ਨੋਟਬੰਦੀ ’ਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਘੇਰਿਆ


ਨਵੀਂ ਦਿੱਲੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਨੋਟਬੰਦੀ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹ ਦੱਸਣ ਕਿ ਆਖਰ ਕਾਹਦੀ ਖਾਤਰ ਉਨ੍ਹਾਂ ਲੋਕਾਂ ਨੂੰ ਇੰਨੀ ਵੱਡੀ ਬਿਪਤਾ ਵਿੱਚ ਪਾਇਆ ਸੀ ਜਦਕਿ ਬੇਰੁਜ਼ਗਾਰੀ ਜਿਹੀਆਂ ਸਮੱਸਿਆਵਾਂ ਜਿਉਂ ਦੀ ਤਿਉਂ ਮੂੰਹ ਅੱਡੀ ਖੜੀਆਂ ਹਨ।
ਸ੍ਰੀ ਗਾਂਧੀ ਨੇ ਨੋਟਬੰਦੀ ਨੂੰ ਦੇਸ਼ ਦਾ ਸਭ ਤੋਂ ਵੱਡਾ ਘੁਟਾਲਾ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਲੋਕਾਂ ਤੋਂ ਧਨ ਲੈ ਕੇ ਆਪਣੇ ਲਾਡਲੇ ਪੂੰਜੀਪਤੀਆਂ ਨੂੰ ਸੌਂਪ ਦਿੱਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੂੰ ਇਹ ਜਵਾਬ ਦੇਣਾ ਚਾਹੀਦਾ ਹੈ ਕਿ ਆਖਰ ਉਨ੍ਹਾਂ ਨੋਟਬੰਦੀ ਜਿਹਾ ਗਹਿਰਾ ਫੱਟ ਕਿਉਂ ਦਿੱਤਾ ਸੀ ਜਦਕਿ ਵਧਦੀ ਬੇਰੁਜ਼ਗਾਰੀ ਤੇ ਆਰਥਿਕ ਵਿਕਾਸ ਵਿੱਚ ਖੜੋਤ ਦੇ ਮਸਲੇ ਜਿਉਂ ਦੇ ਤਿਉਂ ਖੜ੍ਹੇ ਹਨ। ਉਨ੍ਹਾਂ ਕਿਹਾ, ‘‘ ਨੋਟਬੰਦੀ ਕੋਈ ਆਮ ਭੁੱਲ ਨਹੀਂ ਸੀ ਸਗੋਂ ਤੁਹਾਡੇ (ਭਾਰਤ ਦੇ ਅਵਾਮ) ’ਤੇ ਹਮਲਾ ਸੀ। ਮਨਸ਼ਾ ਇਹ ਸੀ ਕਿ ਆਮ ਲੋਕਾਂ ਤੋਂ ਉਨ੍ਹਾਂ ਦਾ ਪੈਸਾ ਖੋਹ ਕੇ ਆਪਣੇ 15-20 ਲਾਡਲੇ ਪੂੰਜੀਪਤੀਆਂ ਨੂੰ ਸੌਂਪ ਦਿੱਤਾ ਜਾਵੇ।’’ ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਸਹੀ ਕਹਿੰਦੇ ਹਨ ਕਿ ਉਨ੍ਹਾਂ ਜੋ ਕੀਤਾ ਉਹ 70 ਸਾਲਾਂ ਵਿੱਚ ਕਿਸੇ ਨੇ ਨਹੀਂ ਕੀਤਾ। ਨੋਟਬੰਦੀ ਗ਼ਰੀਬ ਜਨਤਾ ਦੀ ਲੁੱਟ ਤੇ ਅਮੀਰਾਂ ਦੇ ਖੀਸੇ ਭਰਨ ਦੀ ਮਿਸਾਲ ਹੈ।
ਇਸੇ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਰਾਫਾਲ ਲੜਾਕੂ ਜਹਾਜ਼ 520 ਕਰੋੜ ਰੁਪਏ ਦਾ ਵੇਚਿਆ ਜਾ ਰਿਹਾ ਸੀ ਪਰ ਮੋਦੀ ਸਰਕਾਰ ਇਹ 1600 ਕਰੋੜ ਰੁਪਏ ਦੇ ਭਾਅ ਖਰੀਦ ਰਹੀ ਹੈ। ਸਰਕਾਰ ਦੱਸੇ ਕਿ ਇਸ ਨਾਲ ਕਿੰਨ੍ਹਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ। ਭਾਰਤ ਤੇ ਫਰਾਂਸ ਨੇ 23 ਸਤੰਬਰ 2016 ਨੂੰ 36 ਰਾਫਾਲ ਜਹਾਜ਼ਾਂ ਦੀ ਖਰੀਦ ਲਈ ਕਰੀਬ 59000 ਕਰੋੜ ਰੁਪਏ ਦਾ ਸਮਝੌਤਾ ਕੀਤਾ ਸੀ।
ਟੈਕਸ ਉਗਰਾਹੀ ਸੀ ਨੋਟਬੰਦੀ ਦਾ ਮੁੱਖ ਮਨੋਰਥ: ਜੇਤਲੀ
ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਆਖਿਆ ਕਿ 500/1000 ਰੁਪਏ ਦੀ ਕਰੰਸੀ ਦੀ ਨੋਟਬੰਦੀ ਕਾਰਨ ਅਰਥਚਾਰੇ ਵਿੱਚ ਬਾਕਾਇਦਗੀ ਆਈ ਹੈ, ਟੈਕਸ ਉਗਰਾਹੀ ਵਧੀ ਹੈ ਤੇ ਵਿਕਾਸ ਦਰ ਨੂੰ ਹੁਲਾਰਾ ਮਿਲਿਆ ਹੈ।
ਆਰਬੀਆਈ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਅੰਕੜਿਆਂ ਵਿੱਚ ਕਿਹਾ ਗਿਆ ਹੈ ਕਿ ਨੋਟਬੰਦੀ ਤੋਂ ਬਾਅਦ ਉਸ ਕੋਲ 500 ਤੇ 1000 ਰੁਪਏ ਦੇ 99.3 ਫ਼ੀਸਦ ਨੋਟ ਜਮ੍ਹਾਂ ਹੋ ਚੁੱਕੇ ਹਨ। ਸ੍ਰੀ ਜੇਤਲੀ ਨੇ ਇਕ ਬਲੌਗ ਵਿੱਚ ਆਖਿਆ ‘‘ ਆਮ ਤੌਰ ’ਤੇ ਕਿਹਾ ਜਾ ਰਿਹਾ ਹੈ ਕਿ ਜ਼ਿਆਦਾਤਰ ਨੋਟ ਬੈਂਕਾਂ ਕੋਲ ਵਾਪਸ ਆ ਗਏ ਹਨ ਜਿਸ ਕਰ ਕੇ ਨੋਟਬੰਦੀ ਦਾ ਮਨੋਰਥ ਨਾਕਾਮ ਹੋ ਗਿਆ ਹੈ ਪਰ ਅਜਿਹਾ ਨਹੀਂ ਹੈ। ਇਹ ਨੋਟਬੰਦੀ ਦਾ ਇਕ ਮਾਤਰ ਉਦੇਸ਼ ਨਹੀਂ ਸੀ।’’ ਉਨ੍ਹਾਂ ਆਖਿਆ ਕਿ ਨੋਟਬੰਦੀ ਦਾ ਵਡੇਰਾ ਮਨੋਰਥ ਭਾਰਤ ਨੂੰ ਇਕ ਟੈਕਸ ਗ਼ੈਰ-ਪਾਲਕ ਸਮਾਜ ਤੋਂ ਟੈਕਸ ਪਾਲਕ ਸਮਾਜ ਵਿੱਚ ਤਬਦੀਲ ਕਰਨਾ ਸੀ। ਇਸ ਦੇ ਨਾਲ ਹੀ ਅਰਥਚਾਰੇ ਨੂੰ ਰਸਮੀ ਰੂਪ ਦੇਣਾ ਤੇ ਕਾਲੇ ਧਨ ’ਤੇ ਸੱਟ ਮਾਰਨਾ ਵੀ ਇਸ ਦਾ ਉਦੇਸ਼ ਸੀ।
ਸ੍ਰੀ ਜੇਤਲੀ ਨੇ ਕਿਹਾ ਕਿ ਨੋਟਬੰਦੀ ਤੋਂ ਦੋ ਸਾਲ ਪਹਿਲਾਂ ਆਮਦਨ ਕਰ ਉਗਰਾਹੀਆਂ ਦੀ ਦਰ 6.6 ਫ਼ੀਸਦ ਤੇ 9 ਫ਼ੀਸਦ ਸੀ ਜਦਕਿ ਨੋਟਬੰਦੀ ਤੋਂ ਬਾਅਦ ਦੋ ਸਾਲਾਂ ਵਿੱਚ ਇਹ ਦਰ ਵਧ ਕੇ 15 ਫ਼ੀਸਦ ਤੇ 18 ਫ਼ੀਸਦ ਹੋ ਗਈ। ਵਿੱਤ ਮੰਤਰੀ ਨੇ ਰਾਫਾਲ ਖਰੀਦ ਦੇ ਮੁੱਦੇ ’ਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਖਰੀਦੇ ਜਾ ਰਹੇ ਹਥਿਆਰਬੰਦ ਲੜਾਕੂ ਜਹਾਜ਼ 20 ਫ਼ੀਸਦ ਘੱਟ ਕੀਮਤ ’ਤੇ ਖਰੀਦੇ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਫਰਾਂਸ ਵੱਲੋਂ 2007 ਵਿੱਚ ਜੋ ਪੇਸ਼ਕਸ਼ ਕੀਤੀ ਗਈ ਸੀ ਉਸ ਨਾਲੋਂ 20 ਫ਼ੀਸਦ ਘੱਟ ਕੀਮਤ ’ਤੇ 2016 ਵਿੱਚ ਖਰੀਦ ਸਿਰੇ ਚੜ੍ਹੀ ਸੀ।

 

 

fbbg-image

Latest News
Magazine Archive