ਇੰਗਲੈਂਡ ਨੇ ਕੁੱਕ ਨੂੰ ਦਿੱਤੀ ਜਿੱਤ ਨਾਲ ਵਿਦਾਇਗੀ


ਲੰਡਨ - ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ (149 ਦੌੜਾਂ) ਅਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (114 ਦੌੜਾਂ) ਦੇ ਸ਼ਾਨਦਾਰ ਸੈਂਕੜਿਆਂ ਨੇ ਭਾਰਤ ਦੀ ਉਮੀਦ ਜਗਾਈ, ਪਰ ਅਖ਼ੀਰ ਵਿੱਚ ਇੰਗਲੈਂਡ ਨੇ ਅੱਜ ਪੰਜਵਾਂ ਅਤੇ ਅੰਤਿਮ ਟੈਸਟ ਕ੍ਰਿਕਟ ਮੈਚ 118 ਦੌੜਾਂ ਨਾਲ ਜਿੱਤ ਕੇ ਪੰਜ ਮੈਚਾਂ ਦੀ ਲੜੀ 4-1 ਨਾਲ ਆਪਣੇ ਨਾਮ ਕਰਨ ਦੇ ਨਾਲ ਹੀ ਅਲਸਟੇਅਰ ਕੁੱਕ ਨੂੰ ਨਿੱਘੀ ਵਿਦਾਇਗੀ ਦਿੱਤੀ।
ਭਾਰਤ ਨੇ ਇੰਗਲੈਂਡ ਖ਼ਿਲਾਫ਼ ਲੜੀ ਦੇ ਪੰਜਵੇਂ ਅਤੇ ਅੰਤਿਮ ਟੈਸਟ ਦੇ ਆਖ਼ਰੀ ਦਿਨ ਅੱਜ ਚਾਹ ਤੱਕ ਪੰਜ ਵਿਕਟਾਂ ਦੇ ਨੁਕਸਾਨ ’ਤੇ 298 ਦੌੜਾਂ ਬਣਾ ਲਈਆਂ ਸਨ। ਭਾਰਤ 464 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਪਣੀ ਦੂਜੀ ਪਾਰੀ ਵਿੱਚ 345 ਦੌੜਾਂ ਬਣਾ ਕੇ ਆਊਟ ਹੋਇਆ। ਓਵਲ ਮੈਦਾਨ ਵਿੱਚ ਭਾਰਤੀ ਟੀਮ ਨੇ ਸਵੇਰੇ ਤਿੰਨ ਵਿਕਟਾਂ ਪਿੱਛੇ 58 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਪਾਰੀ ਨੂੰ ਅੱਗੇ ਵਧਾਇਆ। ਚਾਹ ਦੇ ਆਰਾਮ ਤੱਕ ਮਹਿਮਾਨ ਟੀਮ ਦਾ ਸਕੋਰ ਪੰਜ ਵਿਕਟਾਂ ਪਿੱਛੇ 298 ਦੌੜਾਂ ਸੀ, ਪਰ ਤੀਜੇ ਸੈਸ਼ਨ ਵਿੱਚ ਉਸ ਨੇ 19.3 ਓਵਰਾਂ ਵਿੱਚ ਬਾਕੀ ਬਚੀਆਂ ਪੰਜ ਵਿਕਟਾਂ ਵੀ ਗੁਆ ਲਈਆਂ। ਰਾਹੁਲ ਨੇ 224 ਗੇਂਦਾਂ ’ਤੇ 149 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ ਵਿੱਚ 20 ਚੌਕੇ ਅਤੇ ਇੱਕ ਛੱਕਾ ਮਾਰਿਆ। ਪੰਤ (146 ਗੇਂਦਾਂ ’ਤੇ 114 ਦੌੜਾਂ) ਨੇ ਚਾਹ ਦੇ ਆਰਾਮ ਤੋਂ ਪਹਿਲਾਂ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਪੂਰਾ ਕੀਤਾ। ਉਸ ਦੀ ਪਾਰੀ ਵਿੱਚ 15 ਚੌਕੇ ਅਤੇ ਚਾਰ ਛੱਕੇ ਸ਼ਾਮਲ ਹਨ।
ਇਨ੍ਹਾਂ ਦੋਵਾਂ ਨੇ ਪੰਜ ਵਿਕਟਾਂ ’ਤੇ 121 ਦੌੜਾਂ ਤੋਂ ਪਾਰੀ ਨੂੰ ਅੱਗੇ ਵਧਾਉਂਦਿਆਂ ਛੇਵੀਂ ਵਿਕਟ ਲਈ 204 ਦੌੜਾਂ ਦੀ ਸਾਂਝੇਦਾਰੀ ਕੀਤੀ। ਰਾਹੁਲ ਨੇ ਇਸ ਤੋਂ ਪਹਿਲਾਂ ਉਪ ਕਪਤਾਨ ਅਜਿੰਕਿਆ ਰਹਾਣੇ (37) ਨਾਲ ਵੀ 118 ਦੌੜਾਂ ਦੀ ਸਾਂਝੇਦਾਰੀ ਨਿਭਾਈ। ਇੰਗਲੈਂਡ ਵੱਲੋਂ ਜੇਮਜ਼ ਐਂਡਰਸਨ ਨੇ 45 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਉਸ ਨੇ ਮੁਹੰਮਦ ਸ਼ਮੀ ਨੂੰ ਆਊਟ ਕਰਕੇ ਆਪਣੀ 564ਵੀਂ ਵਿਕਟ ਲਈ। ਇਸ ਤਰ੍ਹਾਂ ਉਹ ਗਲੈਨ ਮੈਕਗ੍ਰਾਅ ਨੂੰ ਪਛਾੜਦਿਆਂ ਵਿਸ਼ਵ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਤੇਜ਼ ਗੇਂਦਬਾਜ਼ ਬਣਿਆ। ਸੇਮ ਕੁਰੇਨ ਅਤੇ ਆਦਿਲ ਰਾਸ਼ਿਦ ਨੇ ਦੋ-ਦੋ ਵਿਕਟਾਂ ਲਈਆਂ।
ਸਲਾਮੀ ਬੱਲੇਬਾਜ਼ ਰਾਹੁਲ ਨੇ ਕ੍ਰੀਜ਼ ’ਤੇ ਟਿਕਣ ਦਾ ਚੰਗਾ ਹੌਸਲਾ ਵਿਖਾਇਆ ਅਤੇ ਸਵੇਰੇ 46 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਉਂਦਿਆਂ ਲੰਚ ਤੱਕ ਟੈਸਟ ਕ੍ਰਿਕਟ ਵਿੱਚ ਆਪਣਾ ਪੰਜਵਾਂ ਸੈਂਕੜਾ ਪੂਰਾ ਕਰ ਲਿਆ। ਪਹਿਲਾ ਸੈਸ਼ਨ ਪੂਰੀ ਤਰ੍ਹਾਂ ਰਾਹੁਲ ਦੇ ਨਾਮ ਰਿਹਾ। ਦੂਜੇ ਸੈਸ਼ਨ ਵਿੱਚ ਭਾਰਤੀ ਪਾਰੀ ਅੰਤ ਦੇ ਨੇੜੇ-ਤੇੜੇ ਘੁੰਮਦੀ ਰਹੀ। ਚਾਹ ਦੇ ਆਰਾਮ ਮਗਰੋਂ ਹਾਲਾਂਕਿ ਤਿੰਨ ਦੌੜਾਂ ਦੇ ਅੰਦਰ ਦੋਵਾਂ ਦੇ ਆਊਟ ਹੋਣ ਨਾਲ ਭਾਰਤ ਦੀਆਂ ਉਮੀਦਾਂ ਵੀ ਖ਼ਤਮ ਹੋ ਗਈਆਂ।
ਕੁੱਕ ਨੇ ਓਵਰ ਥਰੋਅ ਲਈ ਬੁਮਰਾਹ ਦਾ ਕੀਤਾ ਧੰਨਵਾਦ
ਲੰਡਨ - ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਚੁੱਕੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਅਲਸਟੇਅਰ ਕੁੱਕ ਨੇ ਆਪਣੀ ਆਖ਼ਰੀ ਟੈਸਟ ਪਾਰੀ ਵਿੱਚ 33ਵਾਂ ਸੈਂਕੜਾ ਪੂਰਾ ਕਰਨ ਲਈ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਸ਼ੁਕਰੀਆ ਕੀਤਾ। ਭਾਰਤ ਖ਼ਿਲਾਫ਼ ਲੜੀ ਦੇ ਪੰਜਵੇਂ ਅਤੇ ਅੰਤਿਮ ਟੈਸਟ ਵਿੱਚ ਕੱਲ੍ਹ ਇੰਗਲੈਂਡ ਦੀ ਦੂਜੀ ਪਾਰੀ ਦੌਰਾਨ ਕੁੱਕ ਜਦੋਂ 96 ਦੌੜਾਂ ’ਤੇ ਬੱਲੇਬਾਜ਼ੀ ਕਰ ਰਿਹਾ ਸੀ, ਉਦੋਂ ਰਵਿੰਦਰ ਜਡੇਜਾ ਦੀ ਗੇਂਦ ’ਤੇ ਕੁੱਕ ਇੱਕ ਦੌੜ ਲੈਣ ਲਈ ਦੌੜਿਆ। ਬੁਮਰਾਹ ਨੇ ਗੇਂਦ ਨੂੰ ਫੜਨ ਮਗਰੋਂ ਓਵਰ ਥਰੋਅ ਕੀਤਾ, ਜੋ ਚੌਕੇ ਲਈ ਬਾਉਂਡਰੀ ਪਾਰ ਕਰ ਗਈ। ਇਸ ਤਰ੍ਹਾਂ ਕੁੱਕ ਨੂੰ ਪੰਜ ਦੌੜਾਂ ਮਿਲ ਗਈਆਂ ਅਤੇ ਉਸ ਨੇ ਆਪਣੀ ਅੰਤਿਮ ਪਾਰੀ ਵਿੱਚ 33ਵਾਂ ਟੈਸਟ ਸੈਂਕੜਾ ਪੂਰਾ ਕਰ ਲਿਆ।

 

 

fbbg-image

Latest News
Magazine Archive