ਤੇਲ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਭਾਰਤ ਬੰਦ ਅੱਜ


ਨਵੀਂ ਦਿੱਲੀ - ਤੇਲ ਕੀਮਤਾਂ ਵਿੱਚ ਵਾਧੇ ਅਤੇ ਰੁਪਏ ਦੇ ਲਗਾਤਾਰ ਡਿੱਗਣ ਦੇ ਵਿਰੋਧ ਵਿੱਚ ਕਾਂਗਰਸ ਨੇ ਸੋਮਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਕਾਂਗਰਸ ਨੇ ਪਾਰਟੀ ਵਰਕਰਾਂ ਨੂੰ ਬੰਦ ਦੌਰਾਨ ਸ਼ਾਂਤੀ ਕਾਇਮ ਰੱਖਣ ਅਤੇ ਹਿੰਸਕ ਮੁਜ਼ਾਹਰਿਆਂ ਦੀ ਹਮਾਇਤ ਨਾ ਕਰਨ ਦੀ ਅਪੀਲ ਕੀਤੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਚੈਂਬਰ ਆਫ ਕਾਮਰਸ ਅਤੇ ਕਈ ਵਪਾਰਕ ਜਥੇਬੰਦੀਆਂ ਤੋਂ ਇਲਾਵਾ 21 ਵਿਰੋਧੀ ਪਾਰਟੀਆਂ ਭਾਰਤ ਬੰਦ ਦਾ ਸਮਰਥਨ ਕਰ ਰਹੀਆਂ ਹਨ। ਕਾਂਗਰਸ ਮੰਗ ਕਰ ਰਹੀ ਹੈ ਕਿ ਤੇਲ ਕੀਮਤਾਂ ਜੀਐਸਟੀ ਅਧੀਨ ਲਿਆਂਦੀਆਂ ਜਾਂਦੀਆਂ। ਕਾਂਗਰਸ ਦੇ ਬੁਲਾਰੇ ਅਜੈ ਮਾਕਨ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਸਾਰੇ ਪਾਰਟੀ ਵਰਕਰਾਂ ਨੂੰ ਬੰਦ ਨੂੰ ਹਿੰਸਾ ਮੁਕਤ ਰੱਖਣ ਦੀ ਅਪੀਲ ਕੀਤੀ ਹੈ।
ਜਨਤਾ ਦਲ ਐਸ ਅਤੇ ਕਾਂਗਰਸ ਦੀ ਅਗਵਾਈ ਵਾਲੇ ਸੂਬੇ ਕਰਨਾਟਕ ਵਿੱਚ ਬੰਦ ਕਾਰਨ ਜਨਜੀਵਨ ਪ੍ਰਭਾਵਿਤ ਹੋਣ ਦੇ ਆਸਾਰ ਹਨ। ਬੰਦ ਕਾਰਨ ਇਥੇ ਪਬਲਿਕ ਟਰਾਂਸਪੋਰਟ, ਸਿਨਮਾ ਘਰ ਅਤੇ ਮਲਟੀਪਲੈਕਸ ਤੇ ਹੋਰਨਾਂ ਥਾਵਾਂ ਪ੍ਰਭਾਵਿਤ ਹੋਣਗੀਆਂ। ਮੱਧ ਪ੍ਰਦੇਸ਼ ਕਾਂਗਰਸ ਨੇ ਲੋਕਾਂ ਨੂੰ ਭਾਰਤ ਬੰਦ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ ਹੈ। ਜਦੋਂ ਕਿ ਪੰਪ ਮਾਲਕਾਂ ਦੀ ਜਥੇਬੰਦੀ ਨੇ ਸੋਮਵਾਰ ਨੂੰ ਪੰਪ ਖੁੱਲ੍ਹੇ ਰੱਖਣ ਦਾ ਐਲਾਨ ਕੀਤਾ ਹੈ। ਸੀਨੀਅਰ ਕਾਂਗਰਸੀ ਆਗੂ ਨੇ ਅੱਜ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਭਾਰਤ ਬੰਦ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਬਿਹਾਰ ਦੀਆਂ ਵਿਰੋਧੀ ਪਾਰਟੀ ਨੇ ਭਾਰਤ ਬੰਦ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਲਈ ਅੱਜ ਇਕ ਮਤਾ ਪਾਸ ਕੀਤਾ। ਦੂਜੇ ਪਾਸੇ ਮਹਾਰਸ਼ਟਰ ਦੀ ਸ਼ਿਵ ਸੈਨਾ ਅਤੇ ਤਿ੍ਣਮੂਲ ਕਾਂਗਰਸ ਨੇ ਭਾਰਤ ਬੰਦ ਤੋਂ ਵੱਖ ਰਹਿਣ ਦਾ ਫੈਸਲਾ ਕੀਤਾ ਹੈ। ਕਾਂਗਰਸ ਦੀ ਅਪੀਲ ’ਤੇ ਟਿੱਪਣੀ ਕਰਦਿਆਂ ਸੰਜੇ ਰਾਊਤ ਨੇ ਕਿਹਾ ਕਿ ਸੈਨਾ ਬੰਦ ਵਿੱਚ ਹਿੱਸਾ ਨਹੀਂ ਲਏਗੀ। ਸਮਾਜਵਾਦੀ ਪਾਰਟੀ ਉੱਤਰ ਪ੍ਰਦੇਸ਼ ਸੂਬੇ ਵਿੱਚ ਰੋਸ ਪ੍ਰਦਰਸ਼ਨ ਕਰੇਗੀ। ਸੀਨੀਅਰ ਸਪਾ ਆਗੂ ਰਾਜੇਂਦਰ ਚੌਧਰੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੇ ਪਾਰਟੀ ਵਰਕਰਾਂ ਨੂੰ ਸਾਰੇ ਜ਼ਿਲ੍ਹਿਆਂ ਅਤੇ ਤਹਿਸੀਲਾਂ ਵਿੱਚ ਮੁਜ਼ਾਹਰੇ ਕਰਨ ਲਈ ਕਿਹਾ ਹੈ। ਦੂਜੇ ਪਾਸੇ ਵਿਰੋਧੀ ਪਾਰਟੀ ਦੇ ਆਗੂਆਂ ਸ਼ਰਦ ਪਵਾਰ, ਐਮ ਕੇ ਸਟਾਲਿਨ ਅਤੇ ਹੋਰਨਾਂ ਖੱਬੇਪੱਖੀ ਆਗੂਆਂ ਨੇ ਖੁੱਲ੍ਹੇ ਤੌਰ ’ਤੇ ਕਾਂਗਰਸ ਵੱਲੋਂ ਦਿੱਤੇ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਹੈ।

 

 

fbbg-image

Latest News
Magazine Archive