ਜੇਐਨਯੂ ਵਿਦਿਆਰਥੀ ਚੋਣਾਂ ’ਚ ਖੱਬੇ ਮੋਰਚੇ ਦੀ ਹੂੰਝਾਫੇਰੂ ਜਿੱਤ


ਨਵੀਂ ਦਿੱਲੀ - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੀ ਵਿਦਿਆਰਥੀ ਯੂਨੀਅਨ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ ਖ਼ਤਮ ਹੋ ਗਈ ਤੇ ਖੱਬੀਆਂ ਧਿਰਾਂ ਦੇ ਸਾਂਝੇ ਮੋਰਚੇ ਨੇ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਚਾਰੋਂ ਸੀਟਾਂ ਜਿੱਤ ਲਈਆਂ। ਖੱਬੀਆਂ ਧਿਰਾਂ ਦੇ ਸਾਂਝੇ ਮੋਰਚੇ ਦੇ ਸਾਰੇ ਉਮੀਦਵਾਰਾਂ ਨੇ ਆਪਣੇ ਵਿਰੋਧੀ ਭਾਜਪਾ ਦੇ ਵਿਦਿਆਰਥੀ ਵਿੰਗ ਏਬੀਵੀਪੀ ਦੇ ਉਮੀਦਵਾਰਾਂ ਨੂੰ ਵੱਡੇ ਫ਼ਰਕ ਨਾਲ ਮਾਤ ਦਿੱਤੀ। ਬੀਤੀ ਸ਼ਾਮ ਵੋਟਾਂ ਦੀ ਗਿਣਤੀ ਮੁੜ ਸ਼ੁਰੂ ਕੀਤੇ ਜਾਣ ਮਗਰੋਂ ਅੱਜ ਸਵੇਰੇ ਨਤੀਜੇ ਐਲਾਨੇ ਗਏ ਜਿਨ੍ਹਾਂ ਵਿੱਚ ਖੱਬੇ ਪੱਖੀ ਉਮੀਦਵਾਰ ਐਨ ਸਾਈ ਬਾਲਾਜੀ ਨੇ ਏਬੀਵੀਪੀ ਦੇ ਲਲਿਤ ਪਾਂਡੇ ਨੂੰ 1179 ਵੋਟਾਂ ਦੇ ਫ਼ਰਕ ਨਾਲ ਹਰਾਇਆ। ਕੁੱਲ 5185 ਵੋਟਾਂ ਵਿੱਚੋਂ ਬਾਲਾਜੀ ਨੂੰ 2161 ਵੋਟਾਂ ਅਤੇ ਪਾਂਡੇ ਨੂੰ 982 ਵੋਟਾਂ ਮਿਲੀਆਂ। ਕਾਂਗਰਸ ਦੇ ਵਿਦਿਆਰਥੀ ਵਿੰਗ ਐਨਐਸਯੂਆਈ ਦਾ ਉਮੀਦਵਾਰ 402 ਵੋਟਾਂ ਹੀ ਲੈ ਸਕਿਆ। ਮੀਤ ਪ੍ਰਧਾਨਗੀ ਦੇ ਅਹੁਦੇ ’ਤੇ ਡੈਮੋਕ੍ਰੇਟਿਕ ਸਟੂਡੈਂਟਸ ਫੈਡਰੇਸ਼ਨ ਦੀ ਸਾਰਿਕਾ ਚੌਧਰੀ ਨੇ (2692 ਵੋਟਾਂ) ਏਬੀਵੀਪੀ ਦੀ ਗੀਤਾ ਸ੍ਰੀ (1013 ਵੋਟਾਂ) ਨੂੰ ਹਰਾਇਆ। ਜਨਰਲ ਸਕੱਤਰ ਵਜੋਂ ਚੁਣੇ ਗਏ ਐਸਐਫਆਈ ਦੇ ਅਜ਼ੀਜ਼ ਅਹਿਮਦ ਨੂੰ 2426 ਵੋਟਾਂ ਮਿਲੀਆਂ ਜਦੋਂ ਕਿ ਏਬੀਵੀਪੀ ਦੇ ਗਣੇਸ਼ ਗੁੱਜਰ ਨੂੰ 1235 ਵੋਟਾਂ ਮਿਲੀਆਂ। ਸੰਯੁਕਤ ਸਕੱਤਰ ਦੇ ਅਹੁਦੇ ਲਈ ਏਐਸਐਫਆਈ ਦੇ ਅਮੁਥ ਜੈਦੀਪ ਨੇ 2047 ਵੋਟਾਂ ਲੈ ਕੇ ਏਬੀਵੀਪੀ ਦੇ ਵੈਂਕਟ ਚੌਬੇ (1290 ਵੋਟਾਂ) ਨੂੰ ਹਰਾਇਆ। ਸ਼ੁੱਕਰਵਾਰ ਨੂੰ ਪਈਆਂ ਵੋਟਾਂ ਦੀ ਸ਼ਨਿਚਰਵਾਰ ਦੇਰ ਸ਼ਾਮ ਨੂੰ ਗਿਣਤੀ ਸ਼ੁਰੂ ਹੋਈ ਤਾਂ ਏਬੀਵੀਪੀ ਦੇ ਕਾਰਕੁਨਾਂ ਵੱਲੋਂ ਹੰਗਾਮਾ ਅਤੇ ਤੋੜ-ਫੋੜ ਕਰਨ ਮਗਰੋਂ ਕਰੀਬ 15 ਘੰਟੇ ਗਿਣਤੀ ਰੁਕੀ ਰਹੀ ਪਰ ਫਿਰ ਬੀਤੀ ਦੇਰ ਸ਼ਾਮ ਗਿਣਤੀ ਮੁੜ ਸ਼ੁਰੂ ਹੋਈ। ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ), ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐਸਐਫਆਈ), ਡੈਮੋਕ੍ਰੈਟਿਕ ਸਟੂਡੈਂਟਸ ਫੈਡਰੇਸ਼ਨ (ਡੀਐਸਐਫ) ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏਆਈਐਸਐਫ) ਨੇ ਮਿਲ ਕੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਪਿਛਲੇ ਸਾਲ ਵੀ ਖੱਬੀਆਂ ਧਿਰਾਂ ਨੇ ਇਹ ਤਜਰਬਾ ਕਰ ਕੇ ਸੱਜੀ ਧਿਰ ਨੂੰ ਹਾਰ ਦਿੱਤੀ ਸੀ।
ਇਸ ਦੌਰਾਨ, ਅਦਾਕਾਰਾ ਸਵੱਰਾ ਭਾਸਕਰ ਨੇ ਜੈਐਨਯੂ ਵਿੱਚ ਹਿੰਸਾ ਕਰਨ ਬਦਲੇ ਏਬੀਵੀਪੀ ਦੀ ਨੁਕਤਾਚੀਨੀ ਕੀਤੀ। ਸੀਪੀਐਮ ਨੇ ਕਿਹਾ ਕਿ ਖੱਬੀਆਂ ਧਿਰਾਂ ਦੀ ਏਕਤਾ ਨੇ ਜੇਐਨਯੂ ਦੀਆਂ ਚੋਣਾਂ ਇਕਤਰਫ਼ਾ ਜਿੱਤੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਆਰਐਸਐਸ ਇਹ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਹਿੰਸਾ ਤੇ ਕੁੱਟਮਾਰ ਜ਼ਰੀਏ ਚੋਣ ਰੱਦ ਕਰਨਾ ਚਾਹੁੰਦੇ ਸਨ। ਪਾਰਟੀ ਨੇ ਕਿਹਾ ਕਿ ਉਹ ਲੋਕਤੰਤਰ ਲਈ ਲੜ ਰਹੇ ਵਿਦਿਆਰਥੀਆਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਹੰਗਾਮੇ ਨੂੰ ਲੈ ਕੇ ਜੇਐਨਯੂ ਪ੍ਰਸ਼ਾਸਨ ਦੀ ਭੂਮਿਕਾ ਦੀ ਵੀ ਨਿਖੇਧੀ ਕੀਤੀ।

 

 

fbbg-image

Latest News
Magazine Archive