ਾਂਤ ਕਰਨ ਲਈ ਪੂਰੀ ਵਾਹ ਲਾਈ ਪ੍ਰੰਤੂ ਜਦੋਂ ਹਾਲਾਤ ਬੇਕਾਬੂ ਹੋ ਗਏ ਤਾਂ ਬਾਹਰੋਂ ਪੁਲੀਸ ਮੰਗਵਾਉਣ ਲਈ ਮਜਬੂਰ ਹੋਣਾ ਪਿਆ| ਪੁਲੀਸ ਦੇ ਆਉਣ ਮਗਰੋਂ ਹੀ ਝਗੜਾ ਸ਼ਾਂਤ ਹੋ ਸਕਿਆ| ਇਸ ਦੌਰਾਨ ਸੈਪ ਗੁੱਟ ਦੇ ਕਾਰਕੁਨ ਮੌਕੇ ਤੋਂ ਫ਼ਰਾਰ ਹੋ ਗਏ। ਡੀਐਸਓ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਵਰਸਿਟੀ ਦੇ ਸੁਰੱਖਿਆ ਅਮਲੇ ’ਤੇ ਵੀ ਪੱਖਪਾਤ ਕਰਨ ਦਾ ਦੋਸ਼ ਲਾਇਆ ਹੈ| ਝਗੜੇ ’ਚ ਸੈਪ ਦੇ ਜ਼ਖ਼ਮੀ ਹੋਏ ਦੋ ਕਾਰਕੁਨਾਂ ਬਲਜਿੰਦਰਬੀਰ ਸਿੰਘ ਅਤੇ ਰਵਿੰਦਰਪ੍ਰੀਤ ਸਿੰਘ ਨੂੰ ਸਥਾਨਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਜਦੋਂ ਕਿ ਡੀਐਸਓ ਨੇ ਵੀ ਇੱਕ ਲੜਕੀ ਸਮੇਤ ਦੋ ਕਾਰਕੁਨਾਂ ਨੂੰ ਸੱਟਾਂ ਵੱਜਣ ਦਾ ਦਾਅਵਾ ਕੀਤਾ ਹੈ| ਉਧਰ ਯੂਨੀਵਰਸਿਟੀ ਵੱਲੋਂ ਅਸਿੱਧੇ ਤੌਰ ’ਤੇ ਜਾਰੀ ਬਿਆਨ ’ਚ ਆਖਿਆ ਹੈ ਕਿ ਡੀਐਸਓ ਦੇ ਕਾਰਕੁਨ ਰਾਤ ਨੂੰ ਕੁੜੀਆਂ ਨੂੰ ਹੋਸਟਲ ਤੋਂ ਬਾਹਰ ਆ ਕੇ ਮੁਜ਼ਾਹਰੇ ’ਚ ਸ਼ਾਮਲ ਹੋਣ ਲਈ ਉਕਸਾਉਂਦੇ ਰਹੇ, ਜਿਸ ਦਾ ਕੁਝ ਵਿਦਿਆਰਥੀ ਧਿਰਾਂ ਨੇ ਵਿਰੋਧ ਕੀਤਾ|
ਦੂਜੇ ਪਾਸੇ ਡੀਐਸਓ ਦੇ ਹੱਕ ’ਚ ਵੱਖ ਵੱਖ ਵਿਦਿਆਰਥੀ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਨੇ ਅੱਜ ਇਕੱਤਰ ਹੋ ਕੇ ‘ਗੁੰਡਾਗਰਦੀ ਵਿਰੋਧੀ ਫਰੰਟ ਪੰਜਾਬੀ ਯੂਨੀਵਰਸਿਟੀ ਪਟਿਆਲਾ’ ਦਾ ਵੀ ਗਠਨ ਕੀਤਾ ਹੈ| ਫਰੰਟ ਨੇ ਰਾਤ ਨੂੰ ਗੁੰਡਾਗਰਦੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਹਮਲੇ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਦੀ ਸ਼ਹਿ ਦੱਸਦਿਆਂ ਅਡੀਸ਼ਨਲ ਡੀਨ ਲੜਕੀਆਂ, ਅਡੀਸ਼ਨਲ ਪ੍ਰੋਵੋਸਟ ਅਤੇ ਮੁੱਖ ਸੁਰੱਖਿਆ ਅਫ਼ਸਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਨ੍ਹਾਂ ਨੂੰ ਬਰਖ਼ਾਸਤ ਕਰਨ ਦੀ ਮੰਗ ਵੀ ਕੀਤੀ ਹੈ। ਸਾਂਝੇ ਫਰੰਟ ਨੇ ਮੰਗਾਂ ਮੰਨਣ ਤਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ ਹੈ| ਫਰੰਟ ਨੇ ਪ੍ਰਸ਼ਾਸਨ ਵੱਲੋਂ ਯੂਨੀਵਰਸਿਟੀ ਵਿੱਚ ਛੁੱਟੀਆਂ ਕਰਕੇ ਜ਼ਬਰਦਸਤੀ ਹੋਸਟਲ ਖਾਲੀ ਕਰਵਾਉਣ ਦੀ ਨਿਖੇਧੀ ਵੀ ਕੀਤੀ ਹੈ| ਫਰੰਟ ਦੀ ਪਲੇਠੀ ਬੈਠਕ ’ਚ ਲੋਕ ਸੰਘਰਸ਼ ਕਮੇਟੀ, ਪ੍ਰਗਤੀਵਾਦੀ ਚੇਤਨਾ ਮੰਚ, ਆਊਟਸੋਰਸਿੰਗ ਯੂਨੀਅਨ, ਬੀਕੇਯੂ ਡਕੌਂਦਾ, ਇਨਕਲਾਬੀ ਲੋਕ ਮੋਰਚਾ, ਸੇਵਾਦਾਰ ਆਊਟਸੋਰਸਿੰਗ ਯੂਨੀਅਨ ਆਦਿ ਦੇ ਆਗੂਆਂ ’ਚੋਂ ਅਜੈਬ, ਗਗਨ ਮੁਕਤਸਰ, ਗੁਰਪ੍ਰੀਤ ਡੋਨੀ, ਗੁਰਪ੍ਰੀਤ, ਗੁਰਜੰਟ, ਗੁਰਮੀਤ ਰੋਮਾਣਾ, ਗੁਰਸੇਵਕ, ਰਸ਼ਪਿੰਦਰ ਜਿੰਮੀ, ਅਤੁਲ, ਰਾਜੀਵ ਲੋਟਬੱਧੀ, ਗੁਰਸੇਵਕ ਸੰਗਰੂਰ, ਜਤਿੰਦਰ ਧਾਲੀਵਾਲ, ਮਾਸਟਰ ਸੁੱਚਾ ਸਿੰਘ, ਜੰਗ ਸਿੰਘ ਅਤੇ ਪ੍ਰੋਫ਼ੈਸਰ ਬਾਵਾ ਸਿੰਘ, ਰਣਜੀਤ ਸਬਾਜਪੁਰ ਅਤੇ ਅਵਤਾਰ ਕੌਰਜੀਵਾਲਾ, ਸਾਬਕਾ ਅਧਿਆਪਕ ਆਗੂ ਮਾਸਟਰ ਤਰਸੇਮ ਲਾਲ, ਰਵੀਦੱਤਾ, ਗੁਰਮੁਖ, ਅਜੈ ਅਰੋੜਾ ਅਤੇ ਇਕਬਾਲ ਆਦਿ ਸ਼ਾਮਲ ਹੋਏ|

 

 

fbbg-image

Latest News
Magazine Archive