ਮਾਓਵਾਦੀਆਂ ਨਾਲ ਸਬੰਧਾਂ ਕਰਕੇ ਹੋਈ ਗ੍ਰਿਫ਼ਤਾਰੀ


ਨਵੀਂ ਦਿੱਲੀ - ਮਹਾਰਾਸ਼ਟਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਵਿੱਚ ਕਿਹਾ ਕਿ ਮਨੁੱਖੀ ਹੱਕਾਂ ਬਾਰੇ ਪੰਜ ਕਾਰਕੁਨਾਂ ਨੂੰ ਸਰਕਾਰ ਵਿਰੋਧੀ ਬਗ਼ਾਵਤੀ ਸੁਰ ਕਰਕੇ ਨਹੀਂ ਬਲਕਿ ਪਾਬੰਦੀਸ਼ੁਦਾ ਮਾਓਵਾਦੀਆਂ ਨਾਲ ਸਬੰਧਾਂ ਦੇ ਚਲਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਬਾਰੇ ਪੁਲੀਸ ਕੋਲ ਪੁਖਤਾ ਸਬੂਤ ਹਨ। ਰਾਜ ਸਰਕਾਰ ਨੇ ਆਪਣਾ ਇਹ ਪੱਖ ਅਜਿਹੇ ਸਮੇਂ ਰੱਖਿਆ ਹੈ ਜਦੋਂ ਸਿਖਰਲੀ ਅਦਾਲਤ ਨੇ ਬੀਤੇ ਦਿਨ ‘ਜਮਹੂਰੀਅਤ ਵਿੱਚ ਵਿਰੋਧ ਨੂੰ ਸੇਫ਼ਟੀ ਵਾਲਵ ਦਸਦਿਆਂ ਪੰਜਾਂ ਕਾਰਕੁਨਾਂ ਨੂੰ ਘਰ ਵਿੱਚ ਨਜ਼ਰਬੰਦ ਕੀਤੇ ਜਾਣ ਦੇ ਹੁਕਮ ਕੀਤੇ ਸਨ।
ਮਹਾਰਾਸ਼ਟਰ ਪੁਲੀਸ ਨੇ ਇਤਿਹਾਸਕਾਰ ਰੋਮਿਲਾ ਥਾਪਰ ਤੇ ਚਾਰ ਹੋਰਨਾਂ ਵੱਲੋਂ ਕੋਰੇਗਾਓਂ-ਭੀਮਾ ਹਿੰਸਾ ਮਾਮਲੇ ਵਿੱਚ ਪੰਜਾਂ ਕਾਰਕੁਨਾਂ ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੰਦੀ ਪਟੀਸ਼ਨ ਦੇ ਜਵਾਬ ਦਾਅਵੇ ਵਜੋਂ ਅੱਜ ਸੁਪਰੀਮ ਕੋਰਟ ’ਚ ਹਲਫ਼ਨਾਮਾ ਦਾਇਰ ਕੀਤਾ ਸੀ। ਪੁਲੀਸ ਨੇ ਦਾਅਵਾ ਕੀਤਾ ਕਿ ਪੰਜੇ ਕਾਰਕੁਨ ਮੁਲਕ ਵਿੱਚ ਹਿੰਸਕ ਕਾਰਵਾਈਆਂ ਲਈ ਯੋਜਨਾ ਘੜ ਰਹੇ ਸਨ ਤੇ ਉਨ੍ਹਾਂ ਦਾ ਸਲਾਮਤੀ ਦਸਤਿਆਂ ਨੂੰ ਘੇਰਨ ਦਾ ਇਰਾਦਾ ਸੀ। ਪੁਲੀਸ ਨੇ ਕਿਹਾ ਕਿ ਉਨ੍ਹਾਂ ਕੋਲ ਕਾਰਕੁਨਾਂ ਦੇ ਮਾਓਵਾਦੀਆਂ ਨਾਲ ਸਬੰਧਾਂ ਬਾਰੇ ਕਾਫ਼ੀ ਸਬੂਤ ਹਨ ਤੇ ਇਨ੍ਹਾਂ ਨੂੰ ਬਗ਼ਾਵਤੀ ਸੁਰਾਂ ਕਰਕੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਤੇਲਗੂ ਕਵੀ ਵਰਵਰਾ ਰਾਓ ਨੂੰ ਹੈਦਰਾਬਾਦ, ਕਾਰਕੁਨ ਵਰਨੋਨ ਗੌਂਜ਼ਾਲਵਿਸ ਤੇ ਅਰੁਣ ਫ਼ਰੇਰਾ ਨੂੰ ਮੁੰਬਈ, ਟਰੇਡ ਯੂਨੀਅਨ ਕਾਰਕੁਨ ਸੁਧਾ ਭਾਰਦਵਾਜ ਨੂੰ ਫਰੀਦਾਬਾਦ ਅਤੇ ਨਾਗਰਿਕ ਆਜ਼ਾਦੀ ਦੀ ਬਾਤ ਪਾਉਂਦੇ ਕਾਰਕੁਨ ਗੌਤਮ ਨਵਲੱਖਾ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮਹਾਰਾਸ਼ਟਰ ਪੁਲੀਸ ਨੇ ਹਲਫ਼ਨਾਮੇ ਵਿੱਚ ਕਿਹਾ ਹੈ ਕਿ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਮਾਰੇ ਗਏ ਛਾਪੇ 31 ਦਸੰਬਰ ਨੂੰ ਹੋਈ ਐਲਗਰ ਪਰਿਸ਼ਦ ਦੇ ਸਬੰਧ ਵਿੱਚ ਸਨ ਕਿਉਂਕਿ ਇਸ ਮੀਟਿੰਗ ਤੋਂ ਅਗਲੇ ਦਿਨ ਭਾਵ ਪਹਿਲੀ ਜਨਵਰੀ ਨੂੰ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਕੋਰੇਗਾਓਂ-ਭੀਮਾ ਪਿੰਡ ਵਿੱਚ ਹਿੰਸਾ ਭੜਕੀ ਸੀ। ਮਹਾਰਾਸ਼ਟਰ ਪੁਲੀਸ ਨੇ ਗ੍ਰਿਫ਼ਤਾਰ ਕਾਰਕੁਨਾਂ ਤੋਂ ਪੁਛਗਿੱਛ ਲਈ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਦੀ ਬੇਨਤੀ ਦੇ ਨਾਲ ਹੀ ਸਵਾਲ ਕੀਤਾ ਹੈ ਕਿ ਪਟੀਸ਼ਨਕਰਤਾ ਰੋਮਿਲਾ ਥਾਪਰ, ਅਰਥਸ਼ਾਸਤਰੀ ਪ੍ਰਭਾਤ ਪਟਨਾਇਕ ਤੇ ਦੇਵਿਕਾ ਜੈਨ, ਸਮਾਜ ਸ਼ਾਸਤਰੀ ਸਤੀਸ਼ ਦੇਸ਼ਪਾਂਡੇ ਅਤੇ ਕਾਨੂੰਨ ਮਾਹਿਰ ਮਾਜਾ ਦਾਰੂਵਾਲਾ ਨੇ ਕਿਸ ਹੈਸੀਅਤ ਨਾਲ ਪਟੀਸ਼ਨ ਦਾਇਰ ਕੀਤੀ ਕਿਉਂਕਿ ਉਹ ਮਾਮਲੇ ਦੀ ਜਾਂਚ ਤੋਂ ਅਣਜਾਣ ਹਨ। ਹਲਫਨਾਮੇ ਵਿੱਚ ਕਿਹਾ ਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਕਾਰਕੁਨ ਅਪਰਾਧਿਕ ਸਾਜ਼ਿਸ਼ ਦਾ ਹਿੱਸਾ ਸਨ ਤੇ ਉਹ ਪਾਬੰਦੀਸ਼ੁਦਾ ਸੀਪੀਆਈ (ਮਾਓਵਾਦੀ) ਦੇ ਸਰਗਰਮ ਮੈਂਬਰ ਹਨ, ਜਿਨ੍ਹਾਂ ਐਲਗਰ ਪਰਿਸ਼ਦ ਦੇ ਬੈਨਰ ਹੇਠ 31 ਦਸੰਬਰ ਨੂੰ ਜਨਤਕ ਮੀਟਿੰਗ ਕੀਤੀ। ਹਲਫ਼ਨਾਮੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਰਾਜ ਹਰ ਨਾਗਰਿਕ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਵਚਨਬੱਧ ਹੈ ਤੇ ਅਸਹਿਮਤੀ ਵਾਲੇ ਨਜ਼ਰੀਏ ਜਾਂ ਵਿਚਾਰਾਂ ਦੇ ਵਖਰੇਵੇਂ ’ਤੇ ਪਾਬੰਦੀ ਨਹੀਂ ਲਾਈ ਜਾ ਸਕਦੀ ਅਤੇ ਹਰ ਮੁਲਕ ਵਿੱਚ ਇਸ ਦਾ ਸਵਾਗਤ ਹੋਣਾ ਚਾਹੀਦਾ ਹੈ। ਮਹਾਰਾਸ਼ਟਰ ਪੁਲੀਸ ਨੇ ਸਾਫ਼ ਕਰ ਦਿੱਤਾ ਕਿ ਪੰਜਾਂ ਮੁਲਜ਼ਮਾਂ, ਜਿਨ੍ਹਾਂ ਦੇ ਹਿੱਤਾਂ ਖਾਤਿਰ ਮੌਜੂਦਾ ਪਟੀਸ਼ਨ ਪਾਈ ਗਈ ਹੈ, ਨੂੰ ਕਿਸੇ ਸਿਆਸੀ ਜਾਂ ਵਿਚਾਰਾਂ ਦੀ ਅਸਹਿਮਤੀ ਦੇ ਅਧਾਰ ’ਤੇ ਨਹੀਂ ਬਲਕਿ ਉਨ੍ਹਾਂ ਨੂੰ ਮਾਓਵਾਦੀਆਂ ਨਾਲ ਸਬੰਧਾਂ ਦੇ ਪੁਖਤਾ ਸਬੂਤ ਮਿਲਣ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸਬੂਤਾ ਤੋਂ ਪਤਾ ਲੱਗਾ ਹੈ ਕਿ ਉਹ ਪਾਬੰਦੀਸ਼ੁਦਾ ਸੀਪੀਆਈ (ਐਮ) ਦੇ ਸਰਗਰਮ ਮੈਂਬਰ ਸਨ ਤੇ ਉਹ ਨਾ ਸਿਰਫ਼ ਹਿੰਸਾ ਦੀ ਯੋਜਨਾ ਘੜਨ ਵਿੱਚ ਸ਼ਾਮਲ ਸਨ ਬਲਕਿ ਉਹ 2009 ਤੋਂ ਪਾਬੰਦੀਸ਼ੁਦਾ ਜਥੇਬੰਦੀ ਦੇ ਏਜੰਡੇ ਮੁਤਾਬਕ ਸਮਾਜ ਵਿਚ ਵੱਡੇ ਪੱਧਰ ’ਤੇ ਹਿੰਸਾ, ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੇ ਗੜਬੜੀ ਕਰਨ ਦੇ ਅਮਲ ਦਾ ਹਿੱਸਾ ਸਨ। ਪੁਲੀਸ ਨੇ ਸਿਖਰਲੀ ਅਦਾਲਤ ਨੂੰ ਕਿਹਾ ਕਿ ਪੰਜਾਂ ਨੂੰ ਪਹਿਲੀ ਵਾਰ ਮੁਲਜ਼ਮ ਵਜੋਂ ਨਹੀਂ ਪੇਸ਼ ਕੀਤਾ ਗਿਆ ਬਲਕਿ ਕੁਝ ਦਾ ਪਹਿਲਾਂ ਵੀ ‘ਅਪਰਾਧਿਕ ਰਿਕਾਰਡ’ ਰਿਹਾ ਅਤੇ ਉਹ ਜੇਲ੍ਹ ਵੀ ਗਏ ਹਨ। ਹਲਫ਼ਨਾਮੇ ਮੁਤਾਬਕ ਕਾਰਕੁਨਾਂ ਦਾ ਖੁਰਾ ਖੋਜ ਲੱਭਣ ਲਈ ਜੂਨ ਮਹੀਨੇ ਵਿੱਚ ਰੋਨਾ ਵਿਲਸਨ, ਸੁਰਿੰਦਰ ਗਾਡਗਿਲ, ਸੁਧੀਰ ਧਵਲੇ ਤੇ ਕੁਝ ਹੋਰਨਾਂ ਦੀ ਵੀਡੀਓਗ੍ਰਾਫ਼ੀ ਵੀ ਕੀਤੀ ਗਈ ਸੀ। ਮੁਲਜ਼ਮਾਂ ਦੇ ਕੰਪਿਊਟਰ/ ਲੈਪਟਾਪਸ/ ਮੈਮਰੀ ਕਾਰਡ ’ਚੋਂ ਗੈਰਕਾਨੂੰਨੀ ਸਮੱਗਰੀ ਵੀ ਮਿਲੀ ਹੈ, ਜਿਸ ਤੋਂ ਉਨ੍ਹਾਂ ਦੇ ਮਾਓਵਾਦੀਆਂ ਨਾਲ ਸਬੰਧਾਂ ਦੀ ਪੁਸ਼ਟੀ ਹੁੰਦੀ ਹੈ।
ਗੌਰੀ ਲੰਕੇਸ਼ ਹੱਤਿਆ ਮਾਮਲੇ ਦੀ ਜਾਂਚ ਆਖ਼ਰੀ ਪੜਾਅ ’ਤੇ: ਐਸਆਈਟੀ
ਬੰਗਲੁਰੂ - ਪੱਤਰਕਾਰ ਗੌਰੀ ਲੰਕੇਸ਼ ਹੱਤਿਆ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਸੀਨੀਅਰ ਅਫ਼ਸਰ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਮਾਮਲੇ ਦੀ ਜਾਂਚ ਆਖ਼ਰੀ ਪੜਾਅ ’ਤੇ ਪਹੁੰਚ ਗਈ ਹੈ ਅਤੇ ਦੋ ਮਹੀਨਿਆਂ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਜਾਵੇਗੀ। ਇਸ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਜਿਸ ਦੀ ਅਗਵਾਈ ਪੁਲੀਸ ਦੇ ਐਡੀਸ਼ਨਲ ਕਮਿਸ਼ਨਰ ਬੀਕੇ ਸਿੰਘ ਕਰ ਰਹੇ ਹਨ, ਨੇ ਹੁਣ ਤਕ ਇਸ ਮਾਮਲੇ ਵਿੱਚ 12 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ। ਕੱਟੜ ਹਿੰਦੂ ਵਿਰੋਧੀ ਰੁਖ਼ ਲਈ ਮੰਨੀ ਜਾਂਦੀ ਲੰਕੇਸ਼ ਦੀ ਪਿਛਲੇ ਸਾਲ 5 ਸਤੰਬਰ ਨੂੰ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਗਿ੍ਫ਼ਤਾਰ ਕੀਤੇ ਗਏ ਕੁਝ ਵਿਅਕਤੀ ਕਥਿਤ ਸਨਾਤਨ ਸੰਸਥਾ ਅਤੇ ਇਸ ਨਾਲ ਜੁੜੀਆਂ ਹਿੰਦੁੂ ਜਨਜਾਗ੍ਰਤੀ ਸਮਿਤੀ ਨਾਲ ਸਬੰਧਤ ਹਨ। ਜਾਂਚ ਅਧਿਕਾਰੀ ਐਮ ਐਨ ਅਨੁਚੇਥ ਨੇ ਕਿਹਾ, ‘‘ਮਾਮਲੇ ਦੀ ਜਾਂਚ ਆਖ਼ਰੀ ਪੜਾਅ ’ਤੇ ਹੈ ਅਤੇ ਅਸੀਂ ਦੋ ਮਹੀਨੇ ਵਿੱਚ ਚਾਰਜਸ਼ੀਟ ਦਾਖ਼ਲ ਕਰਨ ਜਾ ਰਹੇ ਹਾਂ।’’ ਐਸਆਈਟੀ ਨੂੰ ਮਾਮਲੇ ਦੀ ਜਾਂਚ ਵਿੱਚ ਉਸ ਵੇਲੇ ਸਫ਼ਲਤਾ ਮਿਲੀ ਸੀ ਜਦ ਗੁਜਰਾਤ ਦੀ ਇਕ ਫੋਰੈਂਸਿਕ ਲੈਬਾਰਟਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਪਰਸ਼ੁੂਰਾਮ ਵਾਘਮਾਰੇ ਨੇ ਲੰਕੇਸ਼ ਨੂੰ ਗੋਲੀ ਮਾਰੀ ਸੀ। ਤਤਕਾਲੀ ਮੁੱਖ ਮੰਤਰੀ ਸਿਧਾਰਮਈਆ ਵੱਲੋਂ ਗਠਿਤ ਐਸਆਈਟੀ ਨੇ ਇਸ ਮਾਮਲੇ ਵਿੱਚ ਕਥਿਤ ਮਾਸਟਰਮਾਈਂਡ ਅਮੋਲ ਕਾਲੇ ਅਤੇ ਸ਼ੂਟਰ ਪਰਸ਼ੂਰਾਮ ਵਾਘਮਾਰੇ ਸਮੇਤ ਹੋਰਨਾਂ ਲੋਕਾਂ ਨੂੰ ਗਿ੍ਫ਼ਤਾਰ ਕੀਤਾ। ਸਨਾਤਨ ਸੰਸਥਾ ਨੇ ਦਾਅਵਾ ਕੀਤਾ ਹੈ ਕਿ ਗਿ੍ਫ਼ਤਾਰ ਕੀਤੇ ਗਏ ਲੋਕ ਉਨ੍ਹਾਂ ਦੇ ਮੈਂਬਰ ਨਹੀਂ ਹਨ। ਅੱਜ ਇਸ ਸਬੰਧ ਵਿੱਚ ਬੰਗਲੁਰੂ ਵਿੱਚ ਰੈਲੀ ਵੀ ਕੀਤੀ ਗਈ।

 

 

fbbg-image

Latest News
Magazine Archive