ਪਰਚੇ ਭਰਨ ਦੇ ਆਖਰੀ ਦਿਨ ਕਈ ਥਾਵਾਂ ’ਤੇ ਟਕਰਾਅ, ਕਈ ਜ਼ਖ਼ਮੀ


ਚੰਡੀਗੜ੍ਹ - ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਅੱਜ ਅੰਤਿਮ ਦਿਨ ਕਈ ਥਾਵਾਂ ’ਤੇ ਕਾਂਗਰਸ ਅਤੇ ਅਕਾਲੀ ਦਲ ਦੇ ਵਰਕਰਾਂ ਦਰਮਿਆਨ ਟਕਰਾਅ ਹੋ ਗਿਆ। ਇਨ੍ਹਾਂ ਘਟਨਾਵਾਂ ’ਚ ਦੋ ਦਰਜਨ ਤੋਂ ਵਧ ਵਿਅਕਤੀ ਜ਼ਖ਼ਮੀ ਹੋਏ ਹਨ। ਕਾਂਗਰਸ ਵਰਕਰਾਂ ਨੂੰ ਧਰਮਕੋਟ ’ਚ ਖਦੇੜਨ ਲਈ ਪੁਲੀਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ। ਉਧਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਡੇਰਾ ਬਾਬਾ ਨਾਨਕ ’ਚ ਅਕਾਲੀ ਦਲ ਨੇ ਧਰਨਾ ਦਿੱਤਾ। ਭਿਖੀਵਿੰਡ ’ਚ ਕਾਂਗਰਸ ਵਰਕਰਾਂ ਨੇ ਦੋ ਪੱਤਰਕਾਰਾਂ ਦੇ ਕੈਮਰੇ ਤੋੜ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ। ਤਰਨ ਤਾਰਨ ’ਚ ਦੋ ਥਾਵਾਂ ’ਤੇ ਗੋਲੀਆਂ ਚਲੀਆਂ ਜਿਸ ਕਾਰਨ ਦੋ ਪੁਲੀਸ ਮੁਲਾਜ਼ਮਾਂ ਸਮੇਤ ਛੇ ਦੇ ਕਰੀਬ ਕਾਂਗਰਸੀ ਵੀ ਜ਼ਖ਼ਮੀ ਹੋਏ ਹਨ।
ਮੋਗਾ/ਧਰਮਕੋਟ - ਧਰਮਕੋਟ ਵਿਖੇ ਨਾਮਜ਼ਦਗੀ ਦਾਖ਼ਲ ਕਰਨ ਮੌਕੇ ਐੱਸਡੀਐੱਮ ਦਫ਼ਤਰ ਨਜ਼ਦੀਕ ਕਾਂਗਰਸ ਅਤੇ ਅਕਾਲੀ ਦਲ ਦੇ ਕਾਰਕੁਨਾਂ ’ਚ ਤਿੱਖੀਆਂ ਝੜਪਾਂ ਹੋਈਆਂ। ਇਸ ਦੌਰਾਨ ਪੁਲੀਸ ਨੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਇਸ ਮੌਕੇ ਗੋਲੀ ਲੱਗਣ ਨਾਲ ਕਾਂਗਰਸ ਕਾਰਕੁਨ ਜ਼ਖ਼ਮੀ ਹੋ ਗਿਆ। ਰੋਹ ’ਚ ਆਏ ਕਾਂਗਰਸ ਕਾਰਕੁਨਾਂ ਨੇ ਅਕਾਲੀ ਆਗੂ ਦੀ ਸਕਾਰਪੀਉ ਗੱਡੀ ਦੀ ਭੰਨਤੋੜ ਕਰਨ ਬਾਅਦ ਸੜਕ ’ਤੇ ਧਰਨਾ ਲਗਾ ਦਿੱਤਾ। ਕਾਂਗਰਸ ਕਾਰਕੁਨਾਂ ਵੱਲੋਂ ਪੰਜਾਬ ’ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਲਈ ਅਕਾਲੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਨ ਮਗਰੋਂ ਸਥਿਤੀ ਵਿਗੜ ਗਈ। ਮੌਕੇ ਉੱਤੇ ਪਹੁੰਚੇ ਐੈੱਸਐੱਸਪੀ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਚੋਣਾਂ ’ਚ ਕਿਸੇ ਨੂੰ ਵੀ ਖਲਲ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੁਲੀਸ ਮੁਤਾਬਕ ਮਾਰਕੀਟ ਕਮੇਟੀ, ਕੋਟ ਈਸੇ ਖਾਂ ਦੇ ਸਾਬਕਾ ਚੇਅਰਮੈਨ ਅਕਾਲੀ ਆਗੂ ਸੁਖਵਿੰਦਰ ਸਿੰਘ ਦਾ ਪੁੱਤਰ ਕੁਲਵਿੰਦਰ ਸਿੰਘ ਕਿੰਦਾ ਅਤੇ ਉਨ੍ਹਾਂ ਦੇ ਪਿੰਡ ਦਾ ਹੀ ਕਾਂਗਰਸ ਸਮਰਥਕ ਨੌਜਵਾਨ ਸਿਮਰਨਜੀਤ ਸਿੰਘ ਸਨੀ ਆਪੋ ਆਪੋ ਸਮਰਥਕਾਂ ਨਾਲ ਐੱਸਡੀਐੱਮ ਦਫ਼ਤਰ ਕੋਲ ਅਚਾਨਕ ਇਕੱਠੇ ਹੋ ਗਏ। ਅਕਾਲੀ ਕਾਰਕੁਨ ਵੱਲੋਂ ਚਲਾਈ ਗੋਲੀ ਲੱਗਣ ਨਾਲ ਸਿਮਰਨਜੀਤ ਸਿੰਘ ਸਨੀ ਜ਼ਖ਼ਮੀ ਹੋ ਗਿਆ, ਜਿਸ ਨੂੰ ਮੋਗਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਬਾਅਦ ’ਚ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਦੀ ਅਗਵਾਈ ’ਚ ਕਾਂਗਰਸ ਆਗੂਆਂ ਤੇ ਕਾਰਕੁਨਾਂ ਨੇ ਸੜਕ ’ਚ ਧਰਨਾ ਸ਼ੁਰੂ ਕਰ ਦਿੱਤਾ। ਨਾਮਜ਼ਦਗੀ ਦਾਖ਼ਲ ਕਰਨ ਨੂੰ ਜਦੋਂ 20 ਮਿੰਟ ਬਾਕੀ ਸਨ ਤਾਂ ਪੁਲੀਸ ਨੇ ਕਾਂਗਰਸ ਵਰਕਰਾਂ ਨੂੰ ਖਦੇੜ ਦਿੱਤਾ ਜਿਸ ਮਗਰੋਂ ਅਕਾਲੀ ਦਲ ਦੇ ਉਮੀਦਵਾਰ ਨਾਮਜ਼ਦਗੀ ਪੱਤਰ ਦਾਖ਼ਲ ਕਰ ਸਕੇ।
ਬਟਾਲਾ - ਡੇਰਾ ਬਾਬਾ ਨਾਨਕ ਵਿੱਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ਵਿੱਚ ਪੱਥਰਬਾਜ਼ੀ ਹੋਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਰੰਧਾਵਾ, ਸਮਿਤੀ ਉਮੀਦਵਾਰ ਮਨਜੀਤ ਸਿੰਘ ਖ਼ੁਸ਼ਹਾਲਪੁਰ, ਸੁਖਵਿੰਦਰ ਸਿੰਘ ਅਗਵਾਨ, ਅਮਰੀਕ ਸਿੰਘ ਖਲੀਲਪਰ ਸਮੇਤ ਕੁੱਲ 5 ਜਣੇ ਜ਼ਖ਼ਮੀ ਹੋਏ। ਅਕਾਲੀ ਦਲ ਦੇ ਇੰਦਰਜੀਤ ਸਿੰਘ ਰੰਧਾਵਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਭਰਾ ਹਨ। ਸੂਤਰਾਂ ਮੁਤਾਬਕ ਕਾਂਗਰਸ ਦੇ ਵੀ 3 ਜਣੇ ਜ਼ਖ਼ਮੀ ਹੋਏ ਹਨ। ਘਟਨਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ਨੇ ਚੌਕ ’ਚ ਧਰਨਾ ਲਗਾਇਆ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਡੀਐੱਸਪੀ ਹਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਕਿਸੇ ਧਿਰ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਹੈ ਪਰ ਪੁਲੀਸ ਵੀਡੀਓ ’ਚ ਮੁਲਜ਼ਮਾਂ ਦੀ ਪਛਾਣ ਕਰਨ ’ਚ ਲੱਗੀ ਹੋਈ ਹੈ।
ਤਰਨ ਤਾਰਨ/ਭਿਖਵਿੰਡ - ਐੱਸਡੀਐੱਮ ਦਫ਼ਤਰ ’ਚ ਅਕਾਲੀ ਦਲ ਵੱਲੋਂ ਬਲਾਕ ਸਮਿਤੀ ਚੀਮਾ ਕਲਾਂ ਜ਼ੋਨ ਲਈ ਨਾਮਜ਼ਦਗੀ ਪਰਚੇ ਦਾਖ਼ਲ ਕਰਨ ਲਈ ਗਏ ਉਮੀਦਵਾਰ ਨਿਰਮਲ ਸਿੰਘ ਦੇ ਹਮਾਇਤੀਆਂ ਦੀ ਕਾਂਗਰਸੀਆਂ ਨੇ ਬੇਰਹਿਮੀ ਨਾਲ ਮਾਰ ਕੁੱਟ ਕੀਤੀ| ਇਸ ਦੇ ਨਾਲ ਹੀ ਪੱਟੀ ਵਿਖੇ ਵੀ ਪਰਚੇ ਦਾਖ਼ਲ ਕਰਨ ਮੌਕੇ ਗੋਲੀ ਚੱਲ ਜਾਣ ਨਾਲ ਥਾਣਾ ਮੁਖੀ ਸਮੇਤ ਦੋ ਪੁਲੀਸ ਕਰਮਚਾਰੀਆਂ ਤੋਂ ਇਲਾਵਾ ਪੰਜ-ਛੇ ਕਾਂਗਰਸੀ ਵਰਕਰ ਜ਼ਖ਼ਮੀ ਹੋ ਗਏ| ਤਰਨ ਤਾਰਨ ’ਚ ਮਾਹੌਲ ਉਸ ਵੇਲੇ ਹੋਰ ਵੀ ਦਹਿਸ਼ਤ ਵਾਲਾ ਬਣ ਗਿਆ ਜਦੋਂ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਨੇ ਕਥਿਤ ਰੂਪ ਵਿੱਚ ਕਈ ਗੋਲੀਆਂ ਵੀ ਚਲਾਈਆਂ| ਥਾਣਾ ਸਿਟੀ ਮੁਖੀ ਇੰਸਪੈਕਟਰ ਚੰਦਰ ਭੂਸ਼ਣ ਨੇ ਕਿਹਾ ਕਿ ਉਨ੍ਹਾਂ ਅਜੇ ਤੱਕ ਪਰਚਾ ਨਹੀਂ ਕੱਟਿਆ ਹੈ ਜਿਸ ਲਈ ਕੁਝ ਹੋਰ ਸਮਾਂ ਚਾਹੀਦਾ ਹੈ| ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਇਕ ਉਮੀਦਵਾਰ ਦੇ ਪਰਚੇ ਦਾਖ਼ਲ ਕਰਾਉਣ ਲਈ ਗਏ ਆਗੂ ਜਸਪਾਲ ਸਿੰਘ ਝਬਾਲ ਨੇ ਦੱਸਿਆ ਕਿ ਕਾਂਗਰਸੀਆਂ ਨੇ ਭੁਪਿੰਦਰ ਸਿੰਘ ਖੇੜਾ ਦੀ ਬੇਰਹਿਮੀ ਨਾਲ ਮਾਰ ਕੁੱਟ ਕੀਤੀ ਅਤੇ ਇਸੇ ਦੌਰਾਨ ਕਈ ਅਕਾਲੀ ਵਰਕਰਾਂ ਦੀਆਂ ਪੱਗਾਂ ਉਤਰ ਗਈਆਂ| ਘਟਨਾ ਬਾਅਦ ਮੌਕੇ ’ਤੇ ਆਏ ਸਾਬਕਾ ਅਕਾਲੀ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਹਾਕਮ ਧਿਰ ਦੀ ਗੁੰਡਾਗਰਦੀ ਦਾ ਦੋਸ਼ ਲਾਉਂਦਿਆ ਕਿਹਾ ਕਿ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਰਹਿ ਗਿਆ| ਉਨ੍ਹਾਂ ਇਸ ਖਿਲਾਫ਼ ਤਿੱਖਾ ਅੰਦੋਲਨ ਕਰਨ ਦੀ ਚਿਤਾਵਨੀ ਵੀ ਦਿੱਤੀ| ਇਸ ਦੇ ਉਲਟ ਕਾਂਗਰਸੀ ਆਗੂ ਅਵਨ ਕੁਮਾਰ ਉਰਫ਼ ਸੋਨੂੰ ਚੀਮਾ ਨੇ ਇਸ ਘਟਨਾ ਲਈ ਅਕਾਲੀ ਦਲ ਦੇ ਵਰਕਰਾਂ ਨੂੰ ਕਸੂਰਵਾਰ ਠਹਿਰਾਇਆ। ਪੱਟੀ ਦੀ ਘਟਨਾ ਬਾਰੇ ਡੀਐੱਸਪੀ ਸੋਹਣ ਸਿੰਘ ਨੇ ਦੱਸਿਆ ਕਿ ਕੋਈ 300 ਦੇ ਕਰੀਬ ਅਕਾਲੀ ਦਲ ਦੇ ਵਰਕਰਾਂ ਨੇ ਆਪਣੇ ਉਮੀਦਵਾਰਾਂ ਦੇ ਪਰਚੇ ਦਾਖ਼ਲ ਕਰਨ ਮੌਕੇ ਰਿਟਰਨਿੰਗ ਅਧਿਕਾਰੀ ਦੇ ਦਫ਼ਤਰ ਅੰਦਰ ਜਾਣ ਦੀ ਜ਼ਿੱਦ ਕੀਤੀ ਸੀ| ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿਚ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਕੱਕੜ ਅਤੇ ਇਕ ਹਵਾਲਦਾਰ ਮੁਖਤਿਆਰ ਸਿੰਘ ਤੋਂ ਇਲਾਵਾ ਪੰਜ-ਛੇ ਕਾਂਗਰਸੀ ਵਰਕਰ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋ ਗਏ| ਇਸ ਮੌਕੇ ਪੱਤਰਕਾਰਾਂ ਦੇ ਕੈਮਰੇ ਵੀ ਭੰਨ ਦਿੱਤੇ ਗਏ ਤੇ ਪੱਤਰਕਾਰਾਂ ਦੀ ਕੁੱਟਮਾਰ ਵੀ ਕੀਤੀ ਗਈ, ਜਿਸ ਕਾਰਨ ਦੋ ਪੱਤਰਕਾਰ ਜ਼ਖ਼ਮੀ ਹੋਏ ਹਨ। ਪੱਤਰਕਾਰਾਂ ਵੱਲੋਂ ਐੱਸਡੀਐੱਮ ਦਫ਼ਤਰ ਦੇ ਬਾਹਰ ਕਾਂਗਰਸ ਖ਼ਿਲਾਫ਼ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮਗਰੋਂ ਪੁਲੀਸ ਨੇ 25 ਦੇ ਕਰੀਬ ਕਾਂਗਰਸੀਆਂ ਖਿਲਾਫ਼ ਦਫ਼ਾ 295-ਏ, 379-ਬੀ, 506, 323, 148, 149 ਅਧੀਨ ਇਕ ਮਾਮਲਾ ਦਰਜ ਕੀਤਾ ਹੈ| ਮੁਲਜ਼ਮਾਂ ਵਿੱਚੋਂ ਕਾਂਗਰਸ ਪਾਰਟੀ ਦੀ ਸ਼ਹਿਰੀ ਇਕਾਈ ਦੇ ਪ੍ਰਧਾਨ ਦਲਬੀਰ ਸੇਖੋਂ ਅਤੇ ਜੋਤੀ ਸੇਖੋਂ ਦੀ ਪਛਾਣ ਕਰ ਲਈ ਗਈ ਹੈ। ਪੀੜਤ ਪੱਤਰਕਾਰਾਂ ਅਵਤਾਰ ਸਿੰਘ ਢਿੱਲੋਂ ਅਤੇ ਇਕਬਾਲ ਸਿੰਘ ਜੌਲੀ ਨੇ ਦੱਸਿਆ ਕਿ ਹਮਲਾਵਰਾਂ ਨੇ ਉਨ੍ਹਾਂ ਕੋਲੋਂ ਵੀਡੀਓ ਕੈਮਰਾ ਖੋਹ ਲਿਆ ਅਤੇ ਉਨ੍ਹਾਂ ਦੀ ਦਸਤਾਰ ਤੇ ਕੇਸਾਂ ਦੀ ਬੇਅਦਬੀ ਕੀਤੀ|
ਸ੍ਰੀ ਗੋਇੰਦਵਾਲ ਸਾਹਿਬ - ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਤਰਨ ਤਾਰਨ ਦੇ ਪ੍ਰਧਾਨ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਨੇ ਕਿਹਾ ਕਿ ਹਲਕਾ ਪੱਟੀ ਵਿੱਚ ਨਾਮਜ਼ਦਗੀਆ ਭਰਨ ਸਮੇਂ ਕਾਗਰਸੀਆਂ ਨੇ ਧੱਕੇਸਾਹੀ ਕਰਦਿਆਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਹੈ। ਉਹਨਾਂ ਕਿਹਾ ਕਿ ਪਾਰਟੀ ਉਮੀਦਵਾਰ ਜੈਮਲ ਸਿੰਘ ਅਤੇ ਡਾਕਟਰ ਜਰਨੈਲ ਸਿੰਘ ਨਾਮਜ਼ਦਗੀ ਕਰਵਾਉਣ ਲਈ ਗਏ ਤਾਂ ਉਹਨਾਂ ਕੋਲੋਂ ਕਾਗਰਸੀ ਕਾਰਕੁਨਾਂ ਨੇ ਫਾਈਲ ਫੜ ਕੇ ਪਾੜ ਦਿੱਤੀ।
ਡੇਰਾ ਬਾਬਾ ਨਾਨਕ ’ਚ ਕਿਸੇ ਕਾਂਗਰਸੀ ਵਰਕਰ ਨੇ ਵਧੀਕੀ ਨਹੀਂ ਕੀਤੀ: ਰੰਧਾਵਾ
ਬਟਾਲਾ - ਡੇਰਾ ਬਾਬਾ ਨਾਨਕ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਡੇਰਾ ਬਾਬਾ ਨਾਨਕ ’ਚ ਵਾਪਰੀ ਘਟਨਾ ਸਬੰਧੀ ਕਿਹਾ ਕਿ ਉਥੇ ਕਿਸੇ ਕਾਂਗਰਸੀ ਵਰਕਰ ਨੇ ਕੋਈ ਵਧੀਕੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸਲ ’ਚ ਅਕਾਲੀ ਦਲ ਨੂੰ ਦਹਾਕਾ ਭਰ ਦੀਆਂ ਗੁੰਡਾਗਰਦੀ ਕਰਨ ਦੀਆਂ ਆਦਤਾਂ ਪਈਆਂ ਹਨ ਪਰ ਹੁਣ ਕਾਂਗਰਸ ਦੇ ਰਾਜ ’ਚ ਇਹ ਸਭ ਛੱਡਣੀਆਂ ਪੈਣਗੀਆਂ। ਉਨ੍ਹਾਂ ਦੱਸਿਆ ਕਿ ਕਲਾਨੌਰ ’ਚ ਕਾਂਗਰਸ ਦੇ 16 ਬਲਾਕ ਸਮਿਤੀ ਉਮੀਦਵਾਰਾਂ ਵਿਰੁੱਧ ਅਕਾਲੀ ਦਲ ਤੋਂ ਕਿਸੇ ਨੇ ਕਾਗਜ਼ ਨਹੀਂ ਭਰੇ। ਇਸੇ ਤਰ੍ਹਾਂ ਧਾਰੀਵਾਲ ਬਲਾਕ ’ਚ 6 ਉਮੀਦਵਾਰਾਂ ਦੇ ਮੁਕਾਬਲੇ ਸਿਰਫ਼ ਇੱਕ ਗੱਜੂਗਾਜ਼ੀ ਜ਼ੋਨ ਤੋਂ ਕਿਸੇ ਅਕਾਲੀ ਨੇ ਕਾਗਜ਼ ਜ਼ਰੂਰ ਭਰੇ ਹਨ। ਸ੍ਰੀ ਰੰਧਾਵਾ ਨੇ ਦੱਸਿਆ ਕਿ ਹਲਕਾ ਡੇਰਾ ਬਾਬਾ ਨਾਨਕ ’ਚ 5 ਜ਼ਿਲ੍ਹਾ ਪਰਿਸ਼ਦ ਸੀਟਾਂ ਲਈ ਗੁਰਦਾਸਪੁਰ ’ਚ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਉਣੇ ਸਨ ਪਰ ਪਰ ਅਕਾਲੀ ਦਲ ਦੇ ਕਿਸੇ ਵੀ ਉਮੀਦਵਾਰ ਨੇ ਉਥੇ ਜਾ ਕੇ ਨਾਮਜ਼ਦਗੀ ਨਹੀਂ ਭਰੀ। ਉਨ੍ਹਾਂ ਕਿਹਾ ਕਿ ਸ਼ਾਂਤਮਈ ਮਾਹੌਲ ਨੂੰ ਖ਼ਰਾਬ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਆਪਣੇ ਹਿਸਾਬ ਨਾਲ ਕਾਰਵਾਈ ਕਰੇਗਾ।
ਨਾਮਜ਼ਦਗੀਆਂ ਦੀ ਤਰੀਕ ਵਧਾਉਣ ਦੀ ਮੰਗ
ਧਰਮਕੋਟ ਵਿੱਚ ਭੰਨੀ ਅਕਾਲੀ ਆਗੂ ਦੀ ਸਕਾਰਪੀਓ ਗੱਡੀ।
ਚੰਡੀਗੜ੍ਹ - ਪੰਜਾਬ ਵਿੱਚ 22 ਜ਼ਿਲ੍ਹਾ ਪਰਿਸ਼ਦਾਂ ਅਤੇ 150 ਪੰਚਾਇਤ ਸਮਿਤੀਆਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਅੱਜ ਆਖ਼ਰੀ ਦਿਨ ਰੌਲੇ-ਰੱਪੇ ਵਾਲਾ ਮਾਹੌਲ ਰਿਹਾ। ਕਾਂਗਰਸ ਪਾਰਟੀ ਵੱਲੋਂ ਉਮੀਦਵਾਰਾਂ ਨੂੰ ਅੱਜ ਸਵੇਰੇ ਹੀ ਚੋਣ ਨਿਸ਼ਾਨ ਜਾਰੀ ਕੀਤੇ ਗਏ। ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ ਵੱਖ-ਵੱਖ ਥਾਵਾਂ ’ਤੇ ਹਿੰਸਾ ਹੋਣ ਕਰਕੇ ਉਨ੍ਹਾਂ ਦੇ ਕਈ ਉਮੀਦਵਾਰ ਕਾਗਜ਼ ਦਾਖ਼ਲ ਨਹੀਂ ਕਰ ਸਕੇ। ਪਾਰਟੀ ਨੇ ਨਾਮਜ਼ਦਗੀਆਂ ਦੀ ਤਰੀਕ ਵਧਾਉਣ ਦੀ ਮੰਗ ਕੀਤੀ ਹੈ। ਜ਼ਿਲ੍ਹਾ ਪਰਿਸ਼ਦ ਲਈ ਅੱਜ 1392 ਤੇ ਪੰਚਾਇਤ ਸਮਿਤੀਆਂ ਲਈ ਕਈ ਉਮੀਦਵਾਰਾਂ ਨੇ ਕਾਗਜ਼ ਦਾਖ਼ਲ ਕੀਤੇ। ਕਾਂਗਰਸ ਵਿੱਚ ਟਿਕਟਾਂ ਦੇਣ ਦੇ ਮਾਮਲੇ ਨੂੰ ਲੈ ਕੇ ਮੁਹਾਲੀ, ਰੋਪੜ, ਜਲੰਧਰ, ਲੁਧਿਆਣਾ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਤਿੱਖੇ ਮਤਭੇਦ ਸਾਹਮਣੇ ਆਏ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕਾਂਗਰਸ ਦੇ ਜਨਰਲ ਸਕੱਤਰ ਸੰਦੀਪ ਸਿੰਘ ਸੰਧੂ ਨੇ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦਾ ਯਤਨ ਕੀਤਾ। ਸ੍ਰੀ ਜਾਖੜ ਨੇ ਕਿਹਾ ਕਿ ਨੌਜਵਾਨਾਂ ਨੂੰ ਵੀ ਮੌਕਾ ਦਿੱਤਾ ਗਿਆ ਹੈ ਤੇ ਜਿਹੜੇ ਕਾਂਗਰਸੀਆਂ ਨੇ ਅਕਾਲੀ ਰਾਜ ਵੇਲੇ ਚੋਣਾਂ ਲੜੀਆਂ ਸਨ, ਉਨ੍ਹਾਂ ਨੂੰ ਟਿਕਟਾਂ ਦੇਣ ਵੇਲੇ ਤਰਜੀਹ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਸੂਬਾਈ ਚੋਣ ਕਮਿਸ਼ਨਰ ਜਗਦੀਪ ਸਿੰਘ ਸੰਧੂ ਨੂੰ ਸ਼ਿਕਾਇਤ ਕੀਤੀ ਹੈ ਕਿ ਜ਼ੀਰਾ, ਮੱਖੂ, ਗੁਰੂ ਹਰਸਹਾਏ, ਪੱਟੀ ਵਿੱਚ ਅਕਾਲੀ ਉਮੀਦਵਾਰਾਂ ਨੂੰ ਕਾਗਜ਼ ਦਾਖ਼ਲ ਨਹੀਂ ਦਿੱਤੇ ਗਏ। ਪਰਿਸ਼ਦਾਂ ਤੇ ਸਮਿਤੀਆਂ ਲਈ ਵੋਟਾਂ 19 ਸਤੰਬਰ ਨੂੰ ਪੈਣਗੀਆਂ ਅਤੇ ਨਤੀਜਾ 22 ਸਤੰਬਰ ਨੂੰ ਐਲਾਨਿਆ ਜਾਵੇਗਾ। ਪੰਜਾਬ ਸਰਕਾਰ ਨੇ 19 ਸਤੰਬਰ ਨੂੰ ਚੋਣਾਂ ਵਾਲੇ ਦਿਨ ਛੁੱਟੀ ਦਾ ਐਲਾਨ ਕੀਤਾ ਹੈ।

 

 

fbbg-image

Latest News
Magazine Archive