ਭਾਜਪਾ ਵੱਲੋਂ ਵਿਰੋਧੀ ਧਿਰ ਨੂੰ ਰਗੜੇ


ਨਵੀਂ ਦਿੱਲੀ - ਭਾਜਪਾ ਨੇ ਆਖਿਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਦਿਨੇ ਸੁਪਨੇ ਦੇਖਣ ਵਾਲੀ’ ਵਿਰੋਧੀ ਧਿਰ ਦਾ ਮੁਕਾਬਲਾ ਇਕ ਅਜਿਹੇ ਗੱਠਜੋੜ ਦੇ ਆਗੂ ਨਰਿੰਦਰ ਮੋਦੀ ਨਾਲ ਹੋਵੇਗਾ ਜਿਸ ਦੀ ਹਰਮਨਪਿਆਰਤਾ 70 ਫ਼ੀਸਦ ਤੋਂ ਜ਼ਿਆਦਾ ਹੈ ਤੇ ਜੋ 2022 ਤੱਕ ‘‘ਨਿਊ ਇੰਡੀਆ’’ ਦੀ ਸਿਰਜਣਾ ਲਈ ਵਚਨਬੱਧ ਹੈ।
ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਜਪਾ ਦੀ ਕੌਮੀ ਕਾਰਜਕਾਰਨੀ ਵੱਲੋਂ ਪਾਸ ਕੀਤੇ ਸਿਆਸੀ ਮਤੇ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਕ ਅਜਿਹਾ ਭਾਰਤ ਸਿਰਜਣ ਜਾ ਰਹੇ ਹਨ ਜਿੱਥੇ ਗਰੀਬੀ, ਜਾਤੀਵਾਦ, ਭ੍ਰਿਸ਼ਟਾਚਾਰ ਤੇ ਫਿਰਕਾਪ੍ਰਸਤੀ ਲਈ ਕੋਈ ਥਾਂ ਨਹੀਂ ਹੋਵੇਗੀ ਜਦਕਿ ਵਿਰੋਧੀ ਧਿਰ ਦਾ ਇਕੋ ਇਕ ਏਜੰਡਾ ਮੋਦੀ ਨੂੰ ਰੋਕਣਾ ਹੈ। ਉਨ੍ਹਾਂ ਕਿਹਾ ‘‘ ਭਾਜਪਾ 2019 ਵਿੱਚ ਜ਼ਿਆਦਾ ਸੀਟਾਂ ਤੇ ਵੋਟਾਂ ਲੈ ਕੇ ਸੱਤਾ ਵਿੱਚ ਪਰਤੇਗੀ। ਵਿਰੋਧੀ ਧਿਰ ਦਿਨੇ ਸੁਪਨੇ ਦੇਖ ਰਹੀ ਹੈ। ਇਸ ਦਾ ਨਾ ਕੋਈ ਆਗੂ ਹੈ ਤੇ ਨਾ ਹੀ ਕੋਈ ਨੀਤੀ ਜਾਂ ਰਣਨੀਤੀ ਹੈ। ਮੋਦੀ ਨੂੰ ਰੋਕਣਾ ਹੀ ਇਸ ਦਾ ਏਜੰਡਾ ਹੈ ਤੇ ਇਸ ਤਰ੍ਹਾਂ ਦੀ ਨਾਂਹਮੁਖੀ ਰਾਜਨੀਤੀ ਨੂੰ ਲੋਕ ਪਸੰਦ ਨਹੀਂ ਕਰਨਗੇ।’’ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਪੇਸ਼ ਕੀਤੇ ਇਸ ਮਤੇ ਵਿੱਚ ਅੰਦਰੂਨੀ ਸੁਰੱਖਿਆ ਦੇ ਮੁੱਦੇ ’ਤੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਗਈਆਂ ਹਨ ਤੇ ਇਸ ਵਿੱਚ ਕਿਹਾ ਗਿਆ ਹੈ ਕਿ ਯੂਪੀਏ ਦੇ ਸ਼ਾਸਨ ਵੇਲੇ ਭਾਰਤ ਦੇ ਸ਼ਹਿਰਾਂ ਵਿੱਚ ਬੰਬ ਧਮਾਕੇ ਹੋਇਆ ਕਰਦੇ ਸਨ। ਮਤੇ ਵਿੱਚ ਕਿਹਾ ਗਿਆ ਹੈ ਕਿ ਮੋਦੀ ਦੀ ਲੀਡਰਸ਼ਿਪ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਸਖ਼ਤ ਮਿਹਨਤ ਸਦਕਾ 19 ਰਾਜਾਂ ਵਿੱਚ ਪਾਰਟੀ ਦਾ ਰਾਜ ਕਾਇਮ ਹੋ ਗਿਆ ਹੈ। ਉਨ੍ਹਾਂ ਕਿਹਾ ‘‘ਮੋਦੀ ਤੇ ਸ਼ਾਹ ਦੀ ਜੋੜੀ ਅਧੀਨ ਪਾਰਟੀ ਦੇ 350 ਸੰਸਦ ਮੈਂਬਰ ਤੇ 1500 ਵਿਧਾਇਕ ਹੋ ਗਏ ਹਨ।’’ ਸ੍ਰੀ ਜਾਵੜੇਕਰ ਨੇ ਕਿਹਾ ਕਿ ਸਰਕਾਰ ‘‘ਸਬਕਾ ਸਾਥ ਸਬਕਾ ਵਿਕਾਸ’’ ਦੇ ਨਾਅਰੇ ਤਹਿਤ ਕੰਮ ਕਰ ਰਹੀ ਹੈ ਤੇ ਚਾਰ ਸਾਲਾਂ ਦੇ ਸ਼ਾਸਨ ਬਾਅਦ ਸ੍ਰੀ ਮੋਦੀ ਦੀ ਲੋਕਪ੍ਰਿਅਤਾ 70 ਫ਼ੀਸਦ ਤੋਂ ਉਪਰ ਹੈ।
ਇਸ ਦੌਰਾਨ, ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸ਼ਾਦ ਨੇ ਦੱਸਿਆ ਕਿ ਸ੍ਰੀ ਮੋਦੀ ਨੇ ‘‘ਅਜੈ ਭਾਰਤ ਅਟਲ ਭਾਜਪਾ’’ ਦਾ ਨਵਾਂ ਨਾਅਰਾ ਦਿੱਤਾ। ਇਸ ਨਾਅਰੇ ਦਾ ਮਤਲਬ ਹੈ ਕਿ ਭਾਰਤ ਨੂੰ ਦਬਕਾਇਆ ਨਹੀਂ ਜਾ ਸਕਦਾ ਤੇ ਪਾਰਟੀ ਆਪਣੇ ਸਿਧਾਂਤਾਂ ਤੋਂ ਨਹੀਂ ਥਿੜਕੇਗੀ। ਉਨ੍ਹਾਂ ਦੱਸਿਆ ਕਿ ਸ੍ਰੀ ਮੋਦੀ ਨੇ ਕਾਰਜਕਾਰਨੀ ਨੂੰ ਸੰਬੋਧਨ ਕਰਦਿਆਂ ਇਸ ਨਵੇਂ ਨਾਅਰੇ ਰਾਹੀਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਭੇਟ ਕੀਤੀ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਮੀਟਿੰਗ ਬਾਰੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਕਿ ਉਨ੍ਹਾਂ ਨੂੰ ਭਾਜਪਾ ਨੂੰ ਦਰਪੇਸ਼ ਕੋਈ ਮੁਕਾਬਲਾ ਨਜ਼ਰ ਨਹੀਂ ਆ ਰਿਹਾ ਤੇ ਉਨ੍ਹਾਂ ਵਿਰੋਧੀ ਧਿਰ ਦੀਆਂ ਪਾਰਟੀਆਂ ਦਰਮਿਆਨ ਏਕਤਾ ਨੂੰ ਉਨ੍ਹਾਂ ਦੀ ਸਰਕਾਰ ਦੀ ਹਰਮਨਪਿਆਰਤਾ ਤੇ ਪਾਰਟੀ ਦੀਆਂ ਵੱਡੀਆਂ ਸਫ਼ਲਤਾਵਾਂ ਦਾ ਸਬੂਤ ਦੱਸਿਆ। ‘‘ਅਜੈ ਭਾਰਤ, ਅਟਲ ਭਾਜਪਾ’’ ਦਾ ਨਵਾਂ ਨਾਅਰਾ ਦਿੰਦਿਆਂ ਸ੍ਰੀ ਮੋਦੀ ਨੇ ਭਰੋਸਾ ਜਤਾਇਆ ਕਿ ਉਨ੍ਹਾਂ ਦੀ ਪਾਰਟੀ 2019 ਵਿੱਚ ਜਿੱਤੇਗੀ। ‘‘ਅਸੀਂ ਆਪਣੀ ਯਾਤਰਾ ਜਿੱਤ ਦੇ ਭਰੋਸੇ ਨਾਲ ਸ਼ੁਰੂ ਕੀਤੀ ਹੈ। ਸਾਨੂੰ 125 ਕਰੋੜ ਲੋਕਾਂ ਦਾ ਵਿਸ਼ਵਾਸ ਹਾਸਲ ਹੈ।’’ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ’ਤੇ ਤਿੱਖੇ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਲੀਡਰਸ਼ਿਪ ਕਿਸੇ ਵੀ ਸਹਿਯੋਗੀ ਪਾਰਟੀ ਨੂੰ ਪ੍ਰਵਾਨ ਨਹੀਂ ਤੇ ਕੁਝ ਹੋਰਨਾਂ ਪਾਰਟੀਆਂ ਵੱਲੋਂ ਇਸ ਨੂੰ ਬੋਝ ਸਮਝਿਆ ਜਾਂਦਾ ਹੈ ਤੇ ਇਨ੍ਹਾਂ ਦੀ ਆਪਣੀ ਪਾਰਟੀ ਦੇ ਕੁਝ ਲੋਕਾਂ ਵੱਲੋਂ ਪ੍ਰਵਾਨ ਨਹੀਂ ਕੀਤੀ ਜਾਂਦੀ। ਵਿਰੋਧੀ ਧਿਰ ਕੋਲ ਨਾ ਕੋਈ ਆਗੂ ਹੈ ਤੇ ਨਾ ਹੀ ਕੋਈ ਵਿਚਾਰਧਾਰਾ ਜਾਂ ਤਾਲਮੇਲ ਹੈ। ਇਸ ਦੀਆਂ ਨੀਤੀਆਂ ਅਸਪਸ਼ਟ ਤੇ ਨੀਅਤ ਮਾੜੀ ਹੈ। ਇਸ ਕਰ ਕੇ ਸਾਨੂੰ ਕੋਈ ਮੁਕਾਬਲਾ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਦੱਸਿਆ ‘ਅਮਿਤ ਸ਼ਾਹ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਾਰਟੀ ਆਪਣੀ ਕਾਰਗੁਜ਼ਾਰੀ ਸਦਕਾ 2019 ਦੀਆਂ ਚੋਣਾਂ ਹੀ ਨਹੀਂ ਜਿੱਤੇਗੀ ਸਗੋਂ ਆਉਣ ਵਾਲੇ 50 ਸਾਲਾਂ ਵਿੱਚ ਕੋਈ ਵੀ ਭਾਜਪਾ ਨੂੰ ਸੱਤਾ ’ਚੋਂ ਹਟਾ ਨਹੀਂ ਸਕੇਗਾ।’’
ਸੀਨੀਅਰ ਭਾਜਪਾ ਆਗੂ ਐਲ ਕੇ ਅਡਵਾਨੀ ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਹਿੱਸਾ ਲੈਣ ਬਾਅਦ ਵਾਪਸ ਜਾਂਦੇ ਹੋਏ। -ਫੋਟੋ: ਮਾਨਸ ਰੰਜਨ ਭੁੂਈ
ਸ੍ਰੀ ਜਾਵੜੇਕਰ ਨੇ ਸਿਆਸੀ ਮਤੇ ਵਿੱਚ ਆਰਥਿਕ ਮੁਹਾਜ਼ ’ਤੇ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣ ਗਿਆ ਹੈ ਤੇ ਜੀਐਸਟੀ ਕਾਰਨ ਮਾਲੀਏ ਵਿੱਚ ਬੜੋਤਰੀ ਹੋਈ ਹੈ ਤੇ ਲੋਕਾਂ ਨੂੰ ਸਰਕਾਰ ਤੋਂ ਕੋਈ ਦਿੱਕਤ ਨਹੀਂ ਹੈ। ਉਂਜ ਇਸ ਮਤੇ ਵਿੱਚ ਵਧ ਰਹੀਆਂ ਤੇਲ ਕੀਮਤਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਸੋਮਵਾਰ ਨੂੰ ਵਿਰੋਧੀ ਪਾਰਟੀਆਂ ਵੱਲੋਂ ‘‘ ਭਾਰਤ ਬੰਦ’’ ਦਾ ਸੱਦਾ ਦਿੱਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਤੇਲ ਕੀਮਤਾਂ ’ਤੇ ਸਰਕਾਰ ਸਹੀ ਨੀਤੀ ’ਤੇ ਚੱਲ ਰਹੀ ਹੈ।
ਸੀਐਸਓ ਅੰਕੜਿਆਂ ਨੂੰ ਝੁਠਲਾ ਕੇ ਦਿਖਾਵੇ ਭਾਜਪਾ: ਚਿਦੰਬਰਮ
ਨਵੀਂ ਦਿੱਲੀ - ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਅੱਜ ਭਾਜਪਾ ਨੂੰ ਆਰਥਿਕ ਵਿਕਾਸ ਬਾਰੇ ਇਨ੍ਹਾਂ ਸਰਕਾਰੀ ਅੰਕੜਿਆਂ ਨੂੰ ਝੁਠਲਾ ਕੇ ਦਿਖਾਉਣ ਦੀ ਚੁਣੌਤੀ ਦਿੱਤੀ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਯੂਪੀਏ ਸਰਕਾਰ ਵੇਲੇ 2006-07 ਦੌਰਾਨ ਅਰਥਚਾਰੇ ਦਾ ਵਿਕਾਸ 10.08 ਫ਼ੀਸਦ ਦੀ ਦਰ ਨਾਲ ਹੋਇਆ ਸੀ ਜੋ 1991 ਵਿੱਚ ਸ਼ੁਰੂ ਹੋਏ ਆਰਥਿਕ ਉਦਾਰੀਕਰਨ ਤੋਂ ਬਾਅਦ ਸਭ ਤੋਂ ਉੱਚੀ ਦਰ ਸੀ। ਸਾਬਕਾ ਵਿੱਤ ਮੰਤਰੀ ਚਿਦੰਬਰਮ ਨੇ ਇਹ ਪ੍ਰਤੀਕਿਰਿਆ ਉਦੋਂ ਦਿੱਤੀ ਜਦੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਆਪਣੀ ਪਾਰਟੀ ਦੇ ਆਗੂਆਂ ਨੂੰ ਸਰਕਾਰ ਦੀਆਂ ਆਰਥਿਕ ਨੀਤੀਆਂ ਬਾਰੇ ਤੱਥਾਂ ਤੇ ਅੰਕੜਿਆਂ ਦੇ ਅਧਾਰ ’ਤੇ ਚਿਦੰਬਰਮ ਤੇ ਵਿਰੋਧੀ ਪਾਰਟੀਆਂ ਦੇ ਹੋਰਨਾਂ ਆਗੂਆਂ ਨੂੰ ਖੁੱਲ੍ਹੀ ਬਹਿਸ ਲਈ ਵੰਗਾਰਨ ਦੀ ਅਪੀਲ ਕੀਤੀ ਸੀ। ਕਾਂਗਰਸ ਆਗੂ ਨੇ ਕਿਹਾ ਕਿ ਪਾਰਟੀ ਨੇ ਪਹਿਲਾਂ ਹੀ ਡੇਟਾ ਅਧਾਰਤ ਬਹਿਸ ਸ਼ੁਰੂ ਕਰ ਦਿੱਤੀ ਹੈ ਤੇ ਐਨਡੀਏ-1, ਯੂਪੀਏ-1, ਯੂਪੀਏ-2 ਤੇ ਐਨਡੀਏ-2 ਦੇ ਸ਼ਾਸਨ ਕਾਲ ਦਾ ਵਿਕਾਸ ਬਾਰੇ ਸੀਐਸਓ ਦਾ ਡੇਟਾ ਨਸ਼ਰ ਕਰ ਦਿੱਤਾ ਹੈ। ਚਿਦੰਬਰਮ ਨੇ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ ‘‘ਕੀ ਭਾਜਪਾ ਸੀਐਸਓ ਡੇਟਾ ਮੰਨਦੀ ਹੈ ਜਾਂ ਨਹੀਂ? ਭਾਜਪਾ ਸੀਐਸਓ ਅੰਕੜਿਆਂ ਨੂੰ ਝੁਠਲਾ ਕੇ ਦਿਖਾਵੇ।’’

 

 

fbbg-image

Latest News
Magazine Archive