ਅਮਰੀਕਾ ਨੇ ਪਾਕਿ ਦੀ ਮਾਲੀ ਮਦਦ ਰੋਕੀ


ਵਾਸ਼ਿੰਗਟਨ - ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 30 ਕਰੋੜ ਅਮਰੀਕੀ ਡਾਲਰ ਦੀ ਸਹਾਇਤਾ ਰੱਦ ਕਰ ਦਿੱਤੀ ਹੈ। ਇਹ ਫੈਸਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਇਸਲਾਮਾਬਾਦ ਅਤਿਵਾਦੀ ਜਥੇਬੰਦੀਆਂ ਵਿਰੁੱਧ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਵਿੱਚ ਨਾਕਾਮ ਰਿਹਾ ਹੈ। ਇਸ ਕਦਮ ਨਾਲ ਅਮਰੀਕਾ ਅਤੇ ਪਾਕਿਸਤਾਨ ਦੇ ਦੁਵੱਲੇ ਸਬੰਧਾਂ ਵਿੱਚ ਨਵਾਂ ਮੋੜ ਆਵੇਗਾ। ਪੈਂਟਾਗਨ ਦੇ ਬੁਲਾਰੇ ਲੈਫਟੀਨੈਂਟ ਕਰਨਲ ਕੋਨ ਫੋਕਨਰ ਨੇ ਸ਼ਨਿਚਰਵਾਰ ਨੂੰ ਇਕ ਬਿਆਨ ਵਿੱਚ ਕਿਹਾ ਕਿ ਦੱਖਣੀ ਏਸ਼ੀਆ ਰਣਨੀਤੀ ਤਹਿਤ ਪਾਕਿਸਤਾਨ ਵੱਲੋਂ ਠੋਸ ਕਾਰਵਾਈ ਨਾ ਕੀਤੇ ਜਾਣ ਕਾਰਨ 30 ਕਰੋੜ ਡਾਲਰ ਦੀ ਰਾਸ਼ੀ ਦੇਣ ਤੋਂ ਇਨਕਾਰ ਕੀਤਾ ਗਿਆ ਹੈ। ਬੀਬੀਸੀ ਦੀ ਰਿਪੋਰਟ ਅਨੁਸਾਰ ਜਨਵਰੀ ਵਿੱਚ ਵਾਸ਼ਿੰਗਟਨ ਵੱਲੋਂ ਇਸਲਾਮਾਬਾਦ ਨੂੰ ਦਿੱਤੀ ਜਾਣ ਵਾਲੀ ਤਕਰੀਬਨ ਸਾਰੀ ਹੀ ਸੁਰੱਖਿਆ ਸਹਾਇਤਾ ’ਤੇ ਕੱਟ ਲਗਾ ਦਿੱਤਾ ਗਿਆ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਦੇ ਪਾਕਿਸਤਾਨ ਦੌਰੇ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਇਹ ਐਲਾਨ ਕੀਤਾ ਗਿਆ ਹੈ। ਪੌਂਪੀਓ ਨੇ ਅਗਲੇ ਹਫ਼ਤੇ ਪਾਕਿਸਤਾਨ ਦੇ ਦੌਰੇ ਮੌਕੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਕਰਨੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਪਾਕਿਸਤਾਨ ਵੱਲੋਂ ਅਤਿਵਾਦੀਆਂ ਦੇ ਆਪਣੀ ਧਰਤੀ ’ਤੇ ਚੱਲਦੇ ਨੈੱਟਵਰਕ ਨੂੰ ਤੋੜਨ ਵਿੱਚ ਨਾਕਾਮ ਰਹਿਣ ’ਤੇ ਇਸਲਾਮਾਬਾਦ ਦੀ ਨਿੰਦਾ ਕੀਤੀ। ਕਰਨਲ ਫੋਕਨਰ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਸਲਾਹ ਤੋਂ ਬਾਅਦ ਇਹ ਨਿਰਣਾ ਲਿਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਅਮਰੀਕਾ ਵਾਰ ਵਾਰ ਪਾਕਿਸਤਾਨ ਦੀ ਮਦਦ ਕਰਦਾ ਰਿਹਾ ਹੈ ਲੇਕਿਨ ਬਦਲੇ ਵਿੱਚ ਉਸ ਨੂੰ ਝੂਠ ਅਤੇ ਧੋਖਾ ਮਿਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਹੱਕਾਨੀ ਨੈੱਟਵਰਕ ਅਤੇ ਅਫ਼ਗਾਨ ਤਾਲਿਬਾਨ ਸੰਗਠਨਾਂ ਵਿਰੁੱਧ ਠੋਸ ਕਾਰਵਾਈ ਨਾ ਕਰਨ ’ਤੇ ਵੀ ਨਿਰਾਸ਼ਾ ਜਤਾਈ। ਮਦਦ ਰੋਕਣ ਦੇ ਫੈਸਲੇ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜੇ ਅਤਿਵਾਦੀ ਸੰਗਠਨਾਂ ਨੂੰ ਲੈ ਕੇ ਪਾਕਿਸਤਾਨ ਆਪਣਾ ਰਵੱਈਆ ਬਦਲਦਾ ਹੈ ਤਾਂ ਉਸ ਨੂੰ ਫਿਰ ਤੋਂ ਮਦਦ ਮਿਲ ਸਕਦੀ ਹੈ। ਵਾਸ਼ਿੰਗਟਨ ਨੂੰ ਲੰਮੇ ਸਮੇਂ ਤੋਂ ਇਹ ਸ਼ਿਕਾਇਤ ਰਹੀ ਹੈ ਕਿ ਪਾਕਿਸਤਾਨ ਦੀ ਧਰਤੀ ਅਤਿਵਾਦੀ ਜਥੇਬੰਦੀਆਂ ਜਿਵੇਂ ਅਫ਼ਗਾਨ ਤਾਲਿਬਾਨ, ਹੱਕਾਨੀ ਨੈੱਟਵਰਕ ਅਤੇ ਅਲ ਕਾਇਦਾ ਲਈ ਸੁਰੱਖਿਅਤ ਠਾਹਰ ਹੈ ਜੋ ਇਨ੍ਹਾਂ ਨੂੰ ਸਰਹੱਦ ਪਾਰ ਅਫ਼ਗਾਨਿਸਤਾਨ ਵਿੱਚ ਹਮਲਾ ਕਰਨ ਦੀ ਇਜਾਜ਼ਤ ਦਿੰਦਾ ਹੈ। ਸਾਲ 2002 ਤੋਂ ਹੁਣ ਤੱਕ ਪਾਕਿਸਤਾਨ ਨੇ ਅਮਰੀਕਾ ਤੋਂ 33 ਅਰਬ ਅਮਰੀਕੀ ਡਾਲਰ ਦੀ ਸਹਾਇਤਾ ਪ੍ਰਾਪਤ ਕੀਤੀ ਹੈ।
ਇਮਰਾਨ ਸਰਕਾਰ ਦੀਆਂ ਵਧਣਗੀਆਂ ਮੁਸ਼ਕਲਾਂ
ਅਮਰੀਕਾ ਦੇ ਇਸ ਕਦਮ ਨਾਲ ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਆਰਥਿਕ ਮੋਰਚਿਆਂ ’ਤੇ ਮੁਸ਼ਕਲਾਂ ਵਧ ਸਕਦੀਆਂ ਹਨ। ਦਰਾਮਦ ਜ਼ਿਆਦਾ ਅਤੇ ਬਰਾਮਦ ਘੱਟ ਹੋਣ ਦੇ ਚਲਦਿਆਂ ਪਾਕਿਸਤਾਨ ਦਾ ਵਿਦੇਸ਼ ਮੁੱਦਰਾ ਭੰਡਾਰ ਲਗਾਤਾਰ ਘੱਟ ਰਿਹਾ ਹੈ। ਮਈ, 2017 ਵਿੱਚ ਪਾਕਿ ਦਾ ਵਿਦੇਸ਼ੀ ਮੁੱਦਰਾ ਭੰਡਾਰ 16.4 ਅਰਬ ਡਾਲਰ ਸੀ ਜੋ ਹੁਣ ਘੱਟ ਕੇ 10 ਅਰਬ ਡਾਲਰ ਤੋਂ ਹੇਠਾਂ ਚਲਾ ਗਿਆ ਹੈ।
ਇਕ ਫੋਨ ਨਾਲ ਸ਼ੁਰੂ ਹੋਇਆ ਵਿਵਾਦ
ਅਮਰੀਕਾ ਅਤੇ ਇਮਰਾਨ ਸਰਕਾਰ ਵਿੱਚ ਵਿਵਾਦ ਦੀ ਸ਼ੁਰੂਆਤ ਇਕ ਫੋਨ ਕਾਲ ਤੋਂ ਹੋਈ। ਦਰਅਸਲ, ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ 23 ਅਗਸਤ ਨੂੰ ਇਮਰਾਨ ਖ਼ਾਨ ਨੂੰ ਫੋਨ ਕੀਤਾ ਸੀ। ਅਮਰੀਕਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗੱਲਬਾਤ ਵਿੱਚ ਅਤਿਵਾਦ ਦੇ ਮੁੱਦੇ ’ਤੇ ਚਰਚਾ ਹੋਈ ਸੀ, ਜਦਕਿ ਪਾਕਿਸਤਾਨ ਦਾ ਕਹਿਣਾ ਹੈ ਕਿ ਫੋਨ ’ਤੇ ਇਸ ਮੁੱਦੇ ’ਤੇ ਕੋਈ ਗੱਲ ਨਹੀਂ ਹੋਈ।

 

 

fbbg-image

Latest News
Magazine Archive