ਕੋਲਕਾਤਾ ਪੁਲ ਹਾਦਸਾ: ਦੋ ਲਾਪਤਾ ਵਿਅਕਤੀਆਂ

ਨੂੰ ਲੱਭਣ ਲਈ ਮੁਹਿੰਮ ਜਾਰੀ


ਕੋਲਕਾਤਾ - ਕੋਲਕਾਤਾ ਦੇ ਦੱਖਣੀ ਡਾਇਮੰਡ ਹਾਰਬਰ ਰੋਡ ’ਤੇ 50 ਸਾਲ ਪੁਰਾਣੇ ਮਾਜੇਰਹਾਟ ਪੁਲ ਦਾ ਹਿੱਸਾ ਮੰਗਲਵਾਰ ਸ਼ਾਮ ਨੂੰ ਢਹਿ ਜਾਣ ਤੋਂ ਬਾਅਦ ਲਾਪਤਾ ਹੋਏ ਦੋ ਵਿਅਕਤੀਆਂ ਦਾ ਪਤਾ ਲਗਾਉਣ ਲਈ ਮੁਹਿੰਮ ਜਾਰੀ ਹੈ ਕਿਉਂਕਿ ਹੋ ਸਕਦਾ ਹੈ ਕਿ ਇਹ ਦੋਵੇਂ ਹੁਣ ਵੀ ਮਲਬੇ ਹੇਠ ਫਸੇ ਹੋਣ। ਪੁਲ ਦਾ ਇਕ ਹਿੱਸਾ ਮੰਗਲਵਾਰ ਸ਼ਾਮ ਨੂੰ ਢਹਿ ਜਾਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਜਦ ਕਿ ਕਈ ਲੋਕ ਗੰਭੀਰ ਜ਼ਖ਼ਮੀ ਹੋਏ ਸਨ। ਕਈ ਵਾਹਨ ਵੀ ਨੁਕਸਾਨੇ ਗਏ ਸਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਗਰਜੀ ਦਾਰਜੀਲਿੰਗ ਵਿੱਚ ਹਨ। ਉਨ੍ਹਾਂ ਕਿਹਾ ਕਿ ਲਾਪਤਾ ਲੋਕਾਂ ਦੀ ਭਾਲ ਲਈ ਮੁਹਿੰਮ ਜਾਰੀ ਹੈ ਅਤੇ ਉਹ ਦਾਰਜੀਲਿੰਗ ਤੋਂ ਵੀ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਅਤੇ ਪ੍ਰਸ਼ਾਸਨ ਨੇ ਬਚਾਅ ਕਾਰਜਾਂ ਨੂੰ ਵਧੀਆ ਢੰਗ ਨਾਲ ਅੰਜਾਮ ਦਿੱਤਾ। ਰਾਹਤ ਟੀਮ ਦੇ ਇਕ ਅਧਿਕਾਰੀ ਨੇ ਦੱਸਿਆ, ‘‘ਪੁਲ ਦੇ ਮਲਬੇ ਹੇਠ ਹੁਣ ਵੀ ਕੁਝ ਲੋਕ ਫਸੇ ਹੋਏ ਹੋ ਸਕਦੇ ਹਨ। ਅਸੀਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੀਮਿੰਟ ਦੀਆਂ ਸਲੈਬਾਂ ਨੂੰ ਕੱਟਣ ਲਈ ਕਟਰਾਂ ਅਤੇ ਡਰਿਲ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।’’ ਪੂਰਬੀ ਰੇਲਵੇ ਦੇ ਬੁਲਾਰੇ ਆਰ ਐਨ ਮਹਾਪਾਤਰਾ ਨੇ ਦੱਸਿਆ ਕਿ ਮਾਜੇਰਹਾਟ ਪੁਲ ਦੇ ਹੇਠਾਂ ਰੇਲ ਗੱਡੀਆਂ ਦੀ ਆਵਾਜਾਈ ਸੁਚਾਰੂ ਹੋ ਰਹੀ ਹੈ।
ਪੁਲਾਂ ਦੀ ਸਥਿਤੀ ’ਤੇ ਰਿਪੋਰਟ ਤਲਬ ਕਰਨ ਦੀ ਮੰਗ
ਕੋਲਕਾਤਾ - ਕਲਕੱਤਾ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਬੈਂਚ ਅੱਗੇ ਬੁੱਧਵਾਰ ਨੂੰ ਮਾਜੇਰਹਾਟ ਪੁਲ ਦਾ ਇਕ ਹਿੱਸਾ ਡਿੱਗਣ ਦਾ ਵਰਨਣ ਕਰਦਿਆਂ ਇਕ ਸਰਕਾਰੀ ਵਕੀਲ ਨੇ ਰਾਜ ਦੇ ਸਾਰੇ ਪੁਲਾਂ ਦੀ ਸਥਿਤੀ ’ਤੇ ਪੱਛਮੀ ਬੰਗਾਲ ਸਰਕਾਰ ਤੋਂ ਰਿਪੋਰਟ ਤਲਬ ਕਰਨ ਦੀ ਮੰਗ ਕੀਤੀ ਹੈ। ਵਕੀਲ ਰਵੀ ਸ਼ੰਕਰ ਚੈਟਰਜੀ ਨੇ ਅਦਾਲਤ ਅੱਗੇ ਪੁਲ ਡਿੱਗਣ ਦੇ ਮਾਮਲੇ ਨੂੰ ਰੱਖਿਆ ਅਤੇ ਇਸ ਮੁੱਦੇ ’ਤੇ ਸਖ਼ਤ ਨੋਟਿਸ ਲੈਣ ਦੀ ਬੇਨਤੀ ਕੀਤੀ। ਅਦਾਲਤ ਨੇ ਚੈਟਰਜੀ ਨੂੰ ਇਸ ਮਾਮਲੇ ’ਤੇ ਅਪੀਲ ਦਾਇਰ ਕਰਨ ਲਈ ਕਿਹਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੈਟਰਜੀ ਨੇ ਕਿਹਾ ਕਿ ਉਹ ਛੇਤੀ ਹੀ ਅਦਾਲਤ ਵਿੱਚ ਇਸ ਸਬੰਧੀ ਅਪੀਲ ਦਾਇਰ ਕਰਨਗੇ।

 

 

fbbg-image

Latest News
Magazine Archive