ਜਮਹੂਰੀਅਤ ਦੀ ਰਾਖ਼ੀ ਲਈ ਜਨਤਕ ਲਹਿਰ ਉਸਾਰਨ ਦਾ ਸੱਦਾ


ਬਠਿੰਡਾ - ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਦੇ ਜਨਮ ਦਿਨ ’ਤੇ ਹੋਏ ਸਮਾਰੋਹਾਂ ਮੌਕੇ ਵੱਖ-ਵੱਖ ਵਰਗਾਂ ਦੇ ਬੁਲਾਰਿਆਂ ਨੇ ਅਜੋਕੀਆਂ ਹਾਲਤਾਂ ਵਿੱਚ ਚੇਤਨ ਲੋਕਾਂ ਅਤੇ ਕਲਾ ਦੇ ਸੰਗਮ ਨਾਲ ਹਕੂਮਤਾਂ ਖ਼ਿਲਾਫ਼ ਡੱਟਣ ਦਾ ਸੱਦਾ ਦਿੱਤਾ। ਡਾ. ਪਰਮਿੰਦਰ ਸਿੰਘ ਅਤੇ ਮਨਜੀਤ ਕੌਰ ਔਲਖ ਦੀ ਅਗਵਾਈ ਹੇਠ ਹੋਏ ਇਨ੍ਹਾਂ ਸਮਾਰੋਹਾਂ ’ਚ ਇਹ ਗੱਲ ਉੱਭਰੀ ਕਿ ਹੁਣ ਸਿਰਫ਼ ਖ਼ੌਫ਼ ਦਾ ਵਿਰੋਧ ਕਰਕੇ ਨਹੀਂ ਸਰਨਾ ਬਲਕਿ ਇਸ ਦਾ ਮੁਕਾਬਲਾ ਕਰਨ ਲਈ ਘਰਾਂ ਦੀਆਂ ਬਰੂਹਾਂ ਟੱਪ ਕੇ ਨਿੱਤਰਨਾ ਪਵੇਗਾ। ਬੁਲਾਰਿਆਂ ਨੇ ਕਿਹਾ ਕਿ ਸਮਾਜ ਦੇ ਬੌਧਿਕ ਵਰਗ ਅਤੇ ਮਿਹਨਤਕਸ਼ ਲੋਕਾਂ ਦੇ ਰਿਸ਼ਤਿਆਂ ਵਿੱਚ ਪਾੜ ਪਾਉਣ ਦੇ ਯਤਨਾਂ ਨੂੰ ਰੋਕਣ ਲਈ ਪੁਰਾਤਨ ਲਹਿਰਾਂ ਤੋਂ ਸੇਧ ਲੈਣ ਦੀ ਲੋੜ ਹੈ। ਇਸ ਮੌਕੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਹੋ ਰਹੇ ਹੱਲਿਆਂ ਤੇ ਵੀ ਚਰਚਾ ਹੋਈ ਅਤੇ ਇਸ ਨੂੰ ਠੱਲ੍ਹਣ ਲਈ ਕਲਾ ਤੇ ਲੋਕਾਈ ਦੇ ਸੰਗਮ ਵਾਲੀ ਮਜ਼ਬੂਤ ਜਨਤਕ ਲਹਿਰ ਖੜ੍ਹੀ ਕਰਨ ’ਤੇ ਸਹਿਮਤੀ ਬਣੀ। ਗੁਰਸ਼ਰਨ ਸਿੰਘ ਯਾਦਗਾਰੀ ਟਰੱਸਟ ਵੱਲੋਂ ਬਠਿੰਡਾ ਦੇ ਟੀਚਰਜ਼ ਹੋਮ ਵਿੱਚ ਹੋਏ ਇਨ੍ਹਾਂ ਸਮਾਗਮਾਂ ਮੌਕੇ ‘ਇਨਕਲਾਬੀ ਸਭਿਆਚਾਰ ਜਨਤਕ ਆਰਕਾਈਵ ਪੰਜਾਬ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਮਰਹੂਮ ਨਾਟਕਕਾਰ ਦੀ ਧੀ ਨਵਸ਼ਰਨ ਨੇ ਆਖਿਆ ਕਿ ਆਰਕਾਈਵ ’ਚ ਗੁਰਸ਼ਰਨ ਸਿੰਘ ਦੇ 200 ਨਾਟਕ, ਉਨ੍ਹਾਂ ਵੱਲੋਂ ਸੰਪਾਦਿਤ ‘ਸਰਦਲ’ ਤੇ ‘ਸਮਤਾ’ ਮੈਗਜ਼ੀਨ, ਅਖ਼ਬਾਰਾਂ ’ਚ ਲਿਖੇ ਕਾਲਮ, ਗੀਤ-ਸੰਗੀਤ ਦੀਆਂ ਕੈਸੇਟਾਂ ਸਮੇਤ ਲਗਭਗ 1300 ਦਸਤਾਵੇਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਨਾਟਕ ‘ਦਾਸਤਾਨ-ਏ-ਪੰਜਾਬ’ ਦੀਆਂ ਝਲਕਾਂ ਵੀ ਪੇਸ਼ ਕੀਤੀਆਂ ਗਈਆਂ। ਸਮਾਗਮ ਦੇ ਦੂਸਰੇ ਸੈਸ਼ਨ ‘ਖ਼ੌਫ਼ ਦੇ ਦੌਰ ਵਿੱਚ ਇਨਕਲਾਬੀ ਸਭਿਆਚਾਰਕ ਲਹਿਰ’ ਦੌਰਾਨ ਉੱਘੇ ਲੇਖਕ ਸਵਰਾਜਬੀਰ ਸਿੰਘ ਦਾ ਸੁਨੇਹਾ ਡਾ. ਪਰਮਿੰਦਰ ਸਿੰਘ ਵੱਲੋਂ ਪੜ੍ਹਿਆ ਗਿਆ। ਪੱਤਰਕਾਰ ਤੇ ਲੇਖਕ ਦਲਜੀਤ ਅਮੀ ਨੇ ਕਿਹਾ ਕਿ ਹਕੂਮਤਾਂ ਦੇ ਮਿਸਲਖ਼ਾਨਿਆਂ ਖ਼ਿਲਾਫ਼ ਲੋਕਾਂ ਨੂੰ ਆਪਣੇ ਵਾਜਬ ਮਿਸਲਖ਼ਾਨੇ ਸਿਰਜਣੇ ਚਾਹੀਦੇ ਹਨ ਅਤੇ ਅੱਜ ਦੀ ਆਰਕਾਈਵ ਇੱਕ ਚੰਗੀ ਸ਼ੁਰੂਆਤ ਹੈ। ਉਨ੍ਹਾਂ ਨਜ਼ਰਬੰਦ ਬੁੱਧੀਜੀਵੀਆਂ ਦੇ ਹਵਾਲੇ ਨਾਲ ਆਖਿਆ ਕਿ ਖ਼ਪਤਕਾਰੀ ਅਤੇ ਲੱਚਰ ਸਭਿਆਚਾਰਕ ਹੱਲੇ ਦੇ ਟਾਕਰੇ ਲਈ ਉਸਾਰੂ ਸਭਿਆਚਾਰਕ ਵੰਨਗੀਆਂ ਦੀ ਸਿਰਜਣਾ ਲਈ ਗੁਰਸ਼ਰਨ ਸਿੰਘ ਦੀ ਵਿਰਾਸਤ ਦਾ ਲੜ ਫੜ੍ਹਨ ਦੀ ਲੋੜ ਹੈ। ਉੱਘੇ ਦਸਤਾਵੇਜ਼ੀ ਫ਼ਿਲਮਸਾਜ਼ ਸੰਜੇ ਕਾਕ ਨੇ ਪੰਜਾਬ ਦੀ ਇਨਕਲਾਬੀ ਸਭਿਆਚਾਰਕ ਲਹਿਰ ਤੇ ਲੋਕ ਹੱਕਾਂ ਦੀ ਲਹਿਰ ਦੇ ਆਪਸੀ ਮਜ਼ਬੂਤ ਰਿਸ਼ਤੇ ਦਾ ਜ਼ਿਕਰ ਕੀਤਾ। ਦਿੱਲੀ ਤੋਂ ਪੁੱਜੇ ਪੱਤਰਕਾਰ ਭਾਸ਼ਾ ਸਿੰਘ ਨੇ ਮੌਜੂਦਾ ਦੌਰ ਵਿੱਚ ਫ਼ਿਰਕੂ ਫਾਸ਼ੀ ਹੱਲੇ ਦਾ ਜ਼ਿਕਰ ਕਰਦਿਆਂ ਇਸ ਦੇ ਟਾਕਰੇ ਲਈ ਗੁਰਸ਼ਰਨ ਸਿੰਘ ਦਾ ਜਜ਼ਬਾ ਜਗਦਾ ਰੱਖਣ ਦਾ ਸੱਦਾ ਦਿੱਤਾ ਤੇ ਜਮਹੂਰੀ ਆਵਾਜ਼ਾਂ ਦੇ ਹੱਕ ’ਚ ਡਟਣ ਦੀ ਲੋੜ ਉਭਾਰੀ। ਉਨ੍ਹਾਂ ਕਿਹਾ ਕਿ ਲੋਕਾਂ ਦਾ ਨਜ਼ਰੀਆ ਬਦਲਣ ਲਈ ਇਨਕਲਾਬੀ ਸਭਿਆਚਾਰਕ ਲਹਿਰ ਮਹੱਤਵਪੂਰਨ ਪਹਿਲੂ ਹੈ। ਇਸ ਮੌਕੇ ਡਾ. ਅਰੀਤ ਨੇ ਵੀ ਵਿਚਾਰ ਪ੍ਰਗਟ ਕੀਤੇ। ਅਮੋਲਕ ਸਿੰਘ ਦੀ ਮੰਚ ਸੰਚਾਲਨਾ ’ਚ ਤੀਜਾ ਸੈਸ਼ਨ ਸਭਿਆਚਾਰਕ ਵੰਨਗੀਆਂ ਬਾਰੇ ਹੋਇਆ। ਇਸ ਮੌਕੇ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ‘ਚੰਡੀਗੜ੍ਹ ਸਕੂਲ ਆਫ਼ ਡਰਾਮਾ’ ਵੱਲੋਂ ਗੁਰਸ਼ਰਨ ਸਿੰਘ ਦਾ ਨਾਟਕ ‘ਹਵਾਈ ਗੋਲੇ’ ਅਤੇ ਪੀਪਲਜ਼ ਥੀਏਟਰ ਲਹਿਰਾਗਾਗਾ ਦੀ ਟੀਮ ਵੱਲੋਂ ਸੈਮੂਅਲ ਜੌਨ੍ਹ ਦੀ ਨਿਰਦੇਸ਼ਨਾ ਹੇਠ ਨਾਟਕ ‘ਗਧਾ ਤੇ ਸ਼ੇਰ’ ਖੇਡਿਆ ਗਿਆ। ਸੁਚੇਤਕ ਰੰਗਮੰਚ ਮੁਹਾਲੀ ਵੱਲੋਂ ਉੱਘੇ ਕਵੀ ਪਾਸ਼ ਦੇ ਗੀਤਾਂ ਨੂੰ ਐਕਸ਼ਨ ਗੀਤਾਂ ਦੇ ਰੂਪ ’ਚ ਪੇਸ਼ ਕੀਤਾ ਗਿਆ। ਇਸ ਮੌਕੇ ਪ੍ਰੋ. ਰਣਧੀਰ ਸਿੰਘ ਦਾ ਪਰਿਵਾਰ, ਟਰੇਡ ਯੂਨੀਅਨ ਆਗੂ ਰਾਖੀ ਸਹਿਗਲ, ਨਾਟਕਕਾਰ ਡਾ. ਸਾਹਿਬ ਸਿੰਘ, ਅਨੀਤਾ, ਸ਼ਬਦੀਸ਼, ਨਾਟਕਕਾਰ ਹਰਵਿੰਦਰ ਦੀਵਾਨਾ, ਪ੍ਰੋ. ਲੋਕਨਾਥ, ਕਹਾਣਕਾਰੀ ਅਤਰਜੀਤ ਸਿੰਘ, ਜਸਪਾਲ ਮਾਨਖੇੜਾ, ਜਗਸੀਰ ਜੀਦਾ, ਡਾ. ਪਰਮਿੰਦਰ ਸਿੰਘ ਸਮੇਤ ਕਈ ਉੱਘੇ ਲੇਖਕ, ਬੁੱਧੀਜੀਵੀ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

 

 

fbbg-image

Latest News
Magazine Archive