ਵਿਵਸਥਾ ਵਿੱਚ ਅਨੁਸ਼ਾਸਨ ਜ਼ਰੂਰੀ: ਮੋਦੀ


ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਵਸਥਾ ਵਿੱਚ ਅਨੁਸ਼ਾਸਨ ਦੇ ਮਹੱਤਵ ਨੂੰ ਪਹਿਲ ਦਿੰਦਿਆਂ ਕਿਹਾ ਕਿ ਅੱਜ-ਕੱਲ੍ਹ ਅਨੁਸ਼ਾਸਨ ਦੀ ਪਾਲਣਾ ਕਰਨ ਲਈ ਕਹਿਣ ਵਾਲੇ ਨੂੰ ‘ਤਾਨਾਸ਼ਾਹ’ ਕਰਾਰ ਦਿੱਤਾ ਜਾਂਦਾ ਹੈ। ਮੋਦੀ ਨੇ ਐਤਵਾਰ ਨੂੰ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਦੀ ਪੁਸਤਕ ‘ਮੂਵਿੰਗ ਆਨ…ਮੂਵਿੰਗ ਫਾਰਵਰਡ’ ਦੇ ਰਿਲੀਜ਼ ਸਮਾਗਮ ਵਿੱਚ ਉਪ ਰਾਸ਼ਟਰਪਤੀ ਦੀ ਅਨੁਸ਼ਾਸਨ ਪਸੰਦ ਕਾਰਜਸ਼ੈਲੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜ਼ਿੰਮੇਵਾਰੀਆਂ ਦੀ ਪੁੂਰਤੀ ਵਿੱਚ ਸਫ਼ਲਤਾ ਲਈ ਨਿਯਮਬੱਧ ਕਾਰਜਪ੍ਰਣਾਲੀ ਜ਼ਰੂਰੀ ਹੈ। ਵਿਵਸਥਾ ਅਤੇ ਵਿਅਕਤੀ ਦੋਵਾਂ ਲਈ ਇਹ ਗੁਣ ਲਾਭਦਾਇਕ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਵੈਂਕਈਆ ਦੀ ਇਹ ਪੁਸਤਕ ਉਨ੍ਹਾਂ ਦੇ ਇਕ ਸਾਲ ਦੇ ਤਜਰਬੇ ’ਤੇ ਆਧਾਰਤ ਤਾਂ ਹੈ ਹੀ, ਨਾਲ ਹੀ ਉਨ੍ਹਾਂ ਇਸ ਦੇ ਜ਼ਰੀਏ ਇਕ ਸਾਲ ਵਿੱਚ ਕੀਤੇ ਗਏ ਕੰਮਾਂ ਦਾ ਹਿਸਾਬ ਦੇਸ਼ ਅੱਗੇ ਰੱਖਿਆ ਹੈ।
ਇਸੇ ਦੌਰਾਨ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਭਾਰਤੀ ਸੰਸਕਿ੍ਤੀ ਨੂੰ ਵਿਸ਼ਵ ਸੰਸਕਿ੍ਤੀ ਦੱਸਦੇ ਹੋਏ ਕਿਹਾ ਹੈ ਕਿ ਸਾਰਿਆਂ ਦੇ ਕਲਿਆਣ ਅਤੇ ਸੁੱਖ ਦੀ ਕਾਮਨਾ ਕਰਨ ਵਾਲੀ ਸੰਸਕਿ੍ਤੀ ਵਿੱਚ ਧਰਮ, ਜਾਤ ਅਤੇ ਲਿੰਗ ਜਾਂ ਕਿਸੇ ਹੋਰ ਆਧਾਰ ’ਤੇ ਭੇਦਭਾਵ ਕਿਸੇ ਵੀ ਰਾਸ਼ਟਰਵਾਦੀ ਲਈ ਸਵੀਕਾਰਨ ਯੋਗ ਨਹੀਂ ਹੈ। ਨਾਇਡੂ ਨੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਦੇ ਰੂਪ ਵਿੱਚ ਇਕ ਸਾਲ ਦੇ ਕਾਰਜਕਾਲ ਦੇ ਤਜਰਬਿਆਂ ’ਤੇ ਆਧਾਰਤ ਆਪਣੀ ਪੁਸਤਕ ‘ਮੂਵਿੰਗ ਆਨ…ਮੂਵਿੰਗ ਫਾਰਵਰਡ’ ਦੇ ਰਿਲੀਜ਼ ਸਮਾਗਮ ਵਿੱਚ ਕਿਹਾ, ‘‘ਭਾਰਤੀ ਸੰਸਕਿ੍ਤੀ ਵਿਸ਼ਵ ਦੀ ਸਰਵਉੱਚ ਸੰਸਕਿ੍ਤੀ ਹੈ।’’ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ, ਵਿੱਤ ਮੰਤਰੀ ਅਰੁਣ ਜੇਤਲੀ ਅਤੇ ਰਾਜ ਸਭਾ ਵਿੱਚ ਕਾਂਗਰਸ ਦੇ ਉਪ ਨੇਤਾ ਆਨੰਦ ਸ਼ਰਮਾ ਨੇ ਨਾਇਡੂ ਵੱਲੋਂ ਲਿਖੀ ਪੁਸਤਕ ਰਿਲੀਜ਼ ਕੀਤੀ। ਇਸੇ ਦੌਰਾਨ ਸ੍ਰੀ ਨਾਇਡੂ ਨੇ ਸੰਸਦੀ ਪ੍ਰਣਾਲੀ ਦੇ ਉੱਚ ਸਦਨ ਦੇ ਮਹੱਤਵ ਦਾ ਖੁਲਾਸਾ ਕਰਦਿਆਂ ਕਿਹਾ ਕਿ ਇਸ ਦਾ ਵਿਸਤਾਰ ਸੰਸਦ ਤੋਂ ਰਾਜਾਂ ਤੱਕ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਸਾਰੇ ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ ਉੱਚ ਸਦਨ ਦੀ ਲੋੜ ਦੇਖਦੇ ਹੋਏ ਇਕ ਰਾਸ਼ਟਰੀ ਨੀਤੀ ਬਣਾਉਣ ’ਤੇ ਫੈਸਲਾ ਕਰਨ ਦਾ ਇਹ ਸਹੀ ਸਮਾਂ ਹੈ।’’ ਇਸੇ ਦੌਰਾਨ ਉਨ੍ਹਾਂ ਰਾਜ ਸਭਾ ਵਿੱਚ ਰੌਲੇ ਤੋਂ ਸੰਸਦ ਦੀ ਕਾਰਵਾਈ ਵਿੱਚ ਪੈਂਦੇ ਵਿਘਨ ਸਬੰਧੀ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਕੀਤੀ।

 

Latest News
Magazine Archive